ਬੇਰੁਜ਼ਗਾਰ 15 ਅਗਸਤ ਨੂੰ ਅਜ਼ਾਦੀ ਦਿਵਸ ਮੌਕੇ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਕਰਨਗੇ ਪ੍ਰਦਰਸ਼ਨ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 14 ਅਗਸਤ 2021: ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪਿਛਲੇ ਕਰੀਬ ਸਾਢੇ ਸੱਤ ਮਹੀਨਿਆਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ 'ਬੇਰੁਜ਼ਗਾਰ ਸਾਂਝੇ ਮੋਰਚੇ' ਨੇ ਹੁਣ 15 ਅਗਸਤ ਨੂੰ ਅਜ਼ਾਦੀ ਦਿਵਸ ਮੌਕੇ ਸਿੱਖਿਆ ਮੰਤਰੀ ਦੇ ਸ਼ਹਿਰ ਵਿੱਚ ਹੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਸਿੰਘ ਘੁਮਾਣ, ਸਾਸਪਾਲ ਸਿੰਘ, ਰਵਿੰਦਰ ਸਿੰਘ ਮੂਲੇ ਵਾਲਾ ਅਤੇ ਗਗਨਦੀਪ ਕੌਰ ਭਵਾਨੀਗੜ੍ਹ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਾਂਗ ਹੀ ਸਿੱਖਿਆ ਮੰਤਰੀ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਤੋ ਭੱਜ ਰਹੇ ਹਨ। ਇਸ ਲਈ ਜਿੱਥੇ ਸਿੱਖਿਆ ਥਾਂ ਥਾਂ ਜਾ ਕੇ ਮੰਤਰੀ ਦਾ ਘਿਰਾਓ ਕਰਕੇ ਰੁਜ਼ਗਾਰ ਮੰਗਿਆ ਜਾ ਰਿਹਾ ਹੈ ਉਥੇ ਅਜ਼ਾਦੀ ਦਿਵਸ ਮੌਕੇ ਵੀ ਰੁਜ਼ਗਾਰ ਦੀ ਮੰਗ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰ ਸਿਵਲ ਹਸਪਤਾਲ਼ ਦੇ ਗੇਟ ਉੱਪਰ ਇਕੱਠੇ ਹੋ ਕੇ ਬਾਜ਼ਾਰ ਅੰਦਰ ਰੋਸ ਮਾਰਚ ਕਰਨਗੇ। ਦੂਜੇ ਪਾਸੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਈਸੜੂ ਵਿਖੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਘਿਰਾਓ ਕਰਨਗੇ।
ਇਸ ਮੌਕੇ ਕੁਲਵੰਤ ਸਿੰਘ ਲੌਂਗੋਵਾਲ, ਹਰਦਮ ਸਿੰਘ, ਅਮਨ ਸੇਖਾ, ਪਰਤਿੰਦਰ ਕੌਰ, ਪ੍ਰਿਤਪਾਲ ਕੌਰ, ਮਨਪ੍ਰੀਤ ਕੌਰ, ਸੰਦੀਪ ਨਾਭਾ, ਮਨਦੀਪ ਸਿੰਘ, ਗੋਲਡੀ ਸੁਨਾਮ, ਰਾਹੁਲ ਅੰਮ੍ਰਿਤਸਰ ਆਦਿ ਬੇਰੁਜ਼ਗਾਰ ਹਾਜ਼ਰ ਸਨ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸੰਗਰੂਰ ਵਿਖੇ ਕੋਠੀ ਅੱਗੇ ਬੇਰੁਜ਼ਗਾਰ ਨਾਅਰੇਬਾਜ਼ੀ ਕਰਦੇ ਹੋਏ |