ਜ਼ਿਲ੍ਹਾ ਫਾਜ਼ਿਲਕਾ ਅੰਦਰ ਟੈਸਟ ਕਰਵਾਉਣ ਵਾਲਿਆਂ ਦਾ ਆਂਕੜਾ 2 ਲੱਖ ਤੋਂ ਪਾਰ- ਡਿਪਟੀ ਕਮਿਸ਼ਨਰ
ਜਿਲ੍ਹਾ ਵਾਸੀਆਂ ਨੂੰ ਸਾਵਧਾਨੀਆਂ ਰੱਖਣ ਦੀ ਅਪੀਲ
ਫਾਜ਼ਿਲਕਾ, 1 ਜੂਨ
ਕਰੋਨਾ ਨੂੰ ਹਰਾਉਣ ਲਈ ਹਰੇਕ ਵਿਅਕਤੀ ਵੱਲੋਂ ਟੈਸਟਿੰਗ ਕਰਵਾਉਣੀ ਲਾਜ਼ਮੀ ਹੈ।ਸਮੇਂ ਸਿਰ ਸੈਂਪਲਿੰਗ ਕਰਵਾਉਣ ਨਾਲ ਕਰੋਨਾ ਨੂੰ ਮੁੱਢਲੀ ਸਟੇਜ਼ `ਤੇ ਹੀ ਹਰਾਇਆ ਜਾ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਬੀਤੇ ਦਿਨ ਤੱਕ 2 ਲੱਖ 5 ਹਜ਼ਾਰ 266 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਜਿਸ ਕਿਸੇ ਵਿਅਕਤੀ ਨੂੰ ਲੱਛਣ ਨਜਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਟੈਸਟ ਕਰਵਾਉਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ `ਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਸੈਂਪਲਿੰਗ ਕਰਵਾਉਣ ਅਤੇ ਯੋਗ ਵਿਅਕਤੀਆਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਅੰਦਰ ਕਰੋਨਾ ਖਿਲਾਫ ਜਾਗਰੂਕਤਾ ਲਿਆਉਣ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਖਤਰੇ ਤੋਂ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਦੀ ਪਾਲਣਾ ਹਰ ਹੀਲੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਿੰਡਾਂ ਵਿਚ ਜਾ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਲੋਕਾ ਅੰਦਰ ਵੀ ਅੱਗੇ ਨਾਲੋਂ ਵਧੇਰੇ ਜਾਗਰੂਕਤਾ ਆਈ ਹੈ ਅਤੇ ਲੋਕ ਸਾਵਧਾਨੀਆਂ ਦੀ ਪਾਲਣਾ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕੋਵਿਡ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲੇ੍ਹ ਵਿਚ 16300 ਜਣੇ ਕਰੋਨਾ ਨੂੰ ਹਰਾ ਕੇ ਸਿਹਤਯਾਬ ਹੋਏ ਹਨ ਅਤੇ 18763 ਜਣੇ ਪਾਜੀਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਜਿਥੇ ਅੱਜ 396 ਜਣਿਆ ਨੇ ਕਰੋਨਾ `ਤੇ ਫਤਿਹ ਹਾਸਲ ਕੀਤੀ ਹੈ ਉਥੇ 194 ਜਣੇ ਕਰੋਨਾ ਦੀ ਚਪੇਟ ਵਿਚ ਆਏ ਹਨ। ਇਸ ਨਾਲ ਐਕਟਿਵ ਕੇਸਾਂ ਦੀ ਗਿਣਤੀ 2017 ਅਤੇ ਮੌਤਾਂ ਦਾ ਆਂਕੜਾ 446 ਹੋ ਗਿਆ ਹੈ।