ਸਰਕਾਰੀ ਸਕੂਲਾਂ ਦਾ ਇਸ ਵਾਰ ਫੇਰ ਦਸਵੀਂ ਅਤੇ ਅੱਠਵੀਂ ਬੋਰਡ ਦਾ ਸ਼ਾਨਦਾਰ ਨਤੀਜਾ
3576 ਸਰਕਾਰੀ ਸਕੂਲਾਂ ਦਾ ਦਸਵੀਂ ਦਾ ਸ਼ਤ-ਪ੍ਰਤੀਸ਼ਤ ਨਤੀਜਾ ਰਿਹਾ
ਚੰਡੀਗੜ੍ਹ/ ਐੱਸ.ਏ.ਐੱਸ. ਨਗਰ 17 ਮਈ (ਅੰਜੂ ਸੂਦ )
ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ ਨੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਮਾਰਚ, 2021 ਦੇ ਬੋਰਡ ਨਤੀਜਿਆਂ ਵਿੱਚ ਦਸਵੀਂ ਅਤੇ ਅੱਠਵੀਂ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ। ਮਾਰਚ 2021 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 99.96 ਪ੍ਰਤੀਸ਼ਤ ਰਹੀ ਜਦਕਿ ਬੋਰਡ ਦੀ ਪਾਸ ਪ੍ਰਤੀਸ਼ਤਤਾ 99.93 ਰਹੀ। ਇਸ ਵਾਰ ਦਸਵੀਂ ਦੇ 100 ਫੀਸਦੀ ਨਤੀਜਾ ਦੇਣ ਵਾਲੇ ਸਰਕਾਰੀ ਸਕੁਲਾਂ ਦੀ ਗਿਣਤੀ 3576 ਰਹੀ ਹੈ। ਇਸੇ ਤਰ੍ਹਾਂ ਅੱਠਵੀਂ ਜਮਾਤ ਦੀ ਮਾਰਚ 2021 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 99.91 ਪ੍ਰਤੀਸ਼ਤ ਰਹੀ ਜਦਕਿ ਬੋਰਡ ਦਾ ਪਾਸ ਪ੍ਰਤੀਸ਼ਤਤਾ 99.88 ਪ੍ਰਤੀਸ਼ਤ ਰਹੀ। ਅੱਠਵੀਂ ਦੇ 100 ਫੀਸਦੀ ਨਤੀਜਾ ਦੇਣ ਵਾਲੇ ਸਰਕਾਰੀ ਸਕੂਲਾਂ ਦੀ ਗਿਣਤੀ 6215 ਰਹੀ ਹੈ।
ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਮੂਹ ਪਾਸ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਹਨਾਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਕੋਵਿਡ ਜਿਹੇ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਦਿਆਂ ਵਿਦਿਆਰਥੀਆਂ ਨਾਲ ਜੁੜੇ ਰਹਿ ਕੇ ਇਹ ਸ਼ਾਨਦਾਰ ਨਤੀਜੇ ਪ੍ਰਾਪਤ ਕਰਨਾ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੀ ਨਿਵੇਕਲੀ ਅਤੇ ਸਾਹਸ ਭਰਪੂਰ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਸ਼ਤ-ਪ੍ਰਤੀਸ਼ਤ ਨਾਲ ਨਾਜ਼ੁਕ ਹਾਲਾਤਾਂ ਵਿੱਚ ਵੀ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੁਆਰਾ ਦ੍ਰਿੜਤਾ ਨਾਲ ਕਰਵਾਈ ਗਈ ਸਖਤ ਮਿਹਨਤ ਦਾ ਬੇਹਤਰੀਨ ਨਤੀਜਾ ਮਿਲਿਆ ਹੈ।
ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ
ਉਹਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਇਹਨਾਂ ਹਾਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਵਿਦਿਆਰਥੀਆਂ ਨੂੰ ਸ਼ਾਨਦਾਰ ਫਲ ਮਿਲਿਆ ਹੈ। ਸਮੂਹ ਵਿਦਿਆਰਥੀ ਇਸ ਸਾਲ ਵੀ ਆਪਣੀ ਪੜ੍ਹਾਈ ਨੂੰ ਸੰਜੀਦਗੀ ਨਾਲ ਲੈ ਕੇ ਅਧਿਆਪਕਾਂ ਤੋਂ ਆਨਲਾਈਨ ਅਗਵਾਈ ਲੈਂਦੇ ਰਹਿਣ। ਵਿਭਾਗ ਵੱਲੋਂ ਪਿਛਲੇ ਸਾਲ ਵਾਂਗ ਇਸ ਸਾਲ ਵੀ ਆਨਲਾਈਨ ਘਰ ਬੈਠੇ ਸਿੱਖਿਆ ਲਈ ਦੂਰਦਰਸ਼ਨ ਪੰਜਾਬੀ ਰਾਹੀਂ ਆਨਲਾਈਨ ਜਮਾਤਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਵਿਭਾਗ ਵੱਲੋਂ ਪੰਜਾਬ ਐਜੂਕੇਅਰ ਐਪ ਅਤੇ ਜ਼ੂਮ ਮੀਟਿੰਗਾਂ ਰਾਹੀਂ ਵੀ ਜਮਾਤਾਂ ਲਗਾਈਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਧੀਆ ਸਹੁਲ਼ਤਾਂ ਅਤੇ ਮੁਫ਼ਤ ਪੜ੍ਹਾਈ ਦੇ ਪ੍ਰਬੰਧਾਂ ਕਾਰਨ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਰਿਕਾਰਡ ਵਾਧਾ ਹੋ ਰਿਹਾ ਹੈ।