*ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਦੇ ਘਰ ਅੱਗੇ ਧਰਨਾ ਲਾ ਕੇ ਐਨ ਪੀ ਐਸ ਮੁਲਾਜਮਾਂ ਨੇ ਮੰਗੀ ਅਨੋਖੀ ਅਜਾਦੀ ।*
ਪਠਾਨਕੋਟ, 14 ਅਗਸਤ ( )
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਦੇ ਘਰ ਅੱਗੇ ਧਰਨਾ ਲਾ ਕੇ ਐਨ ਪੀ ਐਸ ਤੋਂ ਅਜਾਦੀ ਦੀ ਮੰਗ ਕੀਤੀ। ਜ਼ਿਲ੍ਹਾ ਕਨਵੀਨਰ ਰਜਨੀਸ਼ ਕੁਮਾਰ, ਭਵਾਨੀ ਠਾਕੁਰ ਜ਼ਿਲ੍ਹਾ ਚੇਅਰਮੈਨ ਅਤੇ ਰਾਜੇਸ਼ ਕੁਮਾਰ ਤੰਗੋਸਾਹ ਜ਼ਿਲ੍ਹਾ ਕਮੇਟੀ ਮੈਂਬਰ ਨੇ ਕਿਹਾ ਕਿ ਸਹਿਜ ਚਾਲ ਤੇ ਮਜਬੂਤ ਇਰਾਦੇ ਨਾਲ ਪੁਰਾਣੀ ਪੈਨਸ਼ਨ ਬਹਾਲੀ ਦੀ ਲੜਾਈ ਲੜੀ ਜਾ ਰਹੀ ਹੈ। ਸਰਕਾਰ ਦਾ ਰਵੱਈਆ ਜੋ ਵੀ ਹੋਵੇ ਪਰ ਨਾ ਤਾਂ ਐਨ ਪੀ ਐਸ ਮੁਲਾਜਮਾਂ ਦਾ ਜੋਸ਼ ਠੰਡਾ ਪੈ ਰਿਹਾ ਹੈ ਤੇ ਨਾ ਹੀ ਇਰਾਦਿਆਂ ਵਿੱਚ ਕੋਈ ਕਮੀ ਨਜਰ ਆਉੰਦੀ ਹੈ। ਸੂਬਾ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਨੂੰ ਇਕ ਸੁੱਘੜ ਰਣਨੀਤੀ ਤਹਿਤ ਨੇਪਰੇ ਚੜ੍ਹਾਇਆ ਜਾ ਰਿਹਾ ਹੈ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਜਿਸ ਸੰਜੀਦਗੀ ਨਾਲ ਸੰਘਰਸ਼ ਤੇਜ ਕਰਦੀ ਜਾ ਰਹੀ ਹੈ ਬਹੁਤ ਜਲਦ ਇਸ ਮੰਗ ਲਈ ਇਤਿਹਾਸਕ ਤੇ ਲਾਮਿਸਾਲ ਸੰਘਰਸ਼ ਦੇਖਣ ਨੂੰ ਮਿਲੇਗਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸਮਾਜਿਕ ਸੁਰੱਖਿਆ ਹਰ ਭਾਰਤੀ ਨਾਗਰਿਕ ਦਾ ਸਵਿੰਧਾਨਕ ਬੁਨਿਆਦੀ ਹੱਕ ਹੈ ਪਰ ਸੰਨ 2004 ਤੋਂ ਬਾਅਦ ਲੋਕਤਾਂਤਰਿਕ ਤਰੀਕੇ ਨਾਲ ਚੁਣੀਆਂ ਸਰਕਾਰਾਂ ਨੇ ਭਾਰਤੀ ਕਰਮਚਾਰੀਆਂ ਤੋਂ ਇਹ ਪੁਰਾਣੀ ਪੈਨਸ਼ਨ ਖੋਹ ਲਈ ਅਤੇ ਇਸਦੇ ਬਦਲ ਵਜੋਂ ਐਨ ਪੀ ਐਸ ਲਾਗੂ ਕਰਕੇ ਇੱਕ ਇਨਵੈਸਟਮੈਂਟ ਸਕੀਮ ਕਰਮਚਾਰੀਆਂ ਤੇ ਮੜ੍ਹ ਦਿੱਤੀ ਹੈ। ਅਜਾਦੀ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ 14 ਅਗਸਤ ਨੂੰ ਐਨ . ਪੀ .ਐਸ. ਤੋ ਅਜ਼ਾਦੀ ਦੇ ਨਾਅਰੇ ਹੇਠ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਪੰਜਾਬ ਭਰ ਦੇ ਐਨ ਪੀ ਐਸ ਮੁਲਾਜ਼ਮ ਹਲਕਾ ਵਿਧਾਇਕਾਂ ਦੇ ਘਰ ਅੱਗੇ ਤਖਤੀਆਂ ਅਤੇ ਬੈਨਰ ਦਿਖਾਉਂਦੇ ਹੋਏ ਵਿਧਾਇਕਾਂ ਨੂੰ ਉਹਨਾਂ ਦੀ ਜੁੰਮੇਵਾਰੀ ਦਾ ਅਹਿਸਾਸ ਕਰਾਉਣ ਦੇ ਨਾਲ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕੀਤੇ ਵਾਅਦੇ ਨੂੰ ਯਾਦ ਕਰਾਉਂਦੇ ਹੋਏ ਅੱਜ ਦੇ ਦਿਨ ਧਰਨਾ ਦੇ ਰਹੇ ਹਨ। । ਅੱਜ ਜਦੋਂ ਸਰਕਾਰ ਬਣੀ ਨੂੰ ਸਾਢੇ ਚਾਰ ਸਾਲ ਹੋ ਗਏ ਹਨ ਅਜੇ ਤੱਕ ਸਰਕਾਰ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ। ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਧਰਨਿਆਂ ਤੋਂ ਬਾਅਦ 23 ਅਗਸਤ ਨੂੰ ਮੁਲਾਜ਼ਮ ਮਾਰੂ PFRDA ਬਿਲ ਦੀਆਂ ਕਾਪੀਆਂ ਸਾੜਨ ਤੋਂ ਬਾਅਦ 29 ਅਗਸਤ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਲੁਧਿਆਣਾ ਵਿਖੇ ਐਨ ਪੀ ਐਸ ਮੁਲਾਜਮਾਂ ਵੱਲੋਂ ਲਾਮਿਸ਼ਾਲ ਵੰਗਾਰ ਰੈਲੀ ਕੀਤੀ ਜਾ ਰਹੀ ਹੈ। ਇਸਦਾ ਜਬਰਦਸਤ ਜਲੌਅ ਸਰਕਾਰ ਨੂੰ ਵੰਗਾਰਨ ਵਿਚ ਕਾਮਯਾਬ ਹੋਵੇਗਾ। ਵਿਧਾਇਕ ਜੋਗਿੰਦਰ ਪਾਲ ਦੇ ਸ਼ਹਿਰ ਤੋਂ ਬਾਹਰ ਹੋਣ ਕਾਰਨ ਉਨ੍ਹਾਂ ਵੱਲੋਂ ਭੇਜੇ ਗਏ ਹਲਕੇ ਦੇ ਕਾਂਗਰਸ ਪਾਰਟੀ ਕਨਵੀਨਰ ਵੱਲੋਂ ਵਿਸ਼ੇਸ਼ ਤੌਰ ਤੇ ਧਰਨੇ ਵਿੱਚ ਪਹੁੰਚ ਕੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਲਿਆ ਗਿਆ।
ਇਸ ਮੌਕੇ ਤੇ ਕ੍ਰਿਸ਼ਨ ਗੋਪਾਲ, ਰਾਜੇਸ਼ ਸੈਣੀ, ਤਰਸੇਮ ਲਾਲ, ਰਜਨੀਸ਼ ਮਹਾਜਨ, ਦੀਪਕ ਸੈਣੀ, ਰਾਕੇਸ਼ ਕੁਮਾਰ, ਸ਼ਿਵ ਦਿਆਲ, ਕਮਲਜੀਤ ਸਿੰਘ, ਮਨਿੰਦਰ, ਸ਼ਲਿੰਦਰ, ਬੰਸੀ ਲਾਲ, ਰੀਨਾ ਦੇਵੀ, ਸੁਰਜੀਤ ਕੁਮਾਰ, ਗੁਲਕਮਲ ਆਦਿ ਹਾਜ਼ਰ ਸਨ।
ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਦੇ ਹੋਏ ਮੁਲਾਜ਼ਮ। |