ਨਵ-ਨਿਯੁਕਤ ਅਧਿਆਪਕਾਂ ਦੀ ਚਾਰ ਦਿਨਾਂ ਇੰਡਕਸ਼ਨ ਟਰੇਨਿੰਗ ਆਰੰਭ

 ਨਵ-ਨਿਯੁਕਤ ਅਧਿਆਪਕਾਂ ਦੀ ਚਾਰ ਦਿਨਾਂ ਇੰਡਕਸ਼ਨ ਟਰੇਨਿੰਗ ਆਰੰਭ

ਪੰਜਾਬੀ, ਗਣਿਤ, ਸਾਇੰਸ, ਅੰਗਰੇਜ਼ੀ, ਸਮਾਜਿਕ ਸਿੱਖਿਆ ਅਤੇ ਹਿੰਦੀ ਵਿਸ਼ਿਆਂ ਦੇ ਨਵ-ਨਿਯੁਕਤ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ



ਐੱਸ.ਏ.ਐੱਸ. ਨਗਰ 19 ਮਾਰਚ(ਪ੍ਰਮੋਦ ਭਾਰਤੀ)- ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਵੱਖ-ਵੱਖ ਜ਼ਿਲਿ੍ਹਆਂ ਵਿੱਚ ਪੰਜਾਬੀ, ਗਣਿਤ, ਸਾਇੰਸ, ਅੰਗਰੇਜ਼ੀ, ਸਮਾਜਿਕ ਸਿੱਖਿਆ ਅਤੇ ਹਿੰਦੀ ਵਿਸ਼ਿਆਂ ਦੇ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਨਵ-ਨਿਯੁਕਤ ਅਧਿਆਪਕਾਂ ਦੀ ਚਾਰ ਦਿਨਾ ਸਿਖਲਾਈ ਵਰਕਸ਼ਾਪ ਸ਼ੁਰੂ ਹੋ ਗਈ ਹੈ। ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਵੱਖ-ਵੱਖ ਵਿਸ਼ਿਆਂ ਦੇ ਨਵ-ਨਿਯੁਕਤ ਮਾਸਟਰ/ਮਿਸਟ੍ਰੈਸ ਸਿਖਲਾਈ ਵਰਕਸ਼ਾਪ ਦੇ ਪਹਿਲੇ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਹੁਸ਼ਿਆਰਪੁਰ ਅਤੇ ਹੋਰਨਾਂ ਸਕੂਲਾਂ ‘ਚ ਉਚੇਚੇ ਤੌਰ 'ਤੇ ਪਹੁੰਚ ਕੇ ਨਵਨਿਯੁਕਤ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ। 

ਸਿੱਖਿਆ ਸਕੱਤਰ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਵਿਭਾਗ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਨ ਦੇ ਇਸ ਬਿਹਤਰੀਨ ਅਵਸਰ ਨੂੰ ਸਮੂਹ ਨਵ-ਨਿਯੁਕਤ ਅਧਿਆਪਕ ਇੱਕ ਸੁਨਹਿਰੀ ਯੁਗ ਵਿੱਚ ਬਦਲਣ ਲਈ ਆਪਣੀ ਪੂਰੀ ਤਾਕਤ ਲਗਾਉਣ। ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ, ਪ੍ਰਗਤੀ ਅਤੇ ਪ੍ਰਾਪਤੀਆਂ ਦੀ ਸੂਚੀ ਬਹੁਤ ਹੀ ਬਿਹਤਰੀਨ ਅਤੇ ਸ਼ਲਾਘਯੋਗ ਹੈ ਅਤੇ ਨਵ-ਨਿਯੁਕਤ ਅਧਿਆਪਕ ਸਕੂਲੀ ਸਿੱਖਿਆ ਨੂੰ ਹੋਰ ਵੀ ਵਧੀਆ ਮੁਕਾਮ 'ਤੇ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ। ਇਸੇ ਮੰਤਵ ਲਈ ਸਿੱਖਿਆ ਵਿਭਾਗ ਵੱਲੋਂ ਇੰਡਕਸ਼ਨ ਟਰੇਨਿੰਗ ਦੌਰਾਨ ਬਹੁਤ ਸਾਰੇ ਪੱਖਾਂ ਨੂੰ ਚਾਰ ਦਿਨਾਂ ਵਿੱਚ ਸਾਂਝਾਂ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਸਮਰੱਥਾ ਉਸਾਰੀ ਸਿਖਲਾਈ ਵਰਕਸ਼ਾਪ ਦਾ ਅਧਿਆਪਕਾਂ ਨੇ ਵੱਧ ਤੋਂ ਵੱਧ ਫਾਇਦਾ ਲੈਣਾ ਹੈ। ਉਹਨਾਂ ਸਮੂਹ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਵੇਕਲੀਆਂ ਪਹਿਲਕਦਮੀਆਂ ਕਰਨ ਲਈ ਵੀ ਉਤਸ਼ਾਹਿਤ ਕੀਤਾ। 

ਸਿਖਲਾਈ ਵਰਕਸ਼ਾਪ ਦੇ ਪਹਿਲੇ ਦਿਨ ਨਵ-ਨਿਯੁਕਤ ਅਧਿਆਪਕਾਂ ਨੂੰ ਸਕੂਲਾਂ ਦੀ ਸਵੇਰ ਦੀ ਸਭਾ, ਗੁਣਾਤਮਿਕ ਸਿੱਖਿਆ ਦੇ ਪ੍ਰੋਗਰਾਮ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ', ਸਕੂਲਾਂ ਵਿੱਚ ਵਧੀਆ ਨਤੀਜਿਆਂ ਲਈ ਚਲਾਏ ਜਾ ਰਹੇ ਮਿਸ਼ਨ ਸ਼ਤ-ਪ੍ਰਤੀਸ਼ਤ ਤਹਿਤ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਅਤੇ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਨਵ-ਨਿਯੁਕਤ ਅਧਿਆਪਕਾਂ ਨੂੰ ਪੰਜਾਬ ਐਜੂਕੇਅਰ ਐਪ ਦੀ ਵਰਤੋਂ, ਸਕੂਲਾਂ ਵਿੱਚ ਵਿਦਿਆਰਥੀਆਂ ਦੇ ਬਡੀ ਗਰੁੱਪਾਂ ਦੀਆਂ ਕਿਰਿਆਵਾਂ, ਦੀਕਸ਼ਾ ਐਪ, ਇੰਗਲਿਸ਼ ਬੂਸ਼ਟਰ ਕਲੱਬਾਂ ਦੀਆਂ ਗਤਿਵਿਧੀਆਂ, ਉਡਾਨ ਪ੍ਰੋਜੈਕਟ ਤਹਿਤ ਭੇਜੀਆਂ ਜਾਚਣ ਵਾਲੀਆਂ ਸਲਾਈਡਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਸਮੂਹ ਨਵ-ਨਿਯੁਕਤ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ ਕਿ ਨੈਸ਼ਨਲ ਅਚੀਵਮੈਂਟ ਸਰਵੇ, ਕੌਮੀ ਮੈਰਿਟ ਕਮ ਮੀਨਜ਼ ਵਜ਼ੀਫਾ ਪ੍ਰੀਖਿਆ, ਕੌਮੀ ਪ੍ਰਤਿਭਾ ਖੋਜ ਮੁਕਾਬਲਿਆਂ ਅਤੇ ਪੰਜਾਬ ਰਾਜ ਪ੍ਰਤਿਭਾ ਖੋਜ ਮੁਕਾਬਲਿਆਂ ਦੀਆਂ ਤਿਆਰੀਆਂ ਸਬੰਧੀ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਵੀ ਦੱਸਿਆ ਜਾਵੇਗਾ। ਸਕੂਲਾਂ ਨੂੰ ਸਮਾਰਟ ਬਣਾਉਣ ਲਈ ਵਿਭਾਗ ਦੀਆਂ ਕੋਸ਼ਿਸ਼ਾਂ ਬਾਰੇ ਵੀ ਨਵ-ਨਿਯੁਕਤ ਅਧਿਆਪਕਾਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇਗੀ।

ਇਹਨਾਂ ਸਿਖਲਾਈ ਵਰਕਸ਼ਾਪਾਂ ਦੇ ਸੰਚਾਲਨ ਲਈ ਜਗਤਾਰ ਸਿੰਘ ਕੁਲੜੀਆ ਨਿਰਦੇਸ਼ਕ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਸਲਿੰਦਰ ਸਿੰਘ ਸਹਾਇਕ ਡਾਇਰੈਕਟਰ (ਟਰੇਨਿੰਗਾਂ), ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ (ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ), ਨਿਰਮਲ ਕੌਰ ਸਟੇਟ ਰਿਸੋਰਸ ਪਰਸਨ (ਗਣਿਤ), ਸੁਸ਼ੀਲ ਭਾਰਦਵਾਜ ਸਟੇਟ ਰਿਸੋਰਸ ਪਰਸਨ (ਸਾਇੰਸ), ਡਾ. ਹਰਪਾਲ ਸਿੰਘ ਬਾਜਕ ਸਟੇਟ ਰਿਸੋਰਸ ਪਰਸਨ (ਪੰਜਾਬੀ ਅਤੇ ਹਿੰਦੀ) ਨੇ ਵੀ ਵੱਖ-ਵੱਖ ਸਿਖਲਾਈ ਵਰਕਸ਼ਾਪਾਂ ਵਿੱਚ ਆਨ-ਲਾਈਨ ਅਤੇ ਆਫ-ਲਾਈਨ ਆਪਣੇ ਵਿਚਾਰ ਸਾਂਝੇ ਕੀਤੇ।

Featured post

SOE - MERITORIOUS SCHOOL ADMISSION LINK 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ

SOE - MERITORIOUS  SCHOOL ADMISSION 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ  ਚੰਡੀਗੜ੍ਹ, 22 ਜਨਵਰੀ 20...

RECENT UPDATES

Trends