ਹਰਸਿਮਰਤ ਕੌਰ ਬਾਦਲ ਵੱਲ੍ਹੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਭਰੋਸਾ
ਮੁਲਾਜ਼ਮ ਫਰੰਟ ਪੰਜਾਬ ਦੇ ਵਫਦ ਨਾਲ ਹੋਈ ਅਹਿਮ ਮੀਟਿੰਗ
ਮਾਨਸਾ 9 ਜੁਲਾਈ (ਪੱਤਰ ਪ੍ਰੇਰਕ) ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁਲਾਜ਼ਮ ਵਰਗ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ 'ਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਹੋਰ ਹੱਕੀ ਮਸਲੇ ਹੱਲ ਕੀਤੇ ਜਾਣਗੇ। ਬੀਬਾ ਬਾਦਲ ਨੇ ਇਹ ਭਰੋਸਾ ਮਲਾਜ਼ਮ ਫਰੰਟ ਪੰਜਾਬ ਦੇ ਜਨਰਲ ਸਕੱਤਰ ਅਤੇ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਲਾਲਿਆਂਵਾਲੀ ਦੀ ਅਗਵਾਈ ਚ ਗਏ ਵਫਦ ਨਾਲ ਮੀਟਿੰਗ ਕਰਦਿਆਂ ਦਿੱਤਾ।
ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਖੁਦ ਮੰਨਿਆ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਪੰਜਾਬ ਦੇ ਮੁਲਾਜ਼ਮ ਵਰਗ ਲਈ ਵੱਡਾ ਅਤੇ ਹੱਕੀ ਮਸਲਾ ਹੈ,ਜਿਸ ਬਾਰੇ ਸ੍ਰੋਮਣੀ ਅਕਾਲੀ ਦਲ ਗੰਭੀਰਤਾ ਨਾਲ ਵਿਚਾਰ ਵਿਟਾਂਦਰਾ ਕਰ ਰਿਹਾ ਹੈ,ਅਤੇ ਇਸ ਮੰਗ ਨੂੰ ਪਹਿਲ ਦੇ ਅਧਾਰ 'ਤੇ ਆਪਣੀ ਸਰਕਾਰ ਆਉਣ ਤੇ ਲਾਗੂ ਕਰਨ ਲਈ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਰੁਲ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ,ਪੰਜਾਬ ਚ ਅਧਿਆਪਕਾਂ ਦੀ ਵੱਡੇ ਪੱਧਰ 'ਤੇ ਭਰਤੀ ਕਰਨ ਅਤੇ ਹੋਰਨਾਂ ਹੱਕੀ ਮੰਗਾਂ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਹੈ ,ਜੋ ਮੁਲਾਜ਼ਮ ਹਿਤਾਂ ਲਈ ਪਹਿਲ ਕਦਮੀਆਂ ਕਰਦੀ ਹੈ,ਜਦੋਂ ਕਿ ਕਾਂਗਰਸ ਦੇ ਰਾਜ ਭਾਗ ਦੌਰਾਨ ਹੱਕ ਮੰਗਣ ਵਾਲਿਆਂ 'ਤੇ ਤਸ਼ੱਦਦ ਹੀ ਢਾਹਿਆ ਜਾਂਦਾ।
ਸ੍ਰੀ ਲਾਲਿਆਂਵਾਲੀ ਨੇ ਮੀਟਿੰਗ ਤੋਂ ਬਾਅਦ ਦਾਅਵਾ ਕੀਤਾ ਕਿ ਜਲਦੀ ਹੀ ਸ੍ਰੋਮਣੀ ਅਕਾਲੀ ਦਲ ਵੱਲ੍ਹੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਹੋਰ ਮੁਲਾਜ਼ਮ ਵਰਗ ਲਈ ਅਹਿਮ ਐਲਾਨ ਕੀਤੇ ਜਾਣਗੇ ਅਤੇ ਸ੍ਰੋਮਣੀ ਅਕਾਲੀ ਦਲ ਵੱਲ੍ਹੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਇਹ ਹੱਕੀ ਮਸਲੇ ਦਰਜ ਕੀਤੇ ਜਾਣਗੇ।
ਮੀਟਿੰਗ ਦੌਰਾਨ ਅਧਿਆਪਕ ਆਗੂ ਪਰਮਿੰਦਰ ਸਿੰਘ ਬਿਟੂ, ਸ਼ਮਸ਼ੇਰ ਸਿੰਘ ਦਸੋਂਧੀਆ,ਜਸਵੀਰ ਸਿੰਘ ਖਾਲਸਾ, ਬਲਵੀਰ ਸਿੰਘ ਕਾਂਸੀ,ਗੁਰਦੀਪ ਸਿੰਘ ਬਬਲੂ,ਲੱਖਾ ਸਿੰਘ,ਸਸ਼ੀ ਭੂਸ਼ਣ,ਪਰਾਗ ਜੈਨ,ਜਗਜੀਤ ਸਿੰਘ,ਅਮਰਜੀਤ ਸਿੰਘ ਭੁੱਲਰ,ਬਾਬੂ ਸਿੰਘ ਅੱਕਾਂਵਾਲੀ,ਰਾਜਨਦੀਪ ਢਿਲੋਂ, ਜਗਸੀਰ ਭੀਖੀ ਵੀ ਸ਼ਾਮਲ ਸਨ।