ਬਲਾਕ ਪੱਟੀ, ਭਿੱਖੀਵਿੰਡ ਅਤੇ ਤਰਨਤਾਰਨ ਪਰਾਪਰ ਦੇ ਸਾਰੇ ਅੱਪਰ ਪ੍ਰਾਇਮਰੀ ਸਕੂਲ ਹੋਏ ਸਮਾਰਟ
ਸਕੱਤਰ ਸਕੂਲ ਸਿੱਖਿਆ ਵੱਲੋਂ ਬਲਾਕ ਨੋਡਲ ਅਫ਼ਸਰਜ਼ ਨੂੰ ਭੇਜੇ ਗਏ ਪ੍ਰਸੰਸਾ ਪੱਤਰ
ਤਰਨਤਾਰਨ (ਪ੍ਰੇਮ ਸਿੰਘ) 17 ਜੂਨ - ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪੰਜਾਬ ਜੀ ਦੀ ਰਹਿਨੁਮਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈ ਗਈ ਸਮਾਰਟ ਸਕੂਲ ਲਹਿਰ ਦੁਆਰਾ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਪਿਛਲੇ ਕੁਝ ਸਮੇਂ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਵੇਖਣ ਨੂੰ ਮਿਲ ਰਹੇ ਹਨ ਜੋ ਕਿ ਪਿੰਡ ਵਾਸੀਆਂ ਦੀ ਖਿੱਚ ਦਾ ਕੇਂਦਰ ਬਿੰਦੂ ਬਣੇ ਹੋਏ ਹਨ। ਸ਼੍ਰੀ ਸਤਿਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਨਤਾਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਬਹੁਤ ਤੇਜ਼ੀ ਨਾਲ "ਸਮਾਰਟ ਸਕੂਲ ਜ਼ਿਲ੍ਹਾ" ਵਜੋਂ ਆਪਣੇ ਕਦਮ ਨਿਰੰਤਰ ਵਧਾ ਰਿਹਾ ਹੈ ਜਿਸਦੀ ਤਾਜ਼ਾ ਮਿਸਾਲ ਇਹ ਹੈ ਕਿ ਮਾਨਯੋਗ ਸਕੱਤਰ ਸਕੂਲ ਸਿੱਖਿਆ ਨੇ ਤਿੰਨ ਬਲਾਕਾਂ ਵਿਚਲੇ ਸੰਪੂਰਨ ਸਕੂਲਾਂ ਦੇ ਵਿਭਾਗ ਵੱਲੋਂ ਨਿਰਧਾਰਤ ਸਟੇਜ 2 ਨੂੰ ਕੰਪਲੀਟ ਕਰ ਲੈਣ ਉਪਰੰਤ ਸੰਬੰਧਿਤ ਬਲਾਕਾਂ ਦੇ ਬਲਾਕ ਨੋਡਲ ਅਫ਼ਸਰਜ਼ ਨੂੰ ਪ੍ਰਸੰਸਾ ਪੱਤਰ ਜਾਰੀ ਕਰ ਨਿਵਾਜ਼ਿਆ ਹੈ। ਉਹਨਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਜ਼ਿਲੇ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਗੁਰਬਚਨ ਸਿੰਘ ਲਾਲੀ ਜੋ ਕਿ ਬਤੌਰ ਬਲਾਕ ਨੋਡਲ ਅਫ਼ਸਰ ਪੱਟੀ ਵੀ ਕੰਮ ਕਰ ਰਹੇ ਹਨ ਨੂੰ ਕੁੱਲ 31 ਵਿੱਚੋਂ 31 ਅੱਪਰ ਪ੍ਰਾਇਮਰੀ ਸਕੂਲਾਂ ਨੂੰ 100% ਸਮਾਰਟ ਬਣਾਉਣ ਲਈ ਵਿਭਾਗ ਵੱਲੋਂ ਪ੍ਰਸੰਸਾ ਪੱਤਰ ਜਾਰੀ ਹੋਇਆ ਹੈ।
ਜ਼ਿਲ੍ਹਾ ਮੈਂਟਰ ਸਮਾਰਟ ਸਕੂਲ , ਪ੍ਰਿੰਸੀਪਲ ਸ਼੍ਰੀ ਗੁਰਦੀਪ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਹਰਬੰਸ ਸਿੰਘ (ਪ੍ਰਿੰਸੀਪਲ ਸਸਸਸ ਘਰਿਆਲਾ ਕੰਨਿਆਂ) ਬਲਾਕ ਨੋਡਲ ਅਫ਼ਸਰ ਭਿੱਖੀਵਿੰਡ ਵੱਲੋਂ ਬਲਾਕ ਦੇ ਕੁੱਲ 33 ਵਿੱਚੋਂ 33 ਅੱਪਰ ਪ੍ਰਾਇਮਰੀ ਸਕੂਲ ਅਤੇ ਪ੍ਰਿੰਸੀਪਲ ਸ਼੍ਰੀ ਸੁਖਮੰਦਰ ਸਿੰਘ (ਸਸਸਸ ਰਟੌਲ) ਬਲਾਕ ਨੋਡਲ ਅਫ਼ਸਰ ਤਰਨਤਾਰਨ ਪਰਾਪਰ ਵੱਲੋਂ ਬਲਾਕ ਦੇ ਸਾਰੇ 28 ਦੇ 28 ਸਕੂਲਾਂ ਨੂੰ ਸਮਾਰਟ ਬਣਾਉਣ ਲਈ ਸਕੱਤਰ ਸਾਹਿਬ ਵੱਲੋਂ ਪ੍ਰਸੰਸਾ ਪੱਤਰ ਜਾਰੀ ਕੀਤੇ ਗਏ ਹਨ।
ਡੀਈਓ ਸੈਕੰਡਰੀ ਤਰਨਤਾਰਨ ਵੱਲੋਂ ਇਸ ਮੌਕੇ, ਪ੍ਰਸੰਸਾ ਪੱਤਰ ਪ੍ਰਾਪਤ ਬੀ ਐਨ ਓ ਸਾਹਿਬਾਨ ਨੂੰ ਬਾਕੀ ਬੀ ਐਨ ਓਜ਼ ਨਾਲ ਆਪਣੇ ਤਜਰਬੇ ਸਾਂਝੇ ਕਰਨ ਲਈ ਕਿਹਾ ਉਹਨਾਂ ਬਾਕੀ ਬਲਾਕ ਨੋਡਲ ਅਫ਼ਸਰਜ਼ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈਂਦੇ ਹੋਏ ਜ਼ਿਲ੍ਹਾ ਤਰਨਤਾਰਨ ਵਿਚਲੀ ਸਮਾਰਟ ਸਕੂਲ ਮੁਹਿੰਮ ਨੂੰ ਹੋਰ ਅੱਗੇ ਲਿਜਾਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਡੀਈਓ ਸੈਕੰਡਰੀ ਸ਼੍ਰੀ ਸਤਿਨਾਮ ਸਿੰਘ ਬਾਠ ਵੱਲੋਂ ਸਕੂਲ ਸਿੱਖਿਆ ਸੁਧਾਰ ਟੀਮ ਇੰਚਾਰਜ ਸ੍ਰੀ ਸੁਰਿੰਦਰ ਕੁਮਾਰ ਅਤੇ ਪ੍ਰਿੰਸੀਪਲ ਸ਼੍ਰੀ ਗੁਰਦੀਪ ਸਿੰਘ ਜ਼ਿਲ੍ਹਾ ਮੈਂਟਰ ਸਮਾਰਟ ਸਕੂਲਜ ਨਾਲ 100% ਸਮਾਰਟ ਬਲਾਕ ਬਣਾਉਣ ਵਾਲੇ ਬੀ ਐਨ ਓਜ ਨੂੰ ਵਿਭਾਗ ਵੱਲੋਂ ਜਾਰੀ ਕੀਤਾ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਬੀਐਨਓ ਚੋਹਲਾ ਸਾਹਿਬ ਸ਼੍ਰੀਮਤੀ ਪਰਮਜੀਤ ਕੌਰ, ਬੀਐਨਓ ਨੌਸ਼ਹਿਰਾ ਪਨੂੰਆਂ ਸ਼੍ਰੀ ਪਰਵੀਨ ਕੁਮਾਰ, ਬੀਐਨਓ ਖਡੂਰ ਸਾਹਿਬ ਸ਼੍ਰੀ ਵਿਕਾਸ ਕੁਮਾਰ, ਬੀਐਨਓ ਗੰਡੀਵਿੰਡ ਸ਼੍ਰੀ ਰਣਜੀਤ ਸਿੰਘ ਬੀਐਨਓ ਨੂਰਦੀ ਸ਼੍ਰੀ ਜਸਪ੍ਰੀਤ ਸਿੰਘ ਅਤੇ ਬੀਐਨਓ ਵਲਟੋਹਾ ਸ਼੍ਰੀ ਜਸਬੀਰ ਸਿੰਘ ਹਾਜ਼ਰ ਸਨ।
ਤਸਵੀਰ - ਬੀ.ਐਨ.ਓਜ਼ ਨੂੰ ਸਨਮਾਨਿਤ ਕਰਦਿਆਂ ਡੀਈਓ ਸੈਕੰਡਰੀ ਸਤਿਨਾਮ ਸਿੰਘ ਬਾਠ ਅਤੇ ਅਧਿਕਾਰੀ।