Thursday, July 08, 2021

ਸਿੱਖਿਆ ਵਿਭਾਗ ਵੱਲੋਂ ਲਾਇਬਰੇਰੀ ਲੰਗਰ ਮੁਹਿੰਮ ਆਰੰਭੀ

 ਸਿੱਖਿਆ ਵਿਭਾਗ ਵੱਲੋਂ ਲਾਇਬਰੇਰੀ ਲੰਗਰ ਮੁਹਿੰਮ ਆਰੰਭੀ


ਵਿਦਿਆਰਥੀਆਂ ਦੀਆਂ ਸਾਹਿਤਿਕ ਰੁਚੀਆਂ ਉਜਾਗਰ ਕਰਨਾ ਵਿਭਾਗ ਦਾ ਟੀਚਾ


  ਐੱਸ.ਏ.ਐੱਸ.ਨਗਰ 8 ਜੁਲਾਈ (ਪ੍ਰਮੋਦ ਭਾਰਤੀ ) ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਲੀ ਬਣਾਉਣ ਲਈ ਸਿੱਖਿਆ ਵਿਭਾਗ ਵਿਲੱਖਣ ਉਪਰਾਲਿਆਂ ਸਦਕਾ ਲਗਾਤਾਰ ਨਵੀਆਂ-ਨਵੀਆਂ ਸਫ਼ਲ ਮੁਹਿੰਮਾਂ ਦਾ ਆਗਾਜ਼ ਕਰ ਰਿਹਾ ਹੈ। ਇਹਨਾਂ ਯਤਨਾਂ ਦੀ ਲਗਾਤਾਰਤਾ ਵਿੱਚ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਾਹਿਤ ਦੀ ਚੇਟਕ ਅਤੇ ਪੜ੍ਹਨ ਰੁਚੀਆਂ ਵਿਕਸਿਤ ਕਰਨ ਲਈ ਫਿਰ ਤੋਂ ਪੂਰਨ ਯੋਜਨਾਬੱਧ ਤਰੀਕੇ ਨਾਲ ਲਾਇਬਰੇਰੀ ਲੰਗਰ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। 

ਇਸ ਮੁਹਿੰਮ ਦੀ ਸ਼ੁਰੂਆਤ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਵੱਲੋਂ ਮੁਕਤਸਰ ਜ਼ਿਲ੍ਹੇ ਦੇ ਪਿੰਡ ਕੋਟ ਭਾਈ ਵਿਖੇ ਉਚੇਚੇ ਤੌਰ 'ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਨੂੰ ਘਰੋਂ-ਘਰੀਂ ਕਿਤਾਬਾਂ ਵੰਡ ਕੇ ਕੀਤੀ ਗਈ। ਆਪਣੇ ਮਿਹਨਤੀ ਸਿੱਖਿਆ ਅਮਲੇ ਦੀ ਟੀਮ ਦੀ ਅਗਵਾਈ ਕਰਦੇ ਹੋਏ ਜਿਉਂ ਹੀ ਸਿੱਖਿਆ ਸਕੱਤਰ ਵਿਦਿਆਰਥੀਆਂ ਦੇ ਘਰਾਂ ਤੱਕ ਲਾਇਬਰੇਰੀ ਦੀਆਂ ਕਿਤਾਬਾਂ ਉਹਨਾਂ ਦੇ ਹੱਥਾਂ ਵਿੱਚ ਦੇਣ ਲਈ ਅਤੇ ਮਿਹਨਤੀ ਅਧਿਆਪਕਾਂ ਦੀ ਹੌਸਲਾ ਅਫ਼ਜਾਈ ਕਰਨ ਪਹੁੰਚੇ ਤਾਂ ਹਰ ਕੋਈ ਸਿੱਖਿਆ ਵਿਭਾਗ ਦੇ ਮਿਹਨਤਕਸ਼ ਅਮਲੇ ਅਤੇ ਸਰਕਾਰੀ ਸਕੂਲਾਂ ਦੀ ਤਾਰੀਫ਼ ਕਰਨੋਂ ਨਾ ਰਹਿ ਸਕਿਆ। ਵਿਦਿਆਰਥੀਆਂ ਦੇ ਮਾਪੇ ਮਹਾਂਮਾਰੀ ਦੇ ਦੌਰ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਆਪਣੇ ਬੱਚਿਆਂ ਦੇ ਭਵਿੱਖ ਤੋਂ ਸੰਤੁਸ਼ਟ ਨਜ਼ਰ ਆਏ। 


ਇਸ ਮੌਕੇ ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਸਿੱਖਿਆ ਵਿਭਾਗ ਦਾ ਟੀਚਾ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਇਬਰੇਰੀ ਦੀਆਂ ਕਿਤਾਬਾਂ ਦੇ ਕੇ ਉਹਨਾਂ ਦੀ ਸ਼ਖ਼ਸੀਅਤ ਵਿੱਚ ਪੜ੍ਹਨ ਰੁਚੀਆਂ ਵਿਕਸਿਤ ਕਰਕੇ ਸਾਹਿਤ ਨਾਲ ਜੋੜਨਾ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਲਾਇਬਰੇਰੀਆਂ ਉੱਚ ਪਾਏ ਦੇ ਚੰਗੇ ਸਾਹਿਤਿਕ ਖ਼ਜ਼ਾਨੇ ਨਾਲ ਓਤਪੋਤ ਹਨ ਜਿਸਨੂੰ ਪੜ੍ਹ ਕੇ ਵਿਦਿਆਰਥੀ ਆਪਣੇ ਜੀਵਨ ਵਿੱਚ ਚੰਗੇ ਗੁਣਾਂ ਦੇ ਧਾਰਨੀ ਬਣਦੇ ਹੋਏ ਆਪਣੇ ਭਵਿੱਖ ਲਈ ਸਹੀ ਸੇਧ ਪ੍ਰਾਪਤ ਕਰਨਗੇ।  


ਇਸ ਮੁਹਿੰਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿੱਖਿਆ ਬੁਲਾਰੇ ਨੇ ਦੱਸਿਆ ਕਿ ਭਾਵੇਂ ਮਿਹਨਤੀ ਅਧਿਆਪਕਾਂ ਵੱਲੋਂ ਹਰ ਸਮੇਂ ਹੀ ਪੜ੍ਹਾਈ ਦੇ ਨਾਲ -ਨਾਲ ਆਪਣੇ ਵਿਦਿਆਰਥੀਆਂ ਨੂੰ ਲਾਇਬਰੇਰੀ ਦੇ ਗਿਆਨ ਭੰਡਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ । ਪਰ ਪਿਛਲੇ ਸਮੇਂ ਦੀ ਤਰ੍ਹਾਂ ਵਿਭਾਗ ਵੱਲੋਂ ਹਰ ਗਤੀਵਿਧੀ ਨੂੰ ਇੱਕ ਖਾਸ ਮੁਹਿੰਮ ਦਾ ਨਾਂ ਦੇ ਕੇ ਸਫ਼ਲ ਬਣਾਇਆ ਜਾ ਰਿਹਾ ਹੈ । 

ਵਿਭਾਗ ਵੱਲੋਂ ਕੀਤੀ ਯੋਜਨਾਬੰਦੀ ਤਹਿਤ 8 ਜੁਲਾਈ ਤੋਂ ਕਪੂਰਥਲਾ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਲਾਇਬਰੇਰੀ ਲੰਗਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ 9 ਜੁਲਾਈ ਨੂੰ ਹੁਸ਼ਿਆਰਪੁਰ ਅਤੇ ਜਲੰਧਰ , 12 ਜੁਲਾਈ ਨੂੰ ਲੁਧਿਆਣਾ ਅਤੇ ਨਵਾਂ ਸ਼ਹਿਰ , 13 ਜੁਲਾਈ ਨੂੰ ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ , 14 ਜੁਲਾਈ ਨੂੰ ਮਾਨਸਾ ਅਤੇ ਗੁਰਦਾਸਪੁਰ ,15 ਜੁਲਾਈ ਨੂੰ ਬਠਿੰਡਾ ਅਤੇ ਤਰਨਤਾਰਨ , 16 ਜੁਲਾਈ ਨੂੰ ਸੰਗਰੂਰ ਅਤੇ ਫ਼ਤਹਿਗੜ੍ਹ ਸਾਹਿਬ ,19 ਜੁਲਾਈ ਨੂੰ ਮੋਹਾਲੀ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਵਿੱਚ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਲਾਇਬਰੇਰੀ ਦੀਆਂ ਕਿਤਾਬਾਂ ਦਿੱਤੀਆਂ ਜਾਣਗੀਆਂ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਕਿਤਾਬਾਂ ਦੀਆਂ ਸਟਾਲਾਂ ਲਗਾ ਕੇ ਦੇਸ਼ ਦੇ ਭਵਿੱਖ ਨੂੰ ਵੱਧ ਤੋਂ ਵੱਧ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇਗਾ।

JOIN US ON TELEGRAM

JOIN US ON TELEGRAM
PUNJAB NEWS ONLINE

Today's Highlight