ਚੰਡੀਗੜ੍ਹ:
ਮੁਲਾਜ਼ਮ ਜਥੇਬੰਦੀਆਂ ਅਤੇ ਸਰਕਾਰ ਦੇ ਵਿਚਾਲੇ ਅੱਜ ਮੀਟਿੰਗ ਹੋਈ, ਜੋ ਕਿ ਬੇਸਿੱਟਾ ਰਹੀ। ਜੋ ਮੰਗਾਂ ਮੁਲਾਜ਼ਮ ਜਥੇਬੰਦੀ ਦੇ ਵੱਲੋਂ ਸਰਕਾਰ ਦੇ ਅੱਗੇ ਰੱਖੀਆਂ ਗਈਆਂ, ਉਨ੍ਹਾਂ ਮੰਗਾਂ ਨੂੰ ਮੰਨਣ ਤੋਂ ਸਰਕਾਰ ਨੇ ਕਿਨਾਰਾ ਕਰ ਲਿਆ। ਜਿਸ ਦੇ ਕਾਰਨ ਮੁਲਾਜ਼ਮਾਂ ਨੂੰ ਮੀਟਿੰਗ ਵਿੱਚੇ ਛੱਡ ਕੇ ਆਉਣੀ ਪਈ।
ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਜੋ ਪ੍ਰਪੋਜਲ ਸਰਕਾਰ ਦੇ ਵੱਲੋਂ ਪਿਛਲੀ ਮੀਟਿੰਗ ਵਿੱਚ ਦਿੱਤੀ ਗਈ ਸੀ ਕਿ, ਉਹੀ ਪ੍ਰਪੋਜਲ ਨੂੰ ਅੱਜ ਸਰਕਾਰ ਨੇ ਪੇਸ਼ ਕੀਤਾ, ਪਰ ਮੁਲਾਜ਼ਮਾਂ ਨੇ ਉਕਤ ਪ੍ਰਪੋਜਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਸਰਕਾਰ ਨੇ 15 ਫ਼ੀਸਦੀ ਵਾਧੇ ਦੀ ਗੱਲ ਕੀਤੀ ਸੀ, ਜਦੋਂਕਿ ਮੁਲਾਜ਼ਮਾਂ ਨੇ 20 ਫ਼ੀਸਦੀ ਮੰਗ ਕੀਤੀ।
ਸਰਕਾਰ ਨੇ ਪਿਛਲੇ ਫੈਸਲੇ ਨੂੰ ਧੱਕੇ ਨਾਲ ਥੋਪਣ ਦੀ ਕੋਸ਼ਿਸ਼ ਕੀਤੀ। ਆਗੂਆਂ ਨੇ ਕਿਹਾ ਕਿ ਜਦੋਂ ਸਾਂਝੇ ਫਰੰਟ ਵੱਲੋਂ ਕੱਚੇ ਮੁਲਾਜ਼ਮਾਂ, ਮਾਣ ਭੱਤੇ ਵਾਲੇ ਵਰਕਰਾਂ ਦੀ ਗੱਲ ਕੀਤੀ ਗਈ ਤਾਂ ਮੰਤਰੀਆਂ ਦੀ ਸਬ ਕਮੇਟੀ ਵੱਲੋਂ ਕਿਹਾ ਗਿਆ ਕਿ ਅਸੀਂ ਸਿਰਫ ਪੇਅ ਕਮਿਸ਼ਨ ਦੀ ਗੱਲ ਕਰਨੀ ਹੈ, ਇਹ ਤਾਂ ਗੱਲ ਹੀ ਨਹੀਂ ਹੈ।
ਪਰ ਮੁਲਾਜ਼ਮ ਆਗੂ ਸਾਰੇ ਮੁਲਾਜ਼ਮਾਂ ਦੀ ਗੱਲ ਕਰਨ ਉਤੇ ਅੜੇ ਰਹੇ। ਆਗੂਆਂ ਨੇ ਕਿਹਾ ਕਿ ਇਸ ਤੋਂ ਬਾਅਦ ਸਰਕਾਰ ਮੀਟਿੰਗ ਤੋਂ ਵਾਕਆਊਟ ਕਰਕੇ ਚਲੀ ਗਈ। ਮੁਲਾਜ਼ਮ ਆਗੂਆਂ ਸਤੀਸ਼ ਰਾਣਾ ਅਤੇ ਜਰਮਨਜੀਤ ਨੇ ਕਿਹਾ ਕਿ ਸਰਕਾਰ ਵਿਰੁੱਧ 13 ਅਗਸਤ ਨੂੰ ਤਹਿਸੀਲ ਕੇਂਦਰਾਂ ਉਤੇ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਅਤੇ 20 ਤਾਰੀਕ ਨੂੰ ਜ਼ਿਲ੍ਹਾ ਕੇਂਦਰਾਂ ਉਤੇ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਘੇਰਾਓ ਕੀਤਾ ਜਾਵੇਗਾ।