Latest updates

Tuesday, April 6, 2021

ਸਿੱਖਿਆ ਸਕੱਤਰ ਨੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਕੈਂਪ ਦੌਰਾਨ ਕੋਵਿਡ ਤੋਂ ਬਚਾਅ ਲਈ ਲਗਵਾਇਆ ਟੀਕਾ

 ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕਰਵਾਉਣ ਲਈ ਸਿੱਖਿਆ ਸਕੱਤਰ ਨੇ ਕਰਮਚਾਰੀਆਂ ਨੂੰ ਕੀਤਾ ਪ੍ਰੇਰਿਤ

ਸਿੱਖਿਆ ਸਕੱਤਰ ਨੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਕੈਂਪ ਦੌਰਾਨ ਕੋਵਿਡ ਤੋਂ ਬਚਾਅ ਲਈ ਲਗਵਾਇਆ ਟੀਕਾ

45 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਕਰਮਚਾਰੀਆਂ ਅਤੇ ਅਧਿਆਪਕਾਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਦਫ਼ਤਰਾਂ ਵਿੱਚ ਜਾਰੀ

ਐੱਸ.ਏ.ਐੱਸ. ਨਗਰ 6 ਅਪ੍ਰੈਲ (ਪ੍ਮੋਦ ਭਾਰਤੀ  )

ਪੰਜਾਬ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਲਈ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਤਹਿਤ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਲਗਾਏ ਗਏ ਵਿਸ਼ੇਸ਼ ਟੀਕਾਕਰਨ ਕੈਂਪ ਦੌਰਾਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੋਰੋਨਾ ਦੇ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਇਸ ਮੌਕੇ ਉਹਨਾਂ ਸਮੂਹ ਕਰਮਚਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁੱਖ ਦਫ਼ਤਰ ਵਿਖੇ ਕਰਮਚਾਰੀਆਂ ਦੀ ਸਹੂਲਤ ਲਈ ਕੋਵਿਡ ਟੀਕਾਕਰਨ ਦੇ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਹੈ। ਉਹਨਾਂ ਕਿਹਾ ਕਿ ਕਰਮਚਾਰੀਆਂ ਦੀ ਫੀਡ ਬੈਕ ਸੀ ਕਿ ਉਹਨਾਂ ਨੂੰ ਬਾਹਰ ਜਾ ਕੇ ਅਤੇ ਲਾਇਨਾਂ ਵਿੱਚ ਲੱਗ ਕੇ ਅਤੇ ਫਿਰ ਰਜਿਸਟਰੇਸ਼ਨ ਕਰਵਾ ਕੇ ਟੀਕਾ ਲਾਉਣ ਲਈ ਲਾਭਪਾਤਰੀ ਬਣਨਾ ਪੈਂਦਾ ਹੈ। ਜਿਸਦੇ ਫਲਸਰੂਪ ਵਿਭਾਗ ਨੇ ਸਿਹਤ ਵਿਭਾਗ ਨਾਲ ਮਿਲ ਕੇ ਮੁੱਖ ਦਫ਼ਤਰ ਵਿਖੇ ਹੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਹੈ ਤਾਂ ਜੋ ਮੌਕੇ 'ਤੇ ਹੀ ਰਜਿਸਟਰੇਸ਼ਨ ਕਰਵਾ ਕੇ ਸੁਰੱਖਿਅਤ ਢੰਗ ਨਾਲ ਕੋਵਿਡ ਦੇ ਵੈਕਸੀਨ ਦੀ ਡੋਜ਼ ਲੈਣ ਵਿੱਚ ਅਸਾਨੀ ਹੋਵੇ।ਇਸ ਮੌਕੇ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਡਾਇਰੈਕਟਰ ਜਗਤਾਰ ਸਿੰਘ ਕੁਲੜੀਆ ਨੇ ਵੀ ਕੋਵਿਡ ਟੀਕਾਕਰਨ ਕੈਂਪ ਵਿੱਚ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ।

ਇਸ ਮੌਕੇ ਸਿਹਤ ਵਿਭਾਗ ਤੋਂ ਪਹੁੰਚੇ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਅਤੇ ਦੂਜੇ ਦਿਨ ਦਿਨ ਵਿਭਾਗ ਦੇ 45 ਸਾਲ ਦੀ ਉਮਰ ਤੋਂ ਵੱਧ ਦੇ ਲਗਭਗ 125 ਕਰਮਚਾਰੀਆਂ ਨੇ ਟੀਕਾ ਲਗਵਾਇਆ। ਵਿਭਾਗ ਵੱਲੋਂ ਕਰਮਚਾਰੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਕਰਵਾਉਣ ਲਈ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਸਿਹਤ ਵਿਭਾਗ ਵੱਲੋਂ ਕੋਵਿਡ ਸਬੰਧੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਰਮਚਾਰੀਆਂ ਦੀ ਸੋਸ਼ਲ ਡਿਸਟੈਂਸਿੰਗ ਰੱਖ ਕੇ ਵੈਕਸੀਨੇਸ਼ਨ ਕੀਤੀ ਗਈ ਹੈ। ਕਰਮਚਾਰੀਆਂ ਦੀ ਰਜਿਸਟਰੇਸ਼ਨ ਮੌਕੇ 'ਤੇ ਹੀ ਕੀਤੀ ਜਾ ਰਹੀ ਹੈ। ਟੀਕਾ ਲਗਵਾਉਣ ਉਪਰੰਤ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ 40 ਮਿੰਟ ਤੱਕ ਆਰਾਮ 'ਤੇ ਬੈਠਣ ਦਾ ਸਮਾਂ ਵੀ ਦਿੱਤਾ ਗਿਆ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਹਨਾਂ ਕਰਮਚਾਰੀਆਂ ਨੂੰ ਕੋਰੋਨਾ ਦੀ ਦੂਜੀ ਵੈਕਸੀਨ ਨਿਰਧਾਰਿਤ 28 ਦਿਨਾਂ ਤੋਂ ਬਾਅਦ ਕਰਵਾਉਣ ਲਈ ਵੀ ਕਿਹਾ ਗਿਆ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਅਮਨਦੀਪ ਕੌਰ ਅਤੇ ਪਰਵਿੰਦਰ ਕੌਰ ਸਟਾਫ਼ ਨਰਸ ਦੇ ਨਾਲ ਸਾਹਿਲ ਵੀ ਮੌਜੂਦ ਰਹੇ।

Ads