ਤਰਨਤਾਰਨ 20 ਫਰਵਰੀ(ਪ੍ਰੇਮ ਸਿੰਘ) ਸਕੱਤਰ ਸਕੂਲ ਸਿੱਖਿਆ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਪ੍ਰੇਰਨਾਦਾਇਕ ਫੇਰੀ।
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਦੇ ਉਦੇਸ਼ ਨਾਲ ਅੱਜ ਸਕੱਤਰ ਸਕੂਲ ਸਿੱਖਿਆ ਪੰਜਾਬ, ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਪ੍ਰੇਰਨਾਦਾਇਕ ਫੇਰੀ ਕੀਤੀ ਗਈ ਜਿਸ ਤਹਿਤ ਸਕੱਤਰ ਸਾਹਿਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ, ਸਰਕਾਰੀ ਹਾਈ ਸਕੂਲ ਮੂਸੇ, ਸਰਕਾਰੀ ਹਾਈ ਸਕੂਲ ਝਬਾਲ, ਸਰਕਾਰੀ ਪ੍ਰਾਇਮਰੀ ਸਕੂਲ ਕੱਕਾ ਕੰਡਿਆਲਾ ਸਰਕਾਰੀ ਪ੍ਰਾਇਮਰੀ ਸਕੂਲ ਮੂਸੇ, ਸਰਕਾਰੀ ਪ੍ਰਾਇਮਰੀ ਸਕੂਲ ਨੂਰਦੀ ਵਿਖੇ ਪ੍ਰੇਰਨਾਦਾਇਕ ਵਿਜ਼ਟ ਕੀਤੀ ਗਈ।
ਇਸ ਵਿਜਟ ਦੇ ਦੌਰਾਨ ਉਨ੍ਹਾਂ ਵੱਲੋ ਮਿਸ਼ਨ ਸ਼ਤ ਪ੍ਰਤੀਸ਼ਤ, ਸਮਾਰਟ ਸਕੂਲ ਮੁਹਿੰਮ , ਸੋਹਣੇ ਸਕੂਲ ਸੋਹਣਾ ਫਰਨੀਚਰ, ਵਾਧੂ ਜਮਾਤਾਂ ਸਬੰਧੀ ਸਕੂਲ ਮੁਖੀਆਂ ਅਤੇ ਸਮੂਹ ਸਟਾਫ਼ ਨਾਲ ਗੱਲਬਾਤ ਕੀਤੀ ਗਈ। ਜਮਾਤਾਂ ਵਿੱਚ ਜਾ ਕੇ ਵਿਦਿਆਰਥੀਆਂ ਤੋਂ ਦਸੰਬਰ ਪ੍ਰੀਖਿਆਵਾਂ ਸਬੰਧੀ ਫੀਡਬੈਕ ਲੈਣ ਦੇ ਨਾਲ ਨਾਲ 80% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਨਾਲ ਹੀ ਦਸੰਬਰ ਪ੍ਰੀਖਿਆ ਵਿੱਚ ਕਮਜ਼ੋਰ ਰਹੇ ਵਿਦਿਆਰਥੀਆਂ ਦੀ ਸ਼ਨਾਖਤ ਕਰ ਕੇ ਸਕੂਲ ਮੁਖੀ ਅਤੇ ਸਟਾਫ਼ ਨੂੰ ਉਹਨਾਂ ਤੇ ਵਿਸ਼ੇਸ਼ ਧਿਆਨ ਦੇਣ ਅਤੇ ਬੱਡੀ ਗਰੁੱਪ ਦੀ ਸਹਾਇਤਾ ਨਾਲ ਇਹਨਾਂ ਦਾ ਸਿੱਖਿਆ ਪੱਧਰ ਉੱਚਾ ਚੁੱਕਣ ਲਈ ਰਣਨੀਤੀ ਤਿਆਰ ਕਰਨ ਲਈ ਪ੍ਰੇਰਿਤ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਕੱਕਾ ਕੰਡਿਆਲਾ ਵਿਖੇ ਈਜੀਐਸ ਵਲੰਟੀਅਰ ਮੈਡਮ ਅਮਨਦੀਪ ਕੌਰ ਦੀ ਕਾਰਗੁਜ਼ਾਰੀ ਵੇਖ ਉਹਨਾਂ ਨੂੰ ਵਿਭਾਗ ਵੱਲੋਂ ਪ੍ਰਸੰਸਾ ਪੱਤਰ ਜਾਰੀ ਕਰਵਾਇਆ ਗਿਆ।