ਲੁਧਿਆਣਾ 22 ਜੂਨ (ਪਵਿੱਤਰ ਸਿੰਘ) ਜ਼ਿਲ੍ਹਾ ਲੁਧਿਆਣਾ ਦੇ ਦੋ ਵਿਦਿਆਰਥੀਆਂ ਨੇ ਪਹਿਲੇ ਪੜਾਅ ਦੀ ਪ੍ਰੀਖਿਆ ਕੀਤੀ ਪਾਸ
ਦੂਜੇ ਪੜਾਅ ਦੀ ਪ੍ਰੀਖਿਆ ਤੋਂ ਬਾਅਦ ਪੀ.ਐੱਚ.ਡੀ. ਤੱਕ ਦੀ ਪੜ੍ਹਾਈ ਮੁਫ਼ਤ ਹੋਵੇਗੀ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿੱਲ ( ਕੁੜੀਆਂ) ਦੀ ਵਿਦਿਆਰਥਣ ਕੀਰਤੀ ਵਰਮਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਦੋਵਾਲ ਛਾਉਣੀ ਦੇ ਵਿਦਿਆਰਥੀ ਭਵਦੀਪ ਸਿੰਘ ਨੇ ਪੰਜਾਬ 'ਚੋਂ ਪਹਿਲੀ ਵਾਰ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜਦੇ ਹੋਏ ਦੋ ਵਿਦਿਆਰਥੀਆਂ ਨੇ ਨੇੈਸਨਲ ਟੈਲੈਂਟ ਸਕਾਲਰਸਿਪ ਪੇਪਰ (ਐੱਨ.ਟੀ.ਐੱਸ.ਈ) ਦਾ ਪਹਿਲੇ ਪੜਾਅ ਦਾ ਪੇਪਰ ਪਾਸ ਕਰ ਲਿਆ ਹੈ। ਜਿਸ ਨਾਲ ਦੋਨਾਂ ਸਕੂਲਾਂ ਅਤੇ ਜ਼ਿਲ੍ਹਾ ਲੁਧਿਆਣਾ 'ਚ ਖ਼ੁਸ਼ੀ ਦੀ ਲਹਿਰ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿੱਲ ( ਕੁੜੀਆਂ) ਦੀ ਪ੍ਰਿੰਸੀਪਲ ਸਮਰੀਤੀ ਭਾਰਗਵ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਦੋਵਾਲ ਛਾਉਣੀ ਦੀ ਪ੍ਰਿੰਸੀਪਲ ਮੰਜੂ ਭਾਰਦਵਾਜ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਕੌਮੀ ਪੱਧਰ ਦੀ ਵਜ਼ੀਫ਼ਾ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ,ਸਕੂਲ, ਪਿੰਡ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਪੱਧਰ 'ਤੇ ਗਾਇਡ ਕਰਨ ਵਾਲੇ ਅਧਿਆਪਕ ਮੈਡਮ ਬਲਵਿੰਦਰ ਕੌਰ, ਪੂਜਾ ਸੋਨੀ, ਸੰਗੀਤਾ, ਸੁਰਿੰਦਰ ਕੌਰ, ਕਿਰਨ ਅਤੇ ਸਟਾਫ਼ ਸਿਰ ਜਾਂਦਾ ਹੈ, ਜਿਨ੍ਹਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਦੀ ਤਿਆਰੀ ਕਰਵਾਈ ਹੈ। ਇਸ ਪ੍ਰੀਖਿਆ ਵਿੱਚ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਦਸਵੀਂ ਵਿੱਚ ਪੜ੍ਹਾਈ ਕਰਦੇ ਵਿਦਿਆਰਥੀ ਭਾਗ ਲੈਂਦੇ ਹਨ, ਜਿਸ ਵਿੱਚ ਸਾਰੇ ਪੰਜਾਬ 'ਚੋ 183 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਇਸ ਪ੍ਰੀਖਿਆ ਦਾ ਦੂਜਾ ਪੇਪਰ ਰਾਸ਼ਟਰ ਪੱਧਰ ਦਾ ਹੋਵੇਗਾ,ਜੇਕਰ ਇਹ ਵਿਦਿਆਰਥੀਆਂ ਦੂਜੇ ਪੜਾਅ ਦੀ ਪ੍ਰੀਖਿਆ ਪਾਸ ਕਰ ਲੈਂਦੇ ਹਨ ਤਾਂ ਇਹਨਾਂ ਨੂੰ ਗਰੇਜੂਏਸਨ ਤੱਕ 24,000 ਰੁਪਏ ਸਾਲਾਨਾ ਵਜ਼ੀਫ਼ਾ ਮਿਲੇਗਾ ਅਤੇ ਮਾਸਟਰ ਡਿਗਰੀ ਤੱਕ ਖਰਚ ਸਰਕਾਰ ਵੱਲੋਂ ਹੋਵੇਗਾ ਅਤੇ ਰਿਸਰਚ ਵਿੱਚ ਸਾਰਾ ਖਰਚਾ ਭਾਰਤ ਸਰਕਾਰ ਕਰੇਗੀ ਅਤੇ ਇਹਨਾਂ ਵਿਦਿਆਰਥੀਆਂ ਦੀ ਰਿਸਰਚ ਵਿੱਚ ਪੀ.ਅੇੈਚ.ਡੀ. ਤੱਕ ਪੜ੍ਹਾਈ ਦਾ ਖਰਚ ਨਿਯਮਾਂ ਅਨੁਸਾਰ ਭਾਰਤ ਸਰਕਾਰ ਕਰੇਗੀ । ਵਰਨਣਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਪਹਿਲੀ ਵਾਰ ਵੱਡੀ ਪੱਧਰ 'ਤੇ ਸਫਲਤਾ ਪ੍ਰਾਪਤ ਕੀਤੀ ਹੈ।ਇਸ ਪ੍ਰੀਖਿਆ ਵਿੱਚ ਹੁਣ ਤੱਕ ਨਿੱਜੀ ਸਕੂਲਾਂ ਦੇ ਵਿਦਿਆਰਥੀ ਹੀ ਮੱਲਾਂ ਮਾਰਦੇ ਰਹੇ ਹਨ। ਸਰਕਾਰੀ ਸਕੂਲਾਂ ਨੇ ਇਸ ਵਾਰ ਦਰਸਾ ਦਿੱਤਾ ਹੈ ਕਿ ਸਰਕਾਰੀ ਸਕੂਲ ਦੇ ਵਿਦਿਆਰਥੀ ਵੀ ਕਿਸੇ ਤੋਂ ਘੱਟ ਨਹੀਂ ਹਨ। ਇਹਨਾਂ ਵਿਦਿਆਰਥੀਆਂ ਦੀ ਸਫ਼ਲਤਾ ਤੇ ਜ਼ਿਲ੍ਹੇ ਲੁਧਿਆਣਾ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ।
ਜ਼ਿਲ੍ਹੇ ਦੀ ਇਸ ਪ੍ਰਾਪਤੀ 'ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਸਮਰਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਚਰਨਜੀਤ ਸਿੰਘ ਜਲਾਜਣ ,ਜ਼ਿਲ੍ਹਾ ਸਮਾਰਟ ਸਕੂਲ ਮੈਟਰ ਮੰਜੂ ਭਾਰਦਵਾਜ ,ਜਿਲ੍ਹਾ ਰਿਸੋਰਸ ਪਰਸਨ ਬਲਵਿੰਦਰ ਕੌਰ, ਪ੍ਰਿੰਟ ਮੀਡੀਆ ਕੋਆਰਡੀਨੇਟਰ ਡਾ ਦਵਿੰਦਰ ਸਿੰਘ ਛੀਨਾ,ਜ਼ਿਲ੍ਹਾ ਸੋਸ਼ਲ ਮੀਡੀਆ ਕੁਆਰਡੀਨੇਟਰ ਅੰਜੂ ਸੂਦ ਅਤੇ ਕਈ ਹੋਰ ਵੀ ਅਧਿਕਾਰੀਆਂ ਨੇ ਇਹਨਾਂ ਵਿਦਿਆਰਥੀਆਂ ਨੂੰ ਅਤੇ ਸਕੂਲ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ ।