* ਮੋਤੀ ਮਹਿਲ ਅੱਗੇ ਗਰਜੇ ਪੇਂਡੂ ਤੇ ਖੇਤ ਮਜ਼ਦੂਰ
* ਸਰਕਾਰ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ 18 ਨੂੰ ਮਜ਼ਦੂਰ ਜਥੇਬੰਦੀਆਂ ਨਾਲ਼ ਕਰਨਗੇ ਮੀਟਿੰਗ
*ਮਜ਼ਦੂਰਾਂ ਵੱਲੋਂ 1ਤੋ 3 ਸਤੰਬਰ ਤੱਕ ਪੰਜਾਬ ਭਰ 'ਚ ਮੰਤਰੀਆਂ ਦੇ ਘਰਾਂ ਦਿਨ ਰਾਤ ਦੇ ਧਰਨਿਆਂ ਦਾ ਐਲਾਨ
*ਮੋਰਚੇ 'ਚ ਸ਼ਹੀਦ ਹੋਈ ਮਾਤਾ ਦਾ ਤੀਜ਼ੇ ਦਿਨ ਵੀ ਨਾ ਹੋਇਆ ਸਸਕਾਰ
ਪਟਿਆਲਾ 11 ਅਗਸਤ-- ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ ਪਟਿਆਲਾ 'ਚ ਚੱਲ ਰਹੇ ਮੋਰਚੇ ਦੇ ਤੀਜੇ ਦਿਨ ਅੱਜ਼ ਹਜ਼ਾਰਾਂ ਮਜ਼ਦੂਰ ਔਰਤਾਂ ਵੱਲੋਂ ਮੁੱਖ ਮੰਤਰੀ ਦੇ ਮਹਿਲ ਵੱਲ ਮਾਰਚ ਕੀਤਾ ਗਿਆ। ਇਸੇ ਦੌਰਾਨ ਭਾਰੀ ਪੁਲਿਸ ਫੋਰਸ ਵੱਲੋਂ ਉਨ੍ਹਾਂ ਨੂੰ ਵਾਈ ਪੀ ਐਸ ਚੌਂਕ ਵਿਖੇ ਰੋਕ ਲੈਣ ਤੋਂ ਰੋਹ ਵਿੱਚ ਆਏ ਮਜ਼ਦੂਰਾਂ ਵੱਲੋਂ ਉਥੇ ਹੀ ਧਰਨਾ ਦੇਕੇ ਕਾਂਗਰਸ ਸਰਕਾਰ ਨੂੰ ਦਲਿਤ ਵਿਰੋਧੀ ਕ਼ਰਾਰ ਦਿੰਦਿਆਂ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮੇਂ ਮਜ਼ਦੂਰ ਮੰਗਾਂ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਦੀ ਤਰਫੋਂ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਅਤੇ ਮਜ਼ਦੂਰ ਮੰਗਾਂ ਨਾਲ਼ ਸਬੰਧਿਤ ਵਿਭਾਗਾਂ ਦੇ ਸਕੱਤਰਾਂ ਦੀ 18 ਅਗਸਤ ਨੂੰ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕਰਾਉਣ ਦਾ ਲਿਖ਼ਤੀ ਪੱਤਰ ਐਸ ਡੀ ਐਮ ਵੱਲੋਂ ਇਕੱਠ ਚ ਆਕੇ ਆਗੂਆਂ ਨੂੰ ਸੌਂਪਿਆ ਗਿਆ।ਇਸ ਮੌਕੇ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਅਧਾਰਤ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਕੁਲਵੰਤ ਸਿੰਘ ਸੇਲਬਰਾਹ, ਸੰਜੀਵ ਮਿੰਟੂ, ਲਛਮਣ ਸਿੰਘ ਸੇਵੇਵਾਲਾ, ਤਰਸੇਮ ਪੀਟਰ, ਗੁਰਨਾਮ ਸਿੰਘ ਦਾਊਦ , ਭਗਵੰਤ ਸਿੰਘ ਸਮਾਓ ਤੇ ਗੁਲਜ਼ਾਰ ਗੌਰੀਆ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਉਹ ਟਿਕ ਕੇ ਨਹੀਂ ਬੈਠਣਗੇ ਅਤੇ ਪੰਜਾਬ ਭਰ 'ਚ ਇੱਕ ਤੋਂ ਤਿੰਨ ਸਤੰਬਰ ਤੱਕ ਕਾਂਗਰਸੀ ਮੰਤਰੀਆਂ ਦੇ ਘਰਾਂ ਅੱਗੇ ਦਿਨ ਰਾਤ ਦੇ ਧਰਨੇ ਦੇਣਗੇ। ਉਹਨਾਂ ਆਖਿਆ ਕਿ ਕਾਂਗਰਸ ਨੂੰ ਮਜ਼ਦੂਰ ਵਰਗ ਨਾਲ ਵਾਅਦਾ ਖਿਲਾਫੀ ਬਹੁਤ ਮਹਿੰਗੀ ਪਵੇਗੀ ਅਤੇ ਮਜ਼ਦੂਰਾਂ ਦੇ ਕਰਜ਼ੇ ਤੇ ਬਿਜਲੀ ਬਿੱਲ ਖ਼ਤਮ ਕਰਨ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਤੇ ਮਕਾਨ ਉਸਾਰੀ ਲਈ ਗਰਾਂਟ ਦੇਣ, ਮਨਰੇਗਾ ਤਹਿਤ ਹਰ ਬਾਲਗ ਮੈਂਬਰ ਨੂੰ ਸਾਲ ਭਰ ਦਾ ਕੰਮ ਦੇਣ ਤੇ ਦਿਹਾੜੀ 600 ਰੁਪਏ ਕਰਨ,ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ, ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਜ਼ਮੀਨਾਂ ਦੀ ਵੰਡ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਚ ਕਰਨ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਸਸਤੇ ਭਾਅ ਮਜ਼ਦੂਰਾਂ ਨੂੰ ਠੇਕੇ 'ਤੇ ਦੇਣਾ ਯਕੀਨੀ ਬਣਾਉਣ, ਨਜੂਲ ਜਮੀਨਾ ਦਾ ਦਲਿਤਾਂ ਨੂੰ ਮਾਲਕੀ ਹੱਕ ਦੇਣ,ਬੁਢਾਪਾ ਵਿਧਵਾ ਅਪੰਗ ਤੇ ਆਸ਼ਰਿਤਾਂ ਦੀ ਪੈਨਸ਼ਨ ਪੰਜ ਹਜ਼ਾਰ ਰੁਪਏ ਮਹੀਨਾ ਕਰਨ ਆਦਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ। ਮਜ਼ਦੂਰ ਆਗੂਆਂ ਨੇ ਜ਼ੋਰ ਦੇ ਕੇ ਮਜ਼ਦੂਰਾਂ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀ ਆਰਥਿਕ , ਸਮਾਜਿਕ ਬਰਾਬਰੀ ਤੇ ਮਾਨ ਸਨਮਾਨ ਦੀ ਬਹਾਲੀ ਲੲੀ ਜ਼ਮੀਨਾਂ ਦੀ ਕਾਣੀ ਵੰਡ ਖ਼ਤਮ ਕਰਾਉਣ ਲਈ ਵਿਸ਼ਾਲ , ਜੁਝਾਰੂ ਤੇ ਸਾਂਝੀ ਲਹਿਰ ਦੀ ਉਸਾਰੀ ਅੱਜ਼ ਅਣਸਰਦੀ ਲੋੜ ਹੈ।
ਉਹਨਾਂ ਆਖਿਆ ਕਿ ਸੰਨ ਸੰਤਾਲੀ ਤੋਂ ਲੈਕੇ ਹੁਣ ਤੱਕ ਬਦਲ ਬਦਲ ਕੇ ਆਈਆਂ ਸਰਕਾਰਾਂ ਦੀਆਂ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਦੀ ਬਦੌਲਤ ਮਜ਼ਦੂਰ ਵਰਗ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਅਤੇ ਮੋਦੀ ਦੀ ਫਾਸ਼ੀਵਾਦੀ ਹਕੂਮਤ ਵੱਲੋਂ ਲਿਆਂਦੇ ਖੇਤੀ ਕਾਨੂੰਨ ਮਜ਼ਦੂਰਾਂ ਦੇ ਰੁਜ਼ਗਾਰ ਹੋਰ ਉਜਾੜਨ,ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਤੇ ਖੁਰਾਕੀ ਵਸਤਾਂ ਤੇ ਕਾਰਪੋਰੇਟ ਘਰਾਣਿਆਂ ਦਾ ਮੁਕੰਮਲ ਗਲਬਾ ਕਰਾਉਣ ਰਾਹੀਂ ਮਜ਼ਦੂਰਾਂ ਨੂੰ ਹੋਰ ਵਧੇਰੇ ਭੁੱਖਮਰੀ ਦੇ ਜੁਬਾੜਿਆ ਚ ਧੱਕਣਗੇ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਲੜਾਈ ਮਜ਼ਦੂਰਾ ਲਈ ਬੇਹੱਦ ਅਹਿਮੀਅਤ ਰੱਖਦੀ ਹੈ।।
ਇਸ ਸਮੇਂ ਸਟੇਜ ਤੋਂ ਮਤੇ ਪਾਸ ਕਰਕੇ ਯੂ ਏ ਪੀ ਏ ਸਮੇਤ ਸਮੁੱਚੇ ਕਾਲ਼ੇ ਕਾਨੂੰਨ ਰੱਦ ਕਰਨ, ਜੇਲਾਂ ਚ ਬੰਦ ਬੁੱਧੀਜੀਵੀਆਂ ਤੇ ਕਾਰਕੁੰਨਾ ਨੂੰ ਰਿਹਾਅ ਕਰਨ, ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਤੇ ਠੇਕਾ ਕਾਮਿਆਂ 'ਤੇ ਆਏ ਦਿਨ ਕੀਤੇ ਜਾ ਰਹੇ ਜ਼ਬਰ ਨੂੰ ਬੰਦ ਕਰਕੇ ਉਹਨਾਂ ਦੀਆਂ ਹੱਕੀ ਮੰਗਾਂ ਲਾਗੂ ਕਰਨ, ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਮਜ਼ਦੂਰਾਂ ਕਿਸਾਨਾਂ ਦੇ ਸਭਨਾਂ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇ, ਦਲਿਤਾਂ ਦੀ ਆਬਾਦੀ ਦੇ ਅਨਪਾਤ ਅਨੁਸਾਰ ਬਜ਼ਟ ਰੱਖਿਆ ਜਾਵੇ ਅਤੇ ਭਲਾਈ ਸਕੀਮਾਂ ਲਈ ਰੱਖਿਆ ਬਜ਼ਟ ਪੂਰਾ ਖ਼ਰਚ ਕੀਤਾ ਜਾਵੇ।
ਇਸ ਮੌਕੇ ਮਜ਼ਦੂਰ ਆਗੂ ਹਰਮੇਸ਼ ਮਾਲੜੀ, ਕਸ਼ਮੀਰ ਸਿੰਘ ਘੁੱਗਸ਼ੋਰ, ਦਰਸ਼ਨ ਨਾਹਰ, ਲਖਵੀਰ ਸਿੰਘ, ਮੱਖਣ ਸਿੰਘ ਰਾਮਗੜ੍ਹ ਅਤੇ ਧਰਮਪਾਲ ਆਦਿ ਨੇ ਸੰਬੋਧਨ ਕੀਤਾ।
ਇਸੇ ਦੌਰਾਨ ਧਰਨੇ ਦੇ ਪਹਿਲੇ ਦਿਨ ਸ਼ਹੀਦ ਹੋਈ ਮਾਤਾ ਗੁਰਤੇਜ ਕੌਰ ਦੇ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ ਕੀਤੇ ਵਾਅਦੇ ਅਨੁਸਾਰ ਪੰਜ ਲੱਖ ਰੁਪਏ ਦਾ ਚੈਕ ਨਾ ਦੇਣ ਕਾਰਨ ਅੱਜ ਵੀ ਉਹਨਾਂ ਦਾ ਸਸਕਾਰ ਨਹੀਂ ਹੋ ਸਕਿਆ ਅਤੇ ਮਜ਼ਦੂਰ ਜਥੇਬੰਦੀਆਂ ਨੇ ਚੈਕ ਸੌਪਣ ਤੱਕ ਪੋਸਟਮਾਰਟਮ ਨਾਂ ਕਰਾਉਣ ਦਾ ਐਲਾਨ ਕੀਤਾ ਹੈ।
ਜਾਰੀ ਕਰਤਾ, ਲਛਮਣ ਸਿੰਘ ਸੇਵੇਵਾਲਾ 76963030567
ਕਸ਼ਮੀਰ ਸਿੰਘ ਘੁੱਗਸ਼ੋਰ,8968684311