ਲੁਧਿਆਣਾ 13 ਅਪ੍ਰੈਲ (ਅੰਜੂ ਸੂਦ ) : ਵਿਸਾਖੀ ਮੇਲਿਆਂ ਵਿੱਚ ਜਿਲ੍ਹਾ ਲੁਧਿਆਣਾ ਦੇ 533 ਸਕੂਲਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਲਈ ਕੀਤਾ ਗਿਆ ਪ੍ਰਚਾਰ।
ਲੁਧਿਆਣਾ ਜਿਲ੍ਹੇ ਦੇ ਸਮੂਹ ਗੁਰਦੁਆਰਾ ਸਾਹਿਬ ਦੇ ਬਾਹਰ ਪ੍ਰਚਾਰ ਸਟਾਲਾਂ ਲੱਗੀਆਂ।
ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਲਈ ਅਧਿਆਪਕਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਅਧਿਕਾਰੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਸੈਸ਼ਨ 2021-22 ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸਨ ਕੁਮਾਰ ਆਈ.ਏ.ਐੱਸ. ਦੀ ਦੇਖ-ਰੇਖ ਵਿੱਚ ਨਵੇਂ ਦਾਖ਼ਲਿਆਂ ਲਈ ਜਾਰੀ ਦਾਖ਼ਲਾ ਮੁਹਿੰਮ 'ਈਚ ਵਨ ਬਰਿੰਗ ਵਨ' ਤਹਿਤ ਅਧਿਆਪਕਾਂ, ਸਕੂਲ ਮੁਖੀਆਂ, ਸਕੂਲ ਮੈਨੇਜਮੈਂਟ ਕਮੇਟੀਆਂ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਅਤੇ ਐਲੀਮੈਂਟਰੀ ਅਤੇ ਮੁੱਖ ਦਫ਼ਤਰ ਦੇ ਉੱਚ-ਅਧਿਕਾਰੀਆਂ ਵੱਲੋਂ ਤਨਦੇਹੀ ਨਾਲ ਕਾਰਜ ਕੀਤਾ ਜਾ ਰਿਹਾ ਹੈ।
ਵਿਸਾਖੀ ਦੇ ਦਿਹਾੜੇ ਮੌਕੇ ਅੱਜ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਜੀਤ ਸਿੰਘ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਚਰਨਜੀਤ ਸਿੰਘ ਜਲਾਜਣ ਦੀ ਅਗਵਾਈ ਵਿੱਚ ਲੁਧਿਆਣਾ ਜਿਲ੍ਹੇ ਦੇ 553 ਸਕੂਲਾਂ ਵਲੋਂ ਵਿਸਾਖੀ ਮੇਲਿਆਂ 'ਤੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਨੂੰ ਵਧਾਉਣ ਲਈ ਪ੍ਰਚਾਰ ਸਟਾਲਾਂ ਅਤੇ ਕਨੋਪੀਆਂ ਲਗਾਉਣ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ। ਇਹਨਾਂ ਸਟਾਲਾਂ 'ਤੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤਆਂ ਗਈਆਂ , ਸਕੂਲਾਂ ਦੇ ਸਮਾਰਟ ਕਲਾਸਰੂਮ ਦੀਆਂ ਝਲਕੀਆਂ, ਸਮਾਰਟ ਤਕਨਾਲੋਜੀ ਦੀ ਵਰਤੋਂ ਨਾਲ ਕਰਵਾਈ ਜਾਣ ਵਾਲੀ ਪੜ੍ਹਾਈ ਦੀਆਂ ਤਸਵੀਰਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ। ਜਿਲਾ ਲੁਧਿਆਣਾ ਦੇ ਸਮੂਹ ਸੋਸ਼ਲ ਮੀਡੀਆ ਕੋਆਰਡੀਨੇਟਰਾਂ ਨੇ ਹਰੇਕ ਸ਼ਰਧਾਲੂ ਤੱਕ ਸਰਕਾਰੀ ਸਕੂਲਾਂ ਦੀਆ ਪ੍ਰਾਪਤੀਆਂ ਦਸ ਕੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਉਣ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ ਅੰਜੂ ਸੂਦ ਨੇ ਕਿਹਾ ਕਿ ਵਿਸਾਖੀ ਮੇਲਿਆਂ ਮੌਕੇ ਰੇਹੜੀ-ਰਿਕਸ਼ਾ ਰਾਹੀਂ ਸਰਕਾਰੀ ਸਕੂਲਾਂ ਵਿਚ ਮਿਲਦੀਆਂ ਸਹੁਲਤਾਂ ਦੀ ਅਨਾਉਂਸਮੈਨਟਾਂ ਕਰਵਾਇਆ ਗਈਆਂ। ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਲੋਕਾਂ ਨੂੰ ਸਰਕਾਰੀ ਸਕੂਲਾਂ ਦਾ ਸਹੀ ਰਸਤਾ ਦਿਖਾ ਕੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਦੀ ਸਲਾਹ ਦਿੱਤੀ।