ਪੈਨਸ਼ਨ ਦੀ 1 ਅਗਸਤ ਤੋਂ ਵੰਡ ਪ੍ਰਕਿਰਿਆ ਸ਼ੁਰੂ, ਸਰਕਾਰ ਨੇ ਰੱਖਿਆ 4000 ਕਰੋੜ ਦਾ ਬਜਟ: ਅਰੁਨਾ ਚੌਧਰੀ

 ਜੁਲਾਈ ਤੋਂ ਲਾਗੂ 1500 ਰੁਪਏ ਪੈਨਸ਼ਨ ਦੀ 1 ਅਗਸਤ ਤੋਂ ਵੰਡ ਪ੍ਰਕਿਰਿਆ ਸ਼ੁਰੂ, ਸਰਕਾਰ ਨੇ ਰੱਖਿਆ 4000 ਕਰੋੜ ਦਾ ਬਜਟ: ਅਰੁਨਾ ਚੌਧਰੀ


ਸੂਬੇ ਦੇ 26,21,201 ਯੋਗ ਲਾਭਪਾਤਰੀਆਂ ਨੂੰ ਮਿਲੇਗਾ ਦੁੱਗਣੀ ਪੈਨਸ਼ਨ ਦਾ ਲਾਭ


ਚੰਡੀਗੜ੍ਹ, 1 ਅਗਸਤ: 



ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਦੱਸਿਆ ਕਿ 1 ਜੁਲਾਈ ਤੋਂ 750 ਰੁਪਏ ਤੋਂ ਵਧਾ ਕੇ 1500 ਰੁਪਏ ਕੀਤੀ ਗਈ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਅਦਾਇਗੀ ਅਗਸਤ ਤੋਂ ਕਰਨ ਲਈ ਵੰਡ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।


 


ਇਥੋਂ ਜਾਰੀ ਬਿਆਨ ਵਿੱਚ ਉਨ੍ਹਾਂ ਦੱਸਿਆ ਕਿ ਸੂਬੇ ਦੇ ਯੋਗ ਪਾਏ ਗਏ 26 ਲੱਖ 21 ਹਜ਼ਾਰ 201 ਲਾਭਪਾਤਰੀਆਂ ਨੂੰ ਪੈਨਸ਼ਨਾਂ ਦੀ ਵੰਡ ਕਰਨ ਲਈ ਸੂਬਾ ਸਰਕਾਰ ਨੇ ਇਸ ਵਿੱਤੀ ਵਰ੍ਹੇ ਦੌਰਾਨ 4000 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਜਿਕ ਸੁਰੱਖਿਆ ਮਾਸਿਕ ਪੈਨਸ਼ਨ ਨੂੰ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਦੀ ਮਨਜ਼ੂਰੀ ਪਿੱਛੋਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਦਿਆਂ 1 ਜੁਲਾਈ ਤੋਂ ਇਹ ਵਾਧਾ ਲਾਗੂ ਕਰ ਦਿੱਤਾ ਗਿਆ ਸੀ, ਜਿਸ ਦੀ ਅਦਾਇਗੀ ਸਬੰਧੀ ਪ੍ਰਕਿਰਿਆ ਅਗਸਤ ਮਹੀਨੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ।


 


ਜਿਕਰਯੋਗ ਹੈ ਕਿ ਮਾਸਿਕ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ (ਦੁੱਗਣੀ) ਕਰਨ ਦੇ ਮੱਦੇਨਜ਼ਰ 2021-22 ਦੌਰਾਨ 4,000 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ, ਜੋ ਸਾਲ 2020-21 ਦੇ 2,320 ਕਰੋੜ ਰੁਪਏ ਦੇ ਬਜਟਰੀ ਖ਼ਰਚਿਆਂ ਦੇ ਮੁਕਾਬਲੇ 72 ਫ਼ੀਸਦੀ ਵਾਧਾ ਦਰਸਾਉਂਦਾ ਹੈ। ਸਾਲ 2019-20 ਅਤੇ 2020-21 ਵਿੱਚ ਕ੍ਰਮਵਾਰ 2,089 ਕਰੋੜ ਅਤੇ 2,277 ਕਰੋੜ ਰੁਪਏ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਵੰਡੀ ਗਈ, ਜੋ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਾਲ 2016-17 ਵਿੱਚ ਦਿੱਤੀ ਮਹਿਜ਼ 747 ਕਰੋੜ ਰੁਪਏ ਦੀ ਪੈਨਸ਼ਨ ਨਾਲੋਂ ਤਿੰਨ ਗੁਣਾ ਵੱਧ ਬਣਦੀ ਹੈ। ਸਾਲ 2020-21 ਦੌਰਾਨ ਅਨੁਸੂਚਿਤ ਜਾਤੀ ਨਾਲ ਸਬੰਧਤ 13 ਲੱਖ ਲਾਭਪਾਤਰੀਆਂ ਸਮੇਤ ਕੁੱਲ 25.55 ਲੱਖ ਲਾਭਪਾਤਰੀਆਂ ਨੂੰ ਪੈਨਸ਼ਨ ਦਿੱਤੀ ਗਈ।


 


ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਸੂਬੇ ਦੇ ਸਮੂਹ ਜ਼ਿਲ੍ਹਿਆਂ ਦੇ 17,64,909 ਬਜ਼ੁਰਗਾਂ, 4,90,539 ਵਿਧਵਾਵਾਂ ਅਤੇ ਬੇਸਹਾਰਾ ਔਰਤਾਂ, 2,09,110 ਦਿਵਿਆਂਗ ਵਿਅਕਤੀਆਂ ਅਤੇ 1,56,643 ਆਸ਼ਰਿਤ ਬੱਚਿਆਂ ਨੂੰ ਦੁੱਗਣੀ ਪੈਨਸ਼ਨ ਦਾ ਲਾਭ ਮਿਲੇਗਾ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends