ਬੇਰੁਜ਼ਗਾਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਮੁੜ ਦਿੱਤੇ ਲਾਰਿਆਂ ਤੋਂ ਖ਼ਫ਼ਾ ਹੋਏ ਬੇਰੁਜ਼ਗਾਰ ਅਧਿਆਪਕ
ਬੇਰੁਜ਼ਗਾਰਾਂ ਵੱਲੋਂ ਸਿੱਖਿਆ ਮੰਤਰੀ ਨੂੰ ਹੁਣ ਹਰ ਮੋੜ 'ਤੇ ਘੇਰਣ ਦਾ ਐਲਾਨ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ 18 ਅਗਸਤ 2021: ਸਿੱਖਿਆ ਮਹਿਕਮੇ ਵਿੱਚ ਅਧਿਆਪਕਾਂ ਦੀ ਭਰਤੀ ਦੀ ਆਸ ਲੈ ਕੇ ਸਿਵਲ ਸਕੱਤਰੇਤ ਵਿਖੇ ਸਿੱਖਿਆ ਮੰਤਰੀ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਪੈਨਲ ਮੀਟਿੰਗ ਕਰਨ ਪਹੁੰਚੇ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਨੇ ਮੁੜ ਲਾਰਾ ਦਿੱਤਾ ਹੈ।
ਬੇਰੁਜ਼ਗਾਰ ਮੋਰਚੇ ਦੇ ਆਗੂਆਂ ਸੁਖਵਿੰਦਰ ਢਿੱਲਵਾਂ, ਕ੍ਰਿਸ਼ਨ ਨਾਭਾ, ਹਰਜਿੰਦਰ ਝੁਨੀਰ, ਹਰਦੀਪ ਸਿੰਘ ਆਦਿ ਨੇ ਦੱਸਿਆ ਕਿ 15 ਅਗਸਤ ਨੂੰ ਸੰਗਰੂਰ ਸਿੱਖਿਆ ਮੰਤਰੀ ਦੇ ਘਿਰਾਓ ਮੌਕੇ ਜ਼ਿਲ੍ਹਾ ਸੰਗਰੂਰ ਦੇ ਪ੍ਰਸ਼ਾਸਨ ਵੱਲੋਂ 'ਬੇਰੁਜ਼ਗਾਰ ਸਾਂਝਾ ਮੋਰਚਾ' ਦੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਅੱਜ ਦੀ ਪੈੱਨਲ ਮੀਟਿੰਗ ਤੈਅ ਕਰਵਾਈ ਸੀ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਤੋਂ ਬੇਰੁਜ਼ਗਾਰਾਂ ਨੂੰ ਉਮਰ ਹੱਦ ਛੋਟ ਤੇ ਭਰਤੀ ਦੀ ਪੂਰਨ ਉਮੀਦ ਸੀ ਪ੍ਰੰਤੂ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਮਰ ਹੱਦ ਛੋਟ ਸੰਬੰਧੀ ਕੈਬਨਿਟ ਮੀਟਿੰਗ ਵਿੱਚ ਭੇਜਿਆ ਏਜੰਡਾ ਇੱਕ ਵਾਰ ਰੱਦ ਹੋ ਚੁੱਕਾ ਹੈ ਫਿਰ ਵੀ ਆਉਂਦੇ ਸਮੇਂ ਉਮਰ ਛੋਟ ਸੰਬੰਧੀ ਕੋਈ ਹੱਲ ਕੱਢਿਆ ਜਾਵੇਗਾ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਜੱਥੇਬੰਦੀਆਂ ਦੇ ਆਗੂਆਂ ਨੂੰ ਦੱਸਿਆ ਕਿ ਮਾਸਟਰ ਕਾਡਰ ਦੀਆਂ ਸਾਰੇ ਵਿਸ਼ਿਆਂ ਸਮੇਤ ਮਾਤ ਭਾਸ਼ਾ ਪੰਜਾਬੀ, ਐੱਸ.ਐੱਸ.ਟੀ, ਹਿੰਦੀ ਦੀਆਂ 31 ਮਾਰਚ 2022 ਤੱਕ ਖਾਲੀ ਹੋਣ ਵਾਲੀਆਂ ਅਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸੇ ਤਰ੍ਹਾਂ ਸਮਾਜਿਕ ਸਿੱਖਿਆ ਦੇ ਕੰਬੀਨੇਸ਼ਨ ਵਿੱਚੋਂ ਬਾਹਰ ਕੀਤੇ ਵਿਸ਼ਿਆਂ ਨੂੰ ਮੁੜ ਤੋਂ ਤੁਰੰਤ ਸ਼ਾਮਿਲ ਕਰਨ ਦਾ ਐਲਾਨ ਕੀਤਾ। ਬੇਰੁਜ਼ਗਾਰਾਂ ਵੱਲੋਂ ਕੁਝ ਅਜਿਹੇ ਚੋਣਵੇਂ ਵਿਸ਼ਿਆਂ (ਉਰਦੂ, ਸੰਸਕ੍ਰਿਤ) ਦੀ ਭਰਤੀ ਕਰਨ ਦੀ ਮੰਗ ਵੀ ਕੀਤੀ ਗਈ, ਜਿੰਨਾ ਦੀ ਭਰਤੀ ਪਿਛਲੇ ਲੰਮੇਂ ਸਮੇਂ ਵਿੱਚ ਨਹੀਂ ਕੀਤੀ ਗਈ।
ਸਿੱਖਿਆ ਮੰਤਰੀ ਨੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਕਿਹਾ ਕਿ ਅਦਾਲਤ ਵਿੱਚ ਚੱਲ ਰਹੇ ਕੇਸ ਨੂੰ ਵਾਪਿਸ ਲੈ ਲਿਆ ਜਾਵੇ ਤਾਂ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ, ਜਿਸ ਦੀ ਲਿਖਤੀ ਪ੍ਰੀਖਿਆ ਹੋਵੇਗੀ। ਇਸ ਸੰਬੰਧੀ ਪੀਟੀਆਈ ਯੁਨੀਅਨ ਦੇ ਆਗੂਆਂ ਨੇ ਮਾਮਲੇ ਨੂੰ ਵਿਚਾਰਨ ਦੀ ਸਮਾਂ ਮੰਗਿਆ।
ਬੇਰੁਜ਼ਗਾਰ ਆਰਟ ਐਂਡ ਕਰਾਫਟ ਯੁਨੀਅਨ ਦੀ ਭਰਤੀ ਸੰਬੰਧੀ ਸਿੱਖਿਆ ਮੰਤਰੀ ਨੇ ਕਿਹਾ ਕਿ ਲੋੜੀਂਦੇ ਨਿਯਮਾਂ ਵਿੱਚ ਸੋਧ ਕਰ ਦਿੱਤੀ ਗਈ ਹੈ ਜਲਦੀ ਹੀ ਭਰਤੀ ਕੀਤੀ ਜਾਵੇਗੀ।
ਸਿੱਖਿਆ ਮੰਤਰੀ ਵੱਲੋਂ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਦੀ ਭਰਤੀ ਸੰਬੰਧੀ ਕੁਝ ਵੀ ਕਹਿਣ ਤੋਂ ਟਾਲ ਮਟੋਲ ਕੀਤਾ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਨੇ ਕਿਹਾ ਭਾਵੇਂ ਕੁਝ ਮੰਗਾਂ ਉੱਤੇ ਸਰਕਾਰ ਹਾਂ-ਪੱਖੀ ਰਹੀ ਹੈ ਪ੍ਰੰਤੂ ਫੇਰ ਵੀ ਕੀਤੇ ਬਾਅਦੇ ਅਨੁਸਾਰ ਐਲਾਨ ਨਾ ਕੀਤੇ ਜਾਣ ਤੋਂ ਖ਼ਫ਼ਾ ਅਧਿਆਪਕਾਂ ਨੇ ਮੀਟਿੰਗ ਨੂੰ ਲਾਰਾ ਆਖਿਆ, ਉਹਨਾਂ ਐਲਾਨ ਕੀਤਾ ਕਿ ਸਿੱਖਿਆ ਮੰਤਰੀ ਦਾ ਹਰ ਮੋੜ 'ਤੇ ਘਿਰਾਓ ਕੀਤਾ ਜਾਵੇਗਾ ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਕਾਰ ਮਘਾਣੀਆ, ਸੰਦੀਪ ਗਿੱਲ, ਬਲਰਾਜ ਮੌੜ, ਰਵਿੰਦਰ, ਗੁਰਪ੍ਰੀਤ ਲਾਲਿਆਂਵਾਲੀ, ਹਰਭਜਨ ਅਤਲਾ, ਸ਼ਸ਼ਪਾਲ, ਹਰਬੰਸ, ਲ਼ਫਜ਼, ਜਤਿੰਦਰ ਆਦਿ ਹਾਜ਼ਰ ਸਨ।
ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਮੀਟਿੰਗ ਕਰਨ ਤੋਂ ਬਾਅਦ ਬੇਰੁਜ਼ਗਾਰ ਅਧਿਆਪਕ ਜਾਣਕਾਰੀ ਦਿੰਦੇ ਹੋਏ |
ਫੋਟੋ: