ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਉਂਦੀਆਂ ਇਨਕਲਾਬੀ ਬੋਲੀਆਂ ਪਾ ਕੇ ਸੰਘਰਸ਼ੀ ਤੀਆਂ ਮਨਾਈਆਂ

 ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਉਂਦੀਆਂ ਇਨਕਲਾਬੀ ਬੋਲੀਆਂ ਪਾ ਕੇ ਸੰਘਰਸ਼ੀ ਤੀਆਂ ਮਨਾਈਆਂ


15 ਅਗਸਤ ਨੂੰ ਪਟਿਆਲਾ ਵਿਖੇ ਮੋਤੀ-ਮਹਿਲ ਦੇ ਘਿਰਾਓ ਦਾ ਐਲਾਨ


ਸੰਘਰਸ਼ ਨੇ ਘੜ੍ਹੀਆਂ ਨਵੀਆਂ ਬੋਲੀਆਂ :-


ਪੜ੍ਹ ਲਿਖ ਕੇ ਜੋ ਲਈਆਂ ਡਿਗਰੀਆਂ,

ਕਿਹੜੇ ਖੂਹ ਵਿੱਚ ਪਾਈਏ। 

ਕੈਪਟਨ ਚੰਦਰੇ ਦੇ, ਤੱਤਾ ਖੁਰਚਣਾ ਲਾਈਏ।


ਦਲਜੀਤ ਕੌਰ ਭਵਾਨੀਗੜ੍ਹ


ਸੰਗਰੂਰ,10 ਅਗਸਤ 2021: ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪਿਛਲੇ 222 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਉਂਦੀਆਂ ਇਨਕਲਾਬੀ ਸੰਘਰਸ਼ੀ ਬੋਲੀਆਂ ਪਾਂ ਕੇ ਅਨੋਖੇ ਤਰੀਕੇ ਨਾਲ ਵਿਰੋਧ ਕੀਤਾ। ਇਸ ਉਪਰੰਤ ਸਿੱਖਿਆ ਮੰਤਰੀ ਦੇ ਹਲਕੇ ਦੇ ਪਿੰਡਾਂ ਥਲੇਸਾਂ, ਗੁਰਦਾਸਪੁਰਾ, ਨਾਨਕਿਆਣਾ ਸਾਹਿਬ ਅਤੇ ਮੰਗਵਾਲ ਆਦਿ ਪਿੰਡਾਂ ਵਿਚ ਜਾ ਕੇ ਭੰਡੀ ਪ੍ਰਚਾਰ ਕੀਤਾ।


ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਸਿੰਘ ਝੁਨੀਰ, ਗਗਨਦੀਪ ਕੌਰ ਆਦਿ ਨੇ ਕਿਹਾ ਕਿ ਕਾਂਗਰਸ ਸਰਕਾਰ ਲਗਾਤਾਰ ਟਾਲਾ ਵੱਟ ਰਹੀ ਹੈ। ਸਿੱਖਿਆ ਮੰਤਰੀ ਲਗਾਤਾਰ ਆਪਣੀ ਕੋਠੀ ਵਿਚੋਂ ਗਾਇਬ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਾ ਹੈ ਅਤੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਆਉਣ ਵਾਲੀ 15 ਅਗਸਤ ਨੂੰ ਪਟਿਆਲਾ ਵਿਖੇ ਮੋਤੀ-ਮਹਿਲ ਦੇ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਗਿੱਲ, ਬਲਕਾਰ ਸਿੰਘ ਮਘਾਨੀਆਂ, ਜਗਜੀਤ ਸਿੰਘ ਜੱਗੀ ਜੋਧਪੁਰ, ਅਵਤਾਰ ਸਿੰਘ ਭੁੱਲਰ ਹੇੜੀ, ਗੁਰਪ੍ਰੀਤ ਸਿੰਘ ਲਾਲਿਆਂ ਵਾਲੀ, ਮਨਪ੍ਰੀਤ ਸਿੰਘ ਬੋਹਾ, ਹਰਦੀਪ ਕੌਰ, ਕਿਰਨ ਕੌਰ ਈਸੜਾ ਆਦਿ ਹਾਜ਼ਰ ਸਨ।


ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ  ਅੱਜ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਗੇਟ ਉੱਤੇ ਪਾਈਆਂ ਗਈਆਂ ਬੋਲੀਆਂ:


ਪੜ੍ਹ ਲਿਖ ਕੇ ਜੋ ਲਈਆਂ ਡਿਗਰੀਆਂ,

ਕਿਹੜੇ ਖੂਹ ਵਿੱਚ ਪਾਈਏ।

ਕੈਪਟਨ ਚੰਦਰੇ ਦੇ,

ਤੱਤਾ ਖੁਰਚਣਾ ਲਾਈਏ।


ਗੱਲ ਨਾ ਸੁਣਦਾ ਸਿੱਖਿਆ ਮੰਤਰੀ

ਜ਼ੋਰ ਬਥੇਰਾ ਲਾਇਆ

ਬੇਰੁਜ਼ਗਾਰਾਂ ਨੇ ਦਰ 'ਤੇ ਸੱਥਰ ਵਿਛਾਇਆ।


ਆਉਣ ਜਾਣ ਨੂੰ ਨੌਂ ਦਰਵਾਜ਼ੇ,

ਖਿਸਕ ਜਾਣ ਨੂੰ ਮੋਰੀ।

ਚੱਕ ਲੋ ਸਿੰਗਲੇ ਨੂੰ,

ਨਾ ਡਾਕਾ ਨਾ ਚੋਰੀ।


ਕੇਰਾਂ ਹੂੰ ਕਰਕੇ, ਕੇਰਾਂ ਹਾਂ ਕਰਕੇ

ਨਾਹਰਾ ਹੱਕਾਂ ਲਈ ਲਗਾ ਦੇ

ਲੰਮੀ ਬਾਂਹ ਕਰਕੇ।


ਬਾਰੀਂ ਬਰਸੀਂ ਖੱਟਣ ਗਿਆ ਸੀ,

ਖੱਟ ਕੇ ਲਿਆਂਦਾ ਰਾਇਆ।

ਸੁੱਤਿਆ ਤੂੰ ਜਾਗ ਸਿੰਗਲੇ

ਤੇਰੇ ਦਰ 'ਤੇ ਮੋਰਚਾ ਲਾਇਆ।


ਆਰੀ! ਆਰੀ! ਆਰੀ!

ਹਾਕਮੋ ਸ਼ਰਮ ਕਰੋ,

ਵਧ ਗਈ ਬੇਰੁਜ਼ਗਾਰੀ।


ਤੇਰੀ ਪਾਰਟੀ ਨੂੰ ਅੱਗ ਲੱਗ ਜਾਵੇ

ਨੌਕਰੀ ਨਾ ਦੇਵੇ ਰਾਜਿਆ।


ਤੇਰੀ ਜੀਭ 'ਤੇ ਭਰਿੰਡ ਲੜ ਜਾਵੇ,

ਝੂਠੀ ਸੌਂਹ ਖਾਣ ਵਾਲ਼ਿਆ।


ਵਗਦੀ ਨਦੀ ਦੇ ਵਿੱਚ

ਸੁੱਟਦੀ ਸੀ ਗੋਲ਼ੀਆਂ।

ਕਾਹਦੀਆਂ ਨੇ ਤੀਆਂ

ਧੀਆਂ ਸੜਕਾਂ 'ਤੇ ਰੋਲ਼ੀਆਂ।


ਕਦੇ ਆਇਆ ਕਰੋ, ਕਦੇ ਜਾਇਆ ਕਰੋ 

ਸਾਰੇ ਮੋਰਚੇ 'ਤੇ ਹਾਜ਼ਰੀ ਲਗਾਇਆ ਕਰੋ।



ਬੇਰੁਜ਼ਗਾਰ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਤੇ ਇਨਕਲਾਬੀ ਬੋਲੀਆਂ ਪਾ ਕੇ ਸੰਘਰਸ਼ੀ ਤੀਆਂ ਮਨਾਉਂਦੇ ਹੋਏ ਅਤੇ ਸਿੱਖਿਆ ਮੰਤਰੀ ਦੇ ਹਲਕੇ ਦੇ ਪਿੰਡਾਂ ਥਲੇਸਾਂ, ਗੁਰਦਾਸਪੁਰਾ, ਨਾਨਕਿਆਣਾ ਸਾਹਿਬ ਅਤੇ ਮੰਗਵਾਲ ਆਦਿ ਪਿੰਡਾਂ ਵਿਚ ਜਾ ਕੇ ਭੰਡੀ ਪ੍ਰਚਾਰ ਕਰਦੇ ਹੋਏ

Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends