ਲੁਧਿਆਣਾ 5 ਜੂਨ(ਪਵਿੱਤਰ ਸਿੰਘ ) ਸਰਕਾਰੀ ਪ੍ਰਾਇਮਰੀ ਸਕੂਲ ਖੰਨਾ ਨੰਬਰ 7 ਵੱਲੋਂਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਆਨਲਾਈਨ ਸਮਾਗਮਾਂ ਜਰੀਏ ਵਾਤਾਵਰਨ ਦੀ ਸੰਭਾਲ ਦਾ ਹੋਕਾ
ਸਰਕਾਰੀ ਸਕੂਲ ਖੰਨਾ ਨੰਬਰ 7 ਬਲਾਕ ਖੰਨਾ 2 ਵੱਲੋਂ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮੌਕੇ ਆਨਲਾਈਨ ਗਤੀਵਿਧੀਆਂ ਜਰੀਏ ਵਿਦਿਆਰਥੀਆਂ ਨੂੰ ਵਾਤਾਵਰਨ ਵਿਗਾੜ ਬਾਰੇ ਸੁਚੇਤ ਕਰਦਿਆਂ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕੀਤਾ ਗਿਆ। ਜਸਵਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ,ਕੁਲਦੀਪ ਸਿੰਘ ਸੈਣੀ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਕਿਹਾ ਕਿ ਸਿੱਖਿਆ ਦਾ ਮਨੋਰਥ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣ ਨਾਲ ਹੀ ਪੂਰਾ ਨਹੀਂ ਹੋ ਜਾਂਦਾ, ਸਗੋਂ ਸਿੱਖਿਆ ਦਾ ਮੰਤਵ ਤਾਂ ਵਿਦਿਆਰਥੀਆਂ ਨੂੰ ਜਿੰਮੇਵਾਰ ਨਾਗਰਿਕ ਵਜੋਂ ਤਿਆਰ ਕਰਨਾ ਹੈ।ਇਸੇ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਸਮੇਂ 'ਤੇ ਸਹਿ-ਵਿੱਦਿਅਕ ਗਤੀਵਿਧੀਆਂ ਜਰੀਏ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ।
ਬਲਾਕ ਸਿੱਖਿਆ ਅਫ਼ਸਰ ਮੇਲਾ ਸਿੰਘ ਨੇ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮਨੋਰਥ ਨਾਲ 5 ਜੂਨ ਨੂੰ ਵਿਸ਼ਵ ਭਰ ਵਿੱਚ ਮਨਾਏ ਜਾਣ ਵਾਲੇ "ਵਿਸ਼ਵ ਵਾਤਾਵਰਨ ਦਿਵਸ" ਮੌਕੇ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ 7 ਵੱਲੋਂ ਆਨਲਾਈਨ ਤਰੀਕੇ ਚਾਰਟ ਮੇਕਿੰਗ, ਭਾਸ਼ਣ ਮੁਕਾਬਲੇ,ਸਲੋਗਨ ਲਿਖਣ, ਰੁੱਖ ਲਗਾਉਣ ਅਤੇ ਰੁੱਖਾਂ ਦੀ ਸੰਭਾਲ ਗਤੀਵਿਧੀਆਂ ਜਰੀਏ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ।ਇਸ ਮੌਕੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਨ ਵਿੱਚ ਪੈਦਾ ਹੋ ਰਹੇ ਵਿਗਾੜ,ਵਿਗਾੜ ਲਈ ਜਿੰਮੇਵਾਰ ਕਾਰਨ ਅਤੇ ਇਹਨਾਂ ਵਿਗਾੜਾਂ ਨਾਲ ਮਨੁੱਖੀ ਸਿਹਤ 'ਤੇ ਪੈ ਰਹੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਵਾਤਾਵਰਨ ਦੀ ਸੰਭਾਲ ਵਿੱਚ ਆਪੋ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ।
ਸਕੂਲ ਮੁਖੀ ਇੰਦਰਜੀਤ ਸਿੰਗਲਾ ਨੇ ਬੱਚਿਆਂ ਨੂੰ ਆਪਣੇ ਜਨਮ ਦਿਨ ਨੂੰ ਇੱਕ ਇੱਕ ਪੌਦਾ ਲਗਾ ਕੇ ਮਨਾਉਣ ਲਈ ਪ੍ਰੇਰਿਤ ਕੀਤਾ, ਬੱਚਿਆਂ ਨੇ ਵੀ ਉਤਸ਼ਾਹਿਤ ਹੋ ਕੇ ਆਪਣੇ ਘਰ ਅਤੇ ਆਸ-ਪਾਸ ਪੌਦੇ ਲਗਾਏ। ਸਕੂਲ ਦੇ ਸਮੂਹ ਸਟਾਫ ਨੇ ਸਕੂਲ ਵਿੱਚ ਪੌਦਾ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।ਇਸ ਮੌਕੇ ਤੇ ਮੈਡਮ ਮੰਜੂ ਰਾਣੀ, ਮੈਡਮ ਡਿੰਪਲ ਰਾਣੀ, ਮੈਡਮ ਪੂਜਾ ਰਤਨ ਹਾਜਰ ਸਨ।