ਭਾਵੇਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਭਲਕੇ 24 ਮਈ ਤੋਂ 23 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਕੀਤਾ ਗਿਆ ਹੈ, ਪਰ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦਾ ਸ਼ਿਕਵਾ ਹੈ। ਕਿ ਛੁੱਟੀਆਂ ਦੌਰਾਨ ਵੀ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਵੱਖ-ਵੱਖ ਕੰਮਾਂ ਵਿੱਚ ਨਿਰੰਤਰ ਵਿਅਸਥ ਰੱਖਿਆ ਜਾ ਰਿਹਾ ਹੈ। ਅਜਿਹੇ ਸਿਰਜੇ ਜਾ ਰਹੇ ਮਾਹੌਲ ਤੋਂ ਅਧਿਆਪਕਾਂ 'ਚ ਜਿੱਥੇ ਰੋਸ ਦੀ ਲਹਿਰ ਹੈ, ਉੱਥੇ ਅਧਿਆਪਕਾਂ ਨੇ ਮੰਗ ਕੀਤੀ ਕਿ ਗੈਰ-ਵਾਜਿਬ ਕੰਮਾਂ ਤੋਂ ਛੁੱਟੀਆਂ ਦੌਰਾਨ ਉਨ੍ਹਾਂ ਨੂੰ ਛੁਟਕਾਰਾ ਮਿਲਣਾ ਚਾਹੀਦਾ ਹੈ।
ਮਾਹੌਲ ਤੋਂ ਪੀੜਤ ਅਧਿਆਪਕ ਜਥੇਬੰਦੀ ਦਾ ਕਹਿਣਾ ਹੈ ਕਿ ਅਧਿਆਪਕਾਂ-ਵਿਦਿਆਰਥੀਆਂ ਨੂੰ ਚੌਵੀ ਘੰਟੇ ਮਾਨਸਿਕ ਦਬਾਅ ਅਧੀਨ ਰੱਖਣ ਲਈ ਜਾਣੇ ਜਾਂਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੇ ਵੋਕੇਸ਼ਨ ਸਟਾਫ ਹੋਣ ਦੇ ਬਾਵਜੂਦ, ਗਰਮੀ ਦੀਆਂ ਛੁੱਟੀਆਂ ਦੌਰਾਨ ਵੀ ਅਧਿਆਪਕਾਂ ਨੂੰ 24 ਤੋਂ 31 ਮਈ ਤਕ ਪ੍ਰਾਇਮਰੀ ‘ਚ ਮਾਪੇ- ਅਧਿਆਪਕ ਰਾਬਤਾ ਮੁਹਿੰਮ (ਫੋਨ ਕਾਲ ਰਾਹੀਂ, ਕਈ ਪ੍ਰਕਾਰ ਦੇ ਆਨਲਾਈਨ ਮੁਕਾਬਲੇ, ਵਰਚੂਅਲ ਮੀਟਿੰਗਾਂ, ਗੂਗਲ ਪ੍ਰੋਫਾਰਮੇ ਭਰਨ, ਆਨਲਾਈਨ ਸਿੱਖਿਆ ਦੇਣ ਆਦਿ ਜਿਹੇ ਕਈ ਪ੍ਰਕਾਰ ਦੇ ਕੰਮਾਂ ਵਿੱਚ ਨਿਰੰਤਰ ਵਿਅਸਥ ਰੱਖਣ ਦੇ ਜਿਹੜੇ ਸਪੱਸ਼ਟ ਸੰਕੇਤ ਦਿੱਤੇ ਹਨ।
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ ਅਤੇ ਰਘਵੀਰ ਭਵਾਨੀਗੜ੍ਹ ਨੇ ਇਸ ਮਾਮਲੇ ਵਿੱਚ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਆਪਾ ਵਿਰੋਧੀ ਅਤੇ ਮਸ਼ੀਨੀ ਫੈਸਲਿਆਂ ਵਿਚਕਾਰ ਅਧਿਆਪਕ ਵਰਗ ਖੁਦ ਨੂੰ ਪਿਸਦਾ ਹੋਇਆ ਮਹਿਸੂਸ ਕਰ ਰਿਹਾ ਹੈ। ਡੀਟੀਐੱਫ ਆਗੂਆਂ ਨੇ ਅਜਿਹੇ ਗੈਰ-ਵਾਜਬ ਫ਼ੈਸਲਿਆਂ ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ।