ਸਿੱਖਿਆ ਮੰਤਰੀ ਨੂੰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨਾਲ ਮੀਟਿੰਗ ਨਾ ਕਰਕੇ ਕੋਝਾ ਮਜ਼ਾਕ ਪਏਗਾ ਬਹੁਤ ਭਾਰੀ: ਊਸ਼ਾ ਰਾਣੀ
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਜਥੇਬੰਦੀ ਨੂੰ ਮੀਟਿੰਗ ਦਾ ਸੱਦਾ ਦੇ ਕੇ ਦੇ ਮੁਲਾਕਾਤ ਨਾ ਕਰਨ ਨੂੰ ਲੈ ਕੇ ਤਿੱਖਾ ਰੋਸ਼
ਸੰਗਰੂਰ, 18 ਅਗਸਤ 2021: ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 17 ਮਾਰਚ ਤੋਂ ਲਗਾਤਾਰ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਜੀ ਦੇ ਗ੍ਰਹਿ ਸੰਗਰੂਰ ਵਿਖੇ ਪੱਕਾ ਮੋਰਚਾ ਲਗਾਇਆ ਹੋਇਆ ਹੈ, ਜਿਸ ਦੇ ਸੰਘਰਸ਼ ਦੇ ਵੱਖ-ਵੱਖ ਪੜਾਅ ਸਮੇਂ ਪ੍ਰਸ਼ਾਸਨ ਵੱਲੋਂ ਸਬੰਧਿਤ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ।
ਪਿਛਲੇ ਸਮੇਂ ਸਿੱਖਿਆ ਮੰਤਰੀ ਵੱਲੋਂ ਜੋ ਬੈਠਕ ਜਥੇਬੰਦੀ ਨਾਲ ਕੀਤੀ ਗਈ। ਉਸ ਦਿਨ ਵੀ ਪੂਰਾ ਦਿਨ ਮੀਟਿੰਗ ਦਾ ਸਥਾਨ ਬਦਲੀ ਹੁੰਦਾ ਰਿਹਾ ਅਤੇ ਅੰਤ ਸੱਤ ਵਜੇ ਸਰਕਟ ਹਾਊਸ ਪਟਿਆਲਾ ਵਿਖੇ ਬੇਸਿੱਟਾ ਮੀਟਿੰਗ ਹੋਈ। ਉਨ੍ਹਾਂ ਕਿਹਾ ਕਿ ਹੁਣ 14-15 ਅਗਸਤ ਦੇ ਪ੍ਰਦਰਸ਼ਨ ਸਮੇਂ ਸੰਗਰੂਰ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਜੀ ਨਾਲ ਮੀਟਿੰਗ ਤੈਅ ਕਰਵਾਈ ਗਈ ਸੀ, ਜੋ ਅੱਜ 18 ਅਗਸਤ ਨੂੰ ਪੰਜਾਬ ਭਵਨ ਵਿਖੇ ਹੋਣੀ ਨਿਸਚਿਤ ਹੋਈ ਸੀ।
ਇਸ ਮੀਟਿੰਗ ਵਿੱਚ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਊਸ਼ਾ ਰਾਣੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਜਨਰਲ ਸਕੱਤਰ ਸੁਭਾਸ਼ ਰਾਣੀ ਅਤੇ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਡਾਇਰੈਕਟਰ ਵਿਪੁਲ ਉਜਵਲ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਕੋਰਾ, ਸੁਖਦੀਪ ਸਿੰਘ ਅਤੇ ਸੰਗਰੂਰ ਦੇ ਡੀ ਪੀ ਓ ਗਗਨਦੀਪ ਸਮੇਤ ਵਿਭਾਗੀ ਟੀਮ ਸ਼ਾਮਲ ਸੀ ਪਰ ਸਿੱਖਿਆ ਮੰਤਰੀ ਵੱਲੋਂ ਮੀਟਿੰਗ ਰੱਦ ਤੱਕ ਦਾ ਸੁਨੇਹਾ ਤੱਕ ਦੇਣਾ ਜ਼ਰੂਰੀ ਨਹੀਂ ਸਮਝਿਆ ਗਿਆ।
ਉਨ੍ਹਾਂ ਕਿਹਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਅਜਿਹੇ ਵਤੀਰੇ ਨੂੰ ਲੈ ਕੇ ਜਥੇਬੰਦੀ ਵਿਚ ਤਿੱਖਾ ਰੋਸ ਹੈ ਅਤੇ ਜਿਸ ਦੇ ਸਿੱਟੇ ਭੁਗਤਣ ਲਈ ਸਿੱਖਿਆ ਮੰਤਰੀ ਤਿਆਰ ਰਹਿਣ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਵਿਚ ਬੈਠੀਆਂ ਭੈਣਾਂ ਅੰਦਰ ਸਰਕਾਰ ਦੀਆਂ ਪਾਲਸੀਆਂ ਖ਼ਿਲਾਫ਼ ਬਹੁਤ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਕੀਤਾ ਜਾ ਰਿਹੈ ਮਤਰੇਈ ਮਾਂ ਵਾਲਾ ਸਲੂਕ ਉਨ੍ਹਾਂ ਨੂੰ ਬਹੁਤ ਮਹਿੰਗਾ ਪਏਗਾ । ਜਿਸ ਦੇ ਸਿੱਟੇ ਭੁਗਤਣ ਲਈ ਪੰਜਾਬ ਸਰਕਾਰ ਬਾਈ ਵਿਚ ਤਿਆਰ ਰਹੇ।
ਉਨ੍ਹਾਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਆਪਣਾ ਹੱਕ ਮੰਗ ਰਹੀਆਂ ਹਨ ਨਾ ਕਿ ਕੋਈ ਭੀਖ ਉਨ੍ਹਾਂ ਦੀ ਮੁੱਖ ਮੰਗ ਜੋ ਸਿੱਖਿਆ ਮੰਤਰੀ ਨਾਲ ਸਬੰਧਿਤ ਹੈ ਉਹ ਪ੍ਰੀ-ਪ੍ਰਾਇਮਰੀ ਜੋ ਆਈਸੀਡੀਐਸ ਦਾ ਅੰਗ ਹੈ ਉਹ ਆਈਸੀਡੀਐੱਸ ਨੂੰ ਸਕੀਮ ਅਧੀਨ ਚੱਲਦੇ ਆਂਗਨਵਾੜੀ ਕੇਂਦਰਾਂ ਵਿੱਚ ਹੀ ਦੇਣੀ ਲਾਜ਼ਮੀ ਕੀਤੀ ਜਾਵੇ ਕਿਉਂਕਿ ਨਵੀਂ ਸਿੱਖਿਆ ਨੀਤੀ 2020 ਅਤੇ ਪੰਜਾਬ ਦੀ ਸਿੱਖਿਆ ਨੀਤੀ ਦਾ ਖਰੜਾ ਆਂਗਨਵਾੜੀ ਵਰਕਰ ਨੂੰ ਅਧਿਕਾਰ ਦਿੰਦਾ ਹੈ ਅਤੇ ਜਿਸ ਨੂੰ ਲੈਣ ਲਈ ਸਤਾਰਾਂ ਮਾਰਚ ਤੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਜੀ ਦੇ ਗ੍ਰਹਿ ਵਿਖੇ ਸੱਥਰ ਵਿਛਾਇਆ ਹੋਇਆ ਹੈ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਮੀਟਿੰਗ ਲਈ ਉਡੀਕਦੀਆਂ ਆਂਗਣਵਾੜੀ ਮੁਲਾਜ਼ਮ ਭੈਣਾਂ ਅਤੇ ਅਧਿਕਾਰੀ |