ਪੀ.ਡਬਲਿਯੂ.ਡੀ. ਦੀਆਂ ਵੱਖ-ਵੱਖ ਵਿੰਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਕੈਪਟਨ ਦੇ ਮੋਤੀ ਮਹਿਲ ਵੱਲ ਰੋਸ਼ ਮਾਰਚ
ਤਨਖ਼ਾਹ ਕਮਿਸ਼ਨ ਵਿੱਚ ਇਨਸਾਫ਼ ਕਰਨ, ਸਾਰੇ ਵਿਭਾਗਾਂ ਵਿੱਚ ਠੇਕੇ ਤੇ ਕੰਮ ਕਰਦੇ, ਐਡਹਾਕ, ਇੰਨਲਿਸਟਮੈਂਟ, ਕੰਟਰੈਕਟ ਸਮੇਤ ਹਰ ਕਿਸਮ ਦੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੀ ਮੰਗ
ਦਲਜੀਤ ਕੌਰ ਭਵਾਨੀਗੜ੍ਹ
ਪਟਿਆਲਾ, 18 ਅਗਸਤ 2021: ਪਟਿਆਲਾ ਪੀ.ਡਬਲਿਯੂ. ਡੀ. ਜਲ ਸਪਲਾਈ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਤੇ ਪੀ.ਡਬਲਿਯੂ.ਡੀ. ਦੇ ਵੱਖ-ਵੱਖ ਵਿੰਗਾਂ ਦੀਆਂ ਮੁਲਾਜਮ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਸਥਾਨਕ ਬਸ ਸਟੈਂਡ ਪਟਿਆਲਾ ਵਿਖੇ ਸੂਬਾ ਪੱਧਰੀ ਰੋਸ਼ ਧਰਨਾ ਦਿੱਤਾ ਗਿਆ। ਇਸ ਧਰਨੇ ਉਪਰੰਤ ਕੈਪਟਨ ਦੇ ਮਹਿਲਾਂ ਵੱਲ ਰੋਸ ਮਾਰਚ ਕੀਤਾ ਗਿਆ।
ਇਸ ਰੋਸ਼ ਪ੍ਰਦਰਸਨ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਵਹਿਦਪੁਰੀ, ਅਨਿਲ ਕੁਮਾਰ ਬਰਨਾਲਾ, ਸਤਪਾਲ ਸੈਣੀ, ਬਲਰਾਜ ਮੌੜ, ਸੁਖਦੇਵ ਸਿੰਘ ਸੈਣੀ, ਸਿਸਨ ਕੁਮਾਰ, ਮਨਜੀਤ ਸਿੰਘ ਸੰਗਤਪੁਰਾ, ਵਰਿੰਦਰ ਮੋਮੀ, ਸੰਦੀਪ ਕੁਮਾਰ ਨੇ ਕਿਹਾ ਕਿ ਅੱਜ ਪੰਦਰਾਂ ਸਾਲ ਬਾਅਦ ਪੰਜਾਬ ਸਰਕਾਰ ਵੱਲੋਂ ਜੋ ਤਰੁੱਟੀਆਂ ਭਰਭੂਰ ਪੇਅ ਕਮਿਸ਼ਨ ਦਿੱਤਾ ਜਾ ਰਿਹਾ ਹੈ, ਉਸ ਵਿੱਚ ਜਲ ਸਪਲਾਈ, ਜਲ ਸਰੋਤ, ਭਵਨ ਤੇ ਮਾਰਗ, ਸੀਵਰੇਜ ਬੋਰਡ ਅਤੇ ਪੁੱਡਾ ਅਧੀਨ ਕੰਮ ਕਰਦੇ ਦਰਜ਼ਾ ਤਿੰਨ ਤਕਨੀਸ਼ੀਅਨ ਮੁਲਾਜਮਾਂ ਨਾਲ ਇਸ ਪੇਅ ਕਮਿਸ਼ਨ ਵਲੋਂ ਵੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਹਿਲੇ ਪੇਅ ਕਮਿਸ਼ਨ ਤੋਂ ਲੈ ਕੇ ਪੰਜਵੇਂ ਪੇਅ ਕਮਿਸ਼ਨ ਤੱਕ ਪੰਜਾਬ ਸਰਕਾਰ ਦੇ ਪਟਵਾਰੀ, ਪੰਚਾਇਤ ਸਕੱਤਰ, ਜੇ.ਬੀ.ਟੀ. ਟੀਚਰ, ਫੋਰੈਸਟ ਗਾਰਡ, ਗ੍ਰਾਂਮ ਸੇਵਕ ਕਲਰਕ, ਬਿੱਲ ਕਲਰਕ ਅਤੇ ਤਕਨੀਸ਼ੀਅਨ ਕਾਡਰ ਦੀ ਪੇਅ ਪੈਰਿਟੀ ਬਰਾਬਰ ਰੱਖੀ ਗਈ ਸੀ, ਪਰੰਤੂ ਦਸੰਬਰ 2011 ਦੀ ਮੰਤਰੀਆਂ ਦੀ ਅਨਾਮਲੀ ਕਮੇਟੀ ਵੱਲੋਂ ਜੋ ਨੋਟੀਫਿਕੇਸ਼ਨ ਕੀਤਾ ਗਿਆ ਉਸ ਵਿੱਚ ਤਕਨੀਸ਼ੀਅਨ ਕਾਡਰ ਨੂੰ ਛੱਡ ਕੇ ਬਾਕੀ ਕੈਟਾਗਰੀਆਂ ਨੂੰ 10300-34800 & 3200 ਦਾ ਪੇਅ ਸਕੇਲ ਪੀ.ਬੀ. ਬੈਡ 3 ਵਿੱਚ ਤਬਦੀਲ ਕਰ ਦਿੱਤਾ। ਜਿਸ ਨਾਲ ਤਕਨੀਸ਼ੀਅਨ ਕੇਡਰ ਦਸਵੀਂ 2 ਸਾਲ ਆਈ.ਟੀ.ਆਈ. ਉੱਚ ਯੋਗਤਾ ਹੋਣ ਦੇ ਬਾਵਜੂਦ ਇਸ ਬੇਇਨਸਾਫੀ ਦਾ ਸ਼ਿਕਾਰ ਹੋ ਗਿਆ। ਇਹ ਬੇਇਨਸਾਫੀ ਹੁਣ ਵੀ ਛੇਵੇਂ ਪੇਅ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ 'ਚ ਮੰਗ ਕੀਤੀ ਕਿ 31 ਦਸੰਬਰ 2015 ਤੱਕ ਨੋਸਲੀ ਆਧਾਰ ਤੇ ਤਕਨੀਸ਼ੀਅਨ ਮੁਲਾਜ਼ਮ ਦੀ ਤਨਖਾਹ ਪੀ.ਬੀ.ਐਡ 3 ਵਿੱਚ 10300-34800-3200 ਵਿੱਚ ਫਿਕਸ ਕਰਕੇ ਇਸ ਤੋਂ ਅੱਗੇ ਵੱਧ ਕੇ ਸਰਕਾਰ ਕੋਈ ਫੈਕਟਰ ਦੇਵੇ, ਜਲ ਸਪਲਾਈ ਵਿਭਾਗ ਤੇ ਹੋਰ ਵਿਭਾਗਾਂ ਵਿੱਚ ਠੇਕੇ ਤੇ ਕੰਮ ਕਰਦੇ, ਐਡਹਾਕ, ਇੰਨਲਿਸਟਮੈਂਟ, ਥਰੂ ਕੰਟਰੈਕਟ ਸਮੇਤ ਹਰ ਕਿਸਮ ਦੇ ਕੱਚੇ ਕਾਮੇ ਪੱਕੇ ਕੀਤੇ ਜਾਣ। ਸੀਵਰੇਜ ਬੋਰਡ ਵਿੱਚ ਪੈਨਸ਼ਨ ਚਾਲੂ ਕੀਤੀ ਜਾਵੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਖਾਲੀ ਪਈਆਂ ਅਸਾਮੀਆਂ ਤੇ ਨਵੀਂ ਭਰਤੀ ਚਾਲੂ ਕੀਤੀ ਜਾਵੇ। ਤਿੰਨ ਸਾਲ ਪ੍ਰੋਬੇਸ਼ਨ ਪੀਰੀਅਡ ਦੀ ਸ਼ਰਤ ਬੰਦ ਕਰਕੇ ਪੂਰੇ ਸਕੇਲ ਤੇ ਭੱਤਿਆਂ ਸਮੇਤ ਤਨਖਾਹ ਦਿੱਤੀ ਜਾਵੇ। ਇਸ ਤੋਂ ਇਲਾਵਾ ਦਰਜਾ ਚਾਰ ਦੀ ਘੱਟੋ-ਘੱਟ ਤਨਖਾਹ 15ਵੀਂ ਅੰਤਰ ਰਾਸ਼ਟਰੀ ਲੇਬਰ ਕਾਨਫਰੰਸ ਅਨੁਸਾਰ 26000/ ਰੁਪਏ ਪ੍ਰਤੀ ਮਹੀਨਾ ਫਿਕਸ ਕੀਤੀ ਜਾਵੇ।
ਅੱਜ ਦੇ ਇਸ ਰੋਸ ਮੁਜਾਹਰੇ ਵਿੱਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐਮ.ਐੱਫ) ਪੰਜਾਬ ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ, ਮਹਿਮਾ ਸਿੰਘ ਧਨੌਲਾ, ਦਰਸਨ ਸਿੰਘ ਬੇਲੂਮਾਜਰਾ, ਗੁਰਚਰਨ ਸਿੰਘ ਅਕੋਈ ਸਾਹਿਬ, ਗੁਰਵਿੰਦਰ ਖਮਾਣੋ, ਕੁਲਵੀਰ ਸੈਦਖੇੜੀ, ਹਾਕਮ ਧਨੇਠਾ, ਕੁਲਦੀਪ ਬੁਢੇਵਾਲ, ਜਸਮੇਲ ਅਤਲਾ ਆਦਿ ਨੇ ਵੀ ਸੰਬੋਧਨ ਕੀਤਾ।
ਪੀ.ਡਬਲਿਯੂ.ਡੀ. ਦੀਆਂ ਵੱਖ-ਵੱਖ ਵਿੰਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਪਟਿਆਲਾ ਵਿਖੇ ਰੋਸ਼ ਪ੍ਰਦਰਸਨ ਅਤੇ ਕੈਪਟਨ ਦੇ ਮੋਤੀ ਮਹਿਲ ਵੱਲ ਰੋਸ਼ ਮਾਰਚ ਕਰਦੇ ਹੋਏ |