ਪਹਿਲਕਦਮੀ- ਸਿੱਖਿਆ ਵਿਭਾਗ ਵੱਲੋਂ ਰੀ-ਇੰਜੀਨੀਅਰ ਪ੍ਰਾਸੈੱਸ ਤਹਿਤ ਆਨਲਾਈਨ ਪ੍ਰਕਿਰਿਆ ਸਬੰਧੀ ਇੱਕ ਕਿਤਾਬਚਾ ਜਾਰੀ
ਕਿਤਾਬਚੇ ਵਿੱਚ ਵਿਭਾਗ ਵੱਲੋਂ ਸਮੇਂ-ਸਮੇਂ ਜਾਰੀ ਕੀਤੇ ਸਾਰੇ ਪੱਤਰ ਵੀ ਤਰਤੀਬਵਾਰ ਮਿਲਣਗੇ
ਐੱਸ.ਏ.ਐੱਸ.ਨਗਰ 17 ਜੂਨ (ਰਜਨਦੀਪ ਚਾਹਲ ) ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਯੋਗ ਰਹਿਨੁਮਾਈ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਪ੍ਰੇਰਨਾ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਸਿੱਖਿਆ ਵਿਭਾਗ ਹਰ ਖੇਤਰ ਵਿੱਚ ਨਵੀਆਂ ਪੁਲਾਘਾਂ ਪੁੱਟ ਰਿਹਾ ਹੈ।
ਇਹਨਾਂ ਸਾਰਥਕ ਯਤਨਾਂ ਦੀ ਲੜੀ ਵਿੱਚ ਵਾਧਾ ਕਰਦਿਆਂ ਵਿਭਾਗ ਵੱਲੋਂ ਪਿਛਲੇ ਵਰ੍ਹੇ ਆਰੰਭ ਕੀਤੀ ਰੀ-ਇੰਜੀਨੀਅਰਿੰਗ ਪ੍ਰਕ੍ਰਿਆ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਅਤੇ ਸੁਖ਼ਾਲਾ ਬਣਾਉਣ ਲਈ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਸਮੁੱਚੇ ਪੱਤਰਾਂ ਅਤੇ ਆਨਲਾਈਨ ਪ੍ਰਕ੍ਰਿਆ ਦੀ ਜਾਣਕਾਰੀ ਸਬੰਧੀ ਇੱਕ ਕਿਤਾਬਚਾ ਜਾਰੀ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿਤਾਬਚੇ ਵਿੱਚ ਆਪਣੇ ਕਰਮਚਾਰੀਆਂ ਦੀ ਸਹੂਲਤ ਲਈ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਕੀਤੀਆਂ ਜਾਂਦੀਆਂ ਹਦਾਇਤਾਂ, ਸੂਚਨਾਵਾਂ ਅਤੇ ਰੂਲਜ਼ ਸਬੰਧੀ ਜਾਰੀ ਕੀਤੇ ਜਾਂਦੇ ਪੱਤਰ ਤਰਤੀਬਵਾਰ ਮੁਹੱਈਆ ਕਰਵਾਏ ਗਏ ਹਨ ਤਾਂ ਕਿ ਕਿਸੇ ਸਮੇਂ ਵੀ ਕਰਮਚਾਰੀ ਜ਼ਰੂਰਤ ਪੈਣ 'ਤੇ ਕੋਈ ਵੀ ਪੱਤਰ ਪ੍ਰਾਪਤ ਕਰ ਸਕਣ।
ਇਸਸ ਤੋਂ ਇਲਾਵਾ ਰੀ-ਇੰਜੀਨੀਅਰਿੰਗ ਦੀ ਪ੍ਰਕ੍ਰਿਆ ਤਹਿਤ ਵਿਭਾਗ ਵੱਲੋਂ ਆਪਣੇ ਕਰਮਚਾਰੀਆਂ ਦੇ ਸੇਵਾ ਕਾਲ ਵਿੱਚ ਵਾਧਾ ਕਰਨਾ , ਪਰਖਕਾਲ ਅਤੇ ਕੰਨਫ਼ਰਮੇਸ਼ਨ , ਛੁੱਟੀਆਂ ਅਪਲਾਈ ਕਰਨਾ, ਮਿਆਦ ਪੁੱਗੇ ਕਲੇਮ ਕਰਨਾ , ਸੇਵਾ ਮੁਕਤ ਅਧਿਕਾਰੀਆਂ /ਕਰਮਚਾਰੀਆਂ ਦੇ ਮਿਆਦ ਪੁੱਗੇ ਕਲੇਮ, ਅਸਤੀਫ਼ਾ ਅਤੇ ਸਵੈ-ਇੱਛੁਕ ਸੇਵਾ ਮੁਕਤੀ, ਮੈਡੀਕਲ ਬਿੱਲ,ਅਨੁਸ਼ਾਸ਼ਨਿਕ ਕਾਰਵਾਈ ਪ੍ਰਕ੍ਰਿਆ ,ਤਰਸ ਦੇ ਅਧਾਰ 'ਤੇ ਨਿਯੁਕਤੀਆਂ ,ਉਚੇਰੀ ਸਿੱਖਿਆ ਸਬੰਧੀ ਇਤਰਾਜ਼ਹੀਣਤਾ ਸਾਰਟੀਫਿਕੇਟ, ਨਵੀਂ ਨਿਯੁਕਤੀ, ਪਾਸਪੋਰਟ ਬਣਾਉਣ ਅਤੇ ਰੀਨਿਊ ਕਰਨ ਸਬੰਧੀ ਇਤਰਾਜ਼ਹੀਣਤਾ, ਪੈਂਡਿੰਗ ਰੈਫਰੈਂਸਜ ਦੀ ਮੋਬਾਈਲ ਐਪ, ਵਿਦਿਆਰਥੀਆਂ ਦੇ ਸਕੂਲ ਛੱਡਣ ਦੇ ਸਾਰਟੀਫਿਕੇਟ ਪ੍ਰਤੀ ਹਸਤਾਖਰ ਕਰਵਾਉਣਾ, ਤਜ਼ਰਬਾ ਸਾਰਟੀਫਿਕੇਟ ਜਾਰੀ ਕਰਨਾ, ਪੈਨਸ਼ਨ ਕੇਸਾਂ ਅਤੇ ਪੈਨਸ਼ਨਰਾਂ ਦਾ ਡਾਟਾ ਈ-ਪੰਜਾਬ 'ਤੇ ਅਪਲੋਡ ਕਰਨਾ , ਸਮੱਗਰਾ ਸਿੱਖਿਆ ਸਕੀਮ ਅਧੀਨ ਈ-ਪੰਜਾਬ ਡਾਟਾ ਮੁਕੰਮਲ ਕਰਨਾ, ਮੁੱਖ ਦਫ਼ਤਰ ਵਿਖੇ ਸੁਝਾਵਾਂ ਦੀ ਪ੍ਰਾਪਤੀ, ਪ੍ਰਾਈਵੇਟ ਸਕੂਲਾਂ ਦੀਆਂ ਆਨਲਾਈਨ ਸ਼ਿਕਾਇਤਾਂ ਦਾ ਨਿਪਟਾਰਾ ,ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਡਾਟੇ ਦੀ ਪ੍ਰਾਪਤੀ, ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੀ ਬਣਤਰ ਨੂੰ ਸੁਖਾਲਾ ਕਰਨਾ , ਮਹੱਤਵਪੂਰਨ ਸਖ਼ਸ਼ੀਅਤਾਂ ਦੇ ਨਾਮ 'ਤੇ ਸਕੂਲਾਂ ਦੇ ਨਾਮ ਰੱਖਣ ਦੀ ਪ੍ਰਕ੍ਰਿਆ ,ਪ੍ਰਾਈਵੇਟ /ਏਡਿਡ ਸਕੂਲਾਂ ਲਈ ਕਰਾਸਪਾਡੈਂਟ ਦੀ ਪ੍ਰਵਾਨਗੀ ਆਦਿ ਆਨਲਾਈਨ ਪ੍ਰਕ੍ਰਿਆਵਾਂ ਨੂੰ ਅਪਲਾਈ ਕਰਨ ਸਬੰਧੀ ਸਾਰੀ ਜਾਣਕਾਰੀ ਮੁਹੱਈਆ ਕਰਵਾਉਣਾ ਵੀ ਇੱਕ ਨਿਵੇਕਲਾ ਉੱਦਮ ਹੈ।
ਸਿੱਖਿਆ ਵਿਭਾਗ ਦੇ ਇਸ ਸ਼ਲਾਘਾਯੋਗ ਉੱਦਮ ਦੀ ਜਿੱਥੇ ਸਮੂਹ ਕਰਮਚਾਰੀਆਂ ਨੂੰ ਸਹੂਲਤ ਮਿਲੀ ਹੈ ਉੱਥੇ ਦੂਜੇ ਵਿਭਾਗਾਂ ਵੱਲੋਂ ਵੀ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਗਈ ਹੈ।