ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀਆਂ ਨੂੰ ਵਧਾਉਣ ਲਈ ਵਿਭਾਗ ਦਾ ਸੁਹਿਰਦ ਉਪਰਾਲਾ
ਸਾਹਿਤ ਨੂੰ ਪੜ੍ਹਣ, ਲਿਖਣ ਅਤੇ ਵਿਚਾਰਨ ਨਾਲ ਵਿਦਿਆਰਥੀਆਂ ਦਾ ਬੌਧਿਕ, ਮਾਨਸਿਕ ਅਤੇ ਰਚਨਾਤਮਿਕ ਵਿਕਾਸ ਹੁੰਦਾ ਹੈ - ਸਿੱਖਿਆ ਸਕੱਤਰ
ਐੱਸ.ਏ.ਐੱਸ. ਨਗਰ 19 ਫਰਵਰੀ (ਪ੍ਰਮੋਦ ਭਾਰਤੀ )
ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਉਸਾਰੂ ਅਤੇ ਮਿਆਰੀ ਸਾਹਿਤ ਨਾਲ ਜੋੜਣ ਲਈ ਸਿੱਖਿਆ ਵਿਭਾਗ ਵੱਲੋਂ ਨਿਵੇਕਲੇ ਪ੍ਰੋਗਰਾਮ ਲਗਾਤਾਰ ਜਾਰੀ ਹਨ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰਚੀਆਂ ਬਾਲ ਕਹਾਣੀਆਂ, ਕਵਿਤਾਵਾਂ ਅਤੇ ਹੋਰ ਮਨੋਰੰਜਕ ਲੇਖਾਂ ਨਾਲ ਸੰਕਲਿਤ ਸਿੱਖਿਆ ਵਿਭਾਗ ਦੇ ਬਾਲ ਰਸਾਲੇ 'ਆਲ਼ੇ-ਭੋਲ਼ੇ' ਦਾ ਨੌਵਾਂ ਅੰਕ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਜਾਰੀ ਕੀਤਾ। ਘੁੰਡ ਚੁਕਾਈ ਦੀ ਰਸਮ ਸਮੇਂ ਉਹਨਾਂ ਨਾਲ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਲਲਿਤ ਕਿਸ਼ੋਰ ਘਈ ਅਤੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਜਗਤਾਰ ਸਿੰਘ ਕੁਲੜੀਆਂ ਵੀ ਮੌਜੂਦ ਸਨ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਮੂਹ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਵਧੀਆ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਅਧਿਆਪਕਾਂ ਵੱਲੋਂ ਮੁੱਢ ਤੋਂ ਹੀ ਸਾਹਿਤ ਪੜ੍ਹਣ ਅਤੇ ਰਚਨ ਦੀ ਚੇਟਕ ਲਗਾਈ ਜਾ ਰਹੀ ਹੈ। ਇਸ ਨਾਲ ਜਿੱਥੇ ਬੱਚੇ ਦਾ ਬੌਧਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਉੱਥੇ ਬੱਚਿਆਂ ਦੀ ਰਚਨਾਤਮਿਕ ਸ਼ਕਤੀ ਵੀ ਵਧਦੀ ਹੈ। ਸਾਹਿਤ ਨੂੰ ਪੜ੍ਹਣ ਨਾਲ ਬੱਚਿਆਂ ਦੀ ਸੋਚ ਵਿਸ਼ਾਲ ਹੁੰਦੀ ਹੈ। ਵਿਦਿਆਰਥੀ ਜੀਵਨ ਵਿੱਚ ਪੜ੍ਹੀਆਂ ਗਈਆਂ ਰਚਨਾਵਾਂ ਬਹੁਤ ਅਸਰ ਦਿਖਾਉਂਦੀਆਂ ਹਨ ਅਤੇ ਜਿਹੜੇ ਵਿਦਿਆਰਥੀ ਇਹ ਰਚਨਾਵਾਂ ਲਿਖ ਰਹੇ ਹਨ ਉਹ ਭਵਿੱਖ ਵਿੱਚ ਜਾ ਕੇ ਬਹੁਤ ਵਧੀਆ ਸਾਹਿਤਕਾਰ ਅਤੇ ਚੰਗੇ ਨਾਗਰਿਕ ਬਣਨਗੇ। ਉਹਨਾਂ 'ਆਲ਼ੇ-ਭੋਲ਼ੇ' ਬਾਲ ਰਸਾਲੇ ਦੇ ਨੌਵੇਂ ਅੰਕ ਵਿੱਚ ਸੰਕਲਿਤ ਰਚਨਾਵਾਂ ਦੇ ਬਾਲ ਲੇਖਕਾਂ, ਉਹਨਾਂ ਦੇ ਅਧਿਆਪਕਾਂ ਅਤੇ ਸੰਪਾਦਕੀ ਮੰਡਲ ਨੂੰ ਵੀ ਵਧਾਈ ਦਿੱਤੀ। ਉਹਨਾਂ ਸਕੂਲਾਂ ਦੀ ਸਾਹਿਤਕ ਸਰਗਰਮੀਆਂ ਸਬੰਧੀ ਜ਼ਿਲ੍ਹਾ ਅਧਿਕਾੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਹੱਥ ਲਿਖਤ ਬਾਲ ਮੈਗਜ਼ੀਨ ਤਿਆਰ ਕੀਤੀਆਂ ਜਾਂਦੀਆਂ ਸਨ ਪਰ ਕੋਰੋਨਾ ਕਾਲ ਦੌਰਾਨ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਦੀ ਰੁਚੀ ਨੂੰ ਵਿਕਸਿਤ ਕਰਨ ਲਈ ਈ-ਮੈਗਜ਼ੀਨ ਤਿਆਰ ਕਰਕੇ ਵਿਲੱਖਣ ਕਾਰਜ ਕੀਤਾ ਹੈ। ਇਸ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀ, ਸਕੂਲ ਮੁਖੀ ਅਤੇ ਅਧਿਆਪਕ ਵਧਾਈ ਦੇ ਪਾਤਰ ਹਨ।
ਇਸ ਮੌਕੇ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਪੰਜਾਬ ਦੇ ਸਮੂਹ ਜ਼ਿਲਿ੍ਹਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਸਮੂਹ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਸਮੂਹ ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਸਟੇਟ ਰਿਸੋਰਸ ਪਰਸਨ ਮੌਜੂਦ ਸਨ।