ਹਰਮਨ ਪਿਆਰਾ ਬਣ ਰਿਹਾ ਹੈ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ ਨੂੰ ਰੂਪਮਾਨ ਕਰਦਾ ਹਫ਼ਤਾਵਾਰੀ ਪ੍ਰੋਗਰਾਮ 'ਨਵੀਆਂ ਪੈੜਾਂ
ਜ਼ਿਲ੍ਹਾ ਫਰੀਦਕੋਟ ਦੇ ਵਿਦਿਆਰਥੀਆਂ ਦੀਆਂ ਵਿੱਦਿਅਕ ਅਤੇ ਸਹਿ ਵਿੱਦਿਅਕ ਪੇਸ਼ਕਾਰੀਆਂ ਨੇ ਕੀਲੇ ਦਰਸ਼ਕ
ਐੱਸ.ਏ.ਐੱਸ.ਨਗਰ 26 ਜੂਨ (ਰਜਨਦੀਪ ਚਾਹਲ) ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਭਾਵੇਂ ਸਰਕਾਰੀ ਸਕੂਲ ਬੰਦ ਹਨ ਪਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਦੇਖ-ਰੇਖ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਯੋਗ ਅਗਵਾਈ ਸਦਕਾ ਜਿੱਥੇ ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਟੈਲੀਵਿਜ਼ਨ ਮਾਧਿਅਮ ਰਾਹੀਂ ਆਨਲਾਈਨ ਜਮਾਤਾਂ ਦਾ ਪ੍ਰਬੰਧ ਕਰਕੇ ਵਿੱਦਿਅਕ ਮਾਹੌਲ ਸਿਰਜ ਰਿਹਾ ਹੈ ,ਉੱਥੇ ਵਿਭਾਗ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨ ਲਈ ਵੀ ਨਿਰੰਤਰ ਯਤਨਸ਼ੀਲ ਹੈ , ਇਹਨਾਂ ਯਤਨਾਂ ਦੀ ਲੜੀ ਵਿੱਚ ਹਰ ਸ਼ਨੀਵਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਸਦਕਾ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਗੁਣਾਤਮਿਕ ਸਿੱਖਿਆ ਵਿੱਚ ਆਏ ਕ੍ਰਾਂਤੀਕਾਰੀ ਬਦਲਾਅ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਵਿੱਦਿਅਕ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦੀ ਤਸਵੀਰ ਪੇਸ਼ ਕਰਦਾ ਪ੍ਰੋਗਰਾਮ 'ਨਵੀਆਂ ਪੈੜਾਂ' ਹਰਮਨਪਿਆਰਾ ਪ੍ਰੋਗਰਾਮ ਬਣ ਚੁੱਕਿਆ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਹਫ਼ਤੇ ਦਾ ਪ੍ਰੋਗਰਾਮ ਜ਼ਿਲ੍ਹਾ ਫਰੀਦਕੋਟ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ, ਦ੍ਰਿੜ ਇਰਾਦੇ ਅਤੇ ਆਤਮਵਿਸ਼ਵਾਸ ਦੀ ਕਹਾਣੀ ਨੂੰ ਸਮਾਜ ਸਾਹਮਣੇ ਦ੍ਰਿਸ਼ਵਾਨ ਕਰ ਰਿਹਾ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਸੁਖਦਰਸ਼ਨ ਸਿੰਘ ਚਹਿਲ ਅਤੇ ਅਮਰਦੀਪ ਸਿੰਘ ਬਾਠ ਵੱਲੋਂ ਸਮੁੱਚੇ ਭਾਰਤ ਵਿੱਚੋਂ ਸਾਡੇ ਸੂਬੇ ਪੰਜਾਬ ਵੱਲੋਂ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ ਵਿੱਚ ਨੰਬਰ 1 ਸਥਾਨ ਹਾਸਿਲ ਕਰਕੇ ਰਚੇ ਨਵੇਂ ਕੀਰਤੀਮਾਨ ਦਾ ਜ਼ਿਕਰ ਕੀਤਾ ਗਿਆ।
ਇਸ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦੇ ਵਿਲੱਖਣ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈਕਾ ਦੀ ਮਨੋਵਿਗਿਆਨਕ ਪੱਖਾਂ ਅਧਾਰਿਤ ਗੁਣਾਤਮਿਕ ਸਿੱਖਿਆ , ਸਕੂਲ ਦੇ ਆਤਮਵਿਸ਼ਵਾਸੀ ਵਿਦਿਆਰਥੀਆਂ ਦੀਆਂ ਵਿੱਦਿਅਕ ਅਤੇ ਸਹਿ ਵਿੱਦਿਅਕ ਗਤੀਵਿਧੀਆਂ ਅਤੇ ਹਰ ਪੱਖੋਂ ਨਿਪੁੰਨ ਬੁਨਿਆਦੀ ਢਾਂਚੇ ਦੀ ਤਸਵੀਰ ਪੇਸ਼ ਕਰਦੀ ਵੀਡੀਓਗ੍ਰਾਫ਼ੀ ਵਿਖਾਈ ਗਈ। ਸਕੂਲ ਦੇ ਸੈਂਟਰ ਹੈੱਡ ਟੀਚਰ ਨੇ ਮਿਹਨਤੀ ਅਧਿਆਪਕਾਂ ਦੀ ਕੋਸ਼ਿਸ਼ਾਂ ਕਰਕੇ ਸਕੂਲ ਵਿੱਚ ਵਿਦਿਆਰਥੀਆਂ ਦੇ ਲਗਾਤਾਰ ਵਾਧੇ 'ਤੇ ਤਸੱਲੀ ਪ੍ਰਗਟਾਈ ਅਤੇ ਸਕੂਲ ਮੁਖੀ ਰਜਿੰਦਰ ਕੁਮਾਰ ਨੈਸ਼ਨਲ ਐਵਾਰਡੀ ਅਤੇ ਸਕੂਲ ਅਧਿਆਪਕਾਂ ਨੇ ਸਕੂਲ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਜਿਵੇਂ ਲਰਨਿੰਗ ਵਿੱਦ ਲਿਸਨਿੰਗ ਸਕਿੱਲਜ , ਮੋਟਰ ਸਕਿੱਲਜ ,ਕੌਗਨਿਟਿਵ ਸਕਿੱਲਜ ਆਦਿ ਅਤੇ ਸਕੂਲ ਦੀ ਦਿਨ ਦੁੱਗਣੇ ਰਾਤ ਚੌਗੁਣੇ ਵਿਕਾਸ ਦੀ ਕਹਾਣੀ ਬਿਆਨ ਕੀਤੀ। ਪਿੰਡ ਵਾਸੀਆਂ ਦੁਆਰਾ ਸਕੂਲ ਦੀ ਗੁਣਾਤਮਿਕ ਸਿੱਖਿਆ , ਸਮਾਰਟ ਜਮਾਤਾਂ, ਸਮਾਰਟ ਲਾਇਬਰੇਰੀ ਅਤੇ ਮਿਹਨਤੀ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਗਈ।
ਇਸ ਦੌਰਾਨ ਜ਼ਿਲ੍ਹੇ ਦੇ ਸਸਸਸ ਰੱਤੀ ਰੋੜੀ ਡੱਗੋ ਰੁਮਾਣਾ ਦੇ ਵੱਖ-ਵੱਖ ਵਿਦਿਆਰਥੀਆਂ ਨੇ ਪੰਜਾਬੀ ਕਵਿਤਾਵਾਂ ਅਤੇ ਇੰਗਲਿਸ਼ ਬੂਸਟਰ ਕਲੱਬ ਅਧੀਨ ਅੰਗਰੇਜ਼ੀ ਦੀ ਕਮਿਊਨੀਕੇਸ਼ਨ ਸਕਿੱਲ ਦੀ ਬਾਖੂਬੀ ਪੇਸ਼ਕਾਰੀ ਕੀਤੀ।
ਸਕੂਲ ਪ੍ਰਿੰਸੀਪਲ ਤਰਨਜੀਤ ਕੌਰ ਨੇ ਸਕੂਲ ਵਿੱਚ ਲਗਾਤਾਰ ਵਧ ਰਹੇ ਦਾਖਲੇ 'ਤੇ ਚਾਨਣਾ ਪਾਇਆ।
ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਹੁੰਨਰਮੰਦ ਵਿਦਿਆਰਥਣਾਂ ਨੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਗਿੱਧਾ, ਲੋਕ ਗੀਤ ਅਤੇ ਸੋਲੋ ਗੀਤ ਦੀ ਬਾਕਮਾਲ ਪੇਸ਼ਕਾਰੀ ਕੀਤੀ।
ਹੋਰ ਤਾਂ ਹੋਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਸੋਹਣੇ ਸੱਭਿਆਚਾਰਕ ਅਤੇ ਸਿੱਖਿਆਦਾਇਕ ਪਾਰਕ ਅਤੇ ਖੁੱਲ੍ਹੇ-ਡੁੱਲ੍ਹੇ ਖੇਡ ਮੈਦਾਨਾਂ ਵਿੱਚ ਖੇਡ ਗਤੀਵਿਧੀਆਂ ਕਰਦੇ ਵਿਦਿਆਰਥੀਆਂ ਦੇ ਦ੍ਰਿਸ਼ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ।