*ਸਮਗਰਾ ਸਿੱਖਿਆ ਅਭਿਆਨ ਦੇ ਆਈ.ਈ.ਡੀ/ ਆਈ.ਈ.ਡੀ.ਐਸ.ਐਸ. ਕੰਪੋਨੇੰਟ ਤਹਿਤ ਦਿਵਿਆਂਗ ਬੱਚਿਆਂ ਨੂੰ ਵੰਡੇ ਗਏ ਸਹਾਇਕ ਉਪਕਰਨ*
*ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਕੇਵਲ ਦੋ ਦਰਜਨ ਬੱਚਿਆਂ ਨੂੰ ਵੰਡਿਆ ਸਾਮਾਨ*
- ਬਾਕੀ ਬੱਚਿਆਂ ਨੂੰ ਘਰ ਘਰ ਆਈ.ਈ.ਆਰ.ਟੀ ਅਤੇ ਆਈ.ਈ. ਵਲੰਟੀਅਰ ਦੁਆਰਾ ਪਹੁੰਚਾਇਆ ਜਾਵੇਗਾ ਸਾਮਾਨ
ਫਾਜ਼ਿਲਕਾ 28 ਜੁਲਾਈ(ਇਨਕਲਾਬ ਗਿੱਲ): ਸਮਗਰਾ ਸਿੱਖਿਆ ਅਭਿਆਨ ਦੇ ਤਹਿਤ ਦਿਵਿਆਂਗ ਬੱਚਿਆਂ ਨੂੰ ਉਨ੍ਹਾਂ ਦੀ ਲੋੜ ਅਤੇ ਸਹੂਲਤ ਅਨੁਸਾਰ ਸਾਮਾਨ ਵੰਡ ਕੈਂਪ ਜਿਲਾ ਸਿੱਖਿਆ ਅਧਿਕਾਰੀ ਡਾ. ਸੁਖਬੀਰ ਸਿੰਘ ਬੱਲ ਅਤੇ ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ ਬ੍ਰਿਜ ਮੋਹਨ ਸਿੰਘ ਬੇਦੀ ਦੀ ਪ੍ਰਧਾਨਗੀ ਅਧੀਨ ਸਰਕਾਰੀ ਸੀ.ਸੈ.ਸਕੂਲ ਫਾਜ਼ਿਲਕਾ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਦਿਵਿਆਂਗਜਨ ਬੱਚਿਆਂ ਨੂੰ ਟਰਾਈ ਸਾਈਕਲ, ਵਹੀਲਚੇਅਰ, ਹਿਅਰਿੰਗ ਏਡ, ਰੋਲੇਟਰ, ਐਮ.ਆਰ. ਕਿੱਟ ਅਤੇ ਹੋਰ ਜ਼ਰੂਰਤ ਦਾ ਸਾਮਾਨ ਦਿੱਤਾ ਗਿਆ। ਇਸ ਮੌਕੇ ਉੱਤੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਗੀਤਾ ਗੋਸਵਾਮੀ, ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਟੀਚਰ ਦਰਸ਼ਨ ਵਰਮਾ ਦੇ ਇਲਾਵਾ ਬਲਾਕ ਫਾਜ਼ਿਲਕਾ-1 ਦੇ ਬੀਪੀਈਓ ਸੁਨੀਲ ਕੁਮਾਰ, ਬਲਾਕ ਫ਼ਾਜ਼ਿਲਕਾ-2 ਦੀ ਬੀਪੀਈਓ ਸੁਖਵਿੰਦਰ ਕੌਰ ਅਤੇ ਇਸ ਪ੍ਰੋਜੇਕਟ ਨਾਲ ਜੁੜੇ ਅਧਿਆਪਕ ਅਤੇ ਵਲੰਟੀਅਰ ਮੌਜੂਦ ਸਨ।
ਜ਼ਿਲ੍ਹਾ ਸਪੈਸ਼ਲ ਐਜੂਕੇਟਰ ਗੀਤਾ ਗੋਸਵਾਮੀ ਨੇ ਦੱਸਿਆ ਕਿ ਵੱਖ ਵੱਖ ਅੰਗਹੀਣਾਂ ਵਾਲੇ ਬੱਚਿਆਂ ਦੀ ਜ਼ਰੂਰਤ ਦਾ ਜਾਇਜ਼ਾ ਲੈਣ ਲਈ ਕੁਝ ਸਮੇਂ ਪਹਿਲਾਂ ਇੱਕ ਅਸੈਸਮੈਂਟ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਉਨ੍ਹਾਂ ਨੂੰ ਮਾਹਰਾਂ ਵਲੋਂ ਸਹਾਇਕ ਉਪਕਰਨ ਜਿਵੇਂ ਕਿ ਵ੍ਹੀਲਚੇਅਰਸ, ਸੀ ਪੀ ਕੁਰਸੀਆਂ, ਟ੍ਰਾਈਸਾਈਕਲ, ਕਰੈਚਸ, ਹਿਅਰਿੰਗ ਏਡ, ਰੈਗੂਲੇਟਰਾਂ ਆਦਿ ਦੀ ਸਿਫਾਰਿਸ਼ ਕੀਤੀ ਗਈ ਸੀ। ਹੁਣ ਅਲੀਮਕੋ ਵਲੋਂ ਤਿਆਰ ਕੀਤੀ ਗਈ ਸਮੱਗਰੀ ਬੱਚਿਆਂ ਨੂੰ ਵੰਡੀ ਜਾ ਰਹੀ ਹੈ. ਉਨ੍ਹਾ ਨੇ ਦੱਸਿਆ ਕਿ ਇਹ ਸਹਾਇਕ ਉਪਕਰਨ 110 ਬੱਚਿਆਂ ਨੂੰ ਵੰਡਿਆ ਜਾਣਾ ਹੈ, ਪਰ ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ, ਸਿਰਫ ਦੋ ਦਰਜਨ ਬੱਚਿਆਂ ਨੂੰ ਬੁਲਾ ਕੇ ਇਹ ਸਾਮਾਨ ਸੰਕੇਤਿਕ ਰੂਪ ਵਿਚ ਵੰਡਿਆ ਗਿਆ ਹੈ। ਜਦੋਂਕਿ ਬਾਕੀ ਬਚਿਆਂ ਨੂੰ ਆਈ.ਈ.ਆਰ.ਟੀ ਅਤੇ ਆਈ. ਈ. ਵਲੰਟੀਅਰ ਦੁਆਰਾ ਬੱਚਿਆਂ ਦੇ ਘਰ ਤਕ ਪਹੁੰਚਾਇਆ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਡਾ: ਸੁਖਬੀਰ ਸਿੰਘ ਬੱਲ ਨੇ ਕਿਹਾ ਕਿ ਸਰਕਾਰ ਸਮੇਂ-ਸਮੇਂ ‘ਤੇ ਅਜਿਹੇ ਕੈਂਪ ਲਗਾ ਕੇ ਦਿਵਿਆਂਗ ਬੱਚਿਆਂ ਦੀ ਸਹਾਇਤਾ ਕਰਦੀ ਹੈ ਤਾਂ ਜੋ ਇਹ ਬੱਚੇ ਆਪਣੀ ਜ਼ਿੰਦਗੀ ਵੀ ਬਿਹਤਰ ਢੰਗ ਨਾਲ ਜੀ ਸਕਣ।
ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ ਬ੍ਰਿਜ ਮੋਹਨ ਬੇਦੀ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੇ ਮਾਪੇ ਪ੍ਰਸੰਸਾ ਦੇ ਹੱਕਦਾਰ ਹਨ, ਜੋ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਇਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹਿੰਮਤ ਨਾਲ ਬੱਚਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਬੱਚਿਆਂ ਦੀ ਸੇਵਾ ਪਰਮਾਤਮਾ ਦੀ ਸੇਵਾ ਦੇ ਬਰਾਬਰ ਹੈ।