ਅੱਜ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 21 ਅਕਤੂਬਰ ਦੀ ਸਮੂਹਿਕ ਛੁੱਟੀ ਦਾ ਨੋਟਿਸ ਡੀਐਸਈ ਪੰਜਾਬ ਨੂੰ ਭੇਜਿਆ
21 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਸਾਂਝੇ ਰੋਸ ਪ੍ਰਦਰਸ਼ਨ ਕਰਨਗੇ ਅਧਿਆਪਕ, 22 ਅਕਤੂਬਰ ਦੇ ਪ੍ਰਦਰਸ਼ਨਾਂ ਵਿੱਚ ਵੀ ਭਰਵੀਂ ਸ਼ਮੂਲੀਅਤ ਦਾ ਐਲਾਨ
ਅੰਮ੍ਰਿਤਸਰ: ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਨੂੰ ਲਾਗੂ ਕਰਦਿਆਂ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋ ਸੁੱਚਾ ਸਿੰਘ ਟਰਪਈ, ਅਸ਼ਵਨੀ ਅਵਸਥੀ, ਸੁਖਵਿੰਦਰ ਸਿੰਘ ਮਾਨ, ਰਾਕੇਸ਼ ਕੁਮਾਰ ਦੀ ਅਗਵਾਈ ਵਿੱਚ 21 ਅਕਤੂਬਰ 2026, ਦਿਨ ਬੁੱਧਵਾਰ ਨੂੰ ਸਮੂਹਿਕ ਛੁੱਟੀ ਲੈਣ ਸਬੰਧੀ ਨੋਟਿਸ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐ. ਤੇ ਸੈ. ਸਿੱ.)ਰਾਹੀਂ ਡਾਇਰੈਕਟਰ ਸਕੂਲ ਸਿੱਖਿਆ (ਡੀ.ਐਸ.ਈ), ਪੰਜਾਬ ਨੂੰ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਦਾ ਫੰਡ ਨਾ ਮਿਲਣ ਕਰਕੇ ਇਹਨਾਂ ਖੇਡਾਂ ਦਾ ਬਾਈਕਾਟ ਸਬੰਧੀ ਨੋਟਿਸ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਰਾਹੀਂ ਡਾਇਰੈਕਟਰ ਸਕੂਲ ਸਿੱਖਿਆ (ਐ. ਸਿ.) ਨੂੰ ਦਿੱਤਾ ਗਿਆ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਡੀ.ਆਰ.ਓ ਰਾਹੀਂ ਮੰਗ ਪੱਤਰ ਵੀ ਦਿੱਤਾ ਗਿਆ ਕਿ ਜਨਗਣਨਾ ਸਬੰਧੀ ਚੱਲ ਰਹੀ ਟ੍ਰੇਨਿੰਗ ਜੋ 21 ਅਤੇ 22 ਅਕਤੂਬਰ ਨੂੰ ਰੱਖੀ ਗਈ ਹੈ ਉਸ ਨੂੰ ਅੱਗੇ ਕੀਤਾ ਜਾਵੇ ਤਾਂ ਕਿ ਮੁਲਾਜ਼ਮ ਉਸ ਦਿਨ ਆਪਣੀ ਛੁੱਟੀ ਲੈ ਕੇ ਵੱਡੀ ਗਿਣਤੀ ਵਿੱਚ ਰੋਸ ਮੁਜ਼ਾਹਰੇ ਵਿੱਚ ਭਾਗ ਲੈ ਸਕਣ।
ਅਧਿਆਪਕ ਜਥੇਬੰਦੀਆਂ ਨੇ ਦੱਸਿਆ ਕਿ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤਹਿਤ ਪੰਜਾਬ ਦੇ ਸਮੂਹ ਅਧਿਆਪਕ 21 ਅਕਤੂਬਰ ਨੂੰ ਇੱਕ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਆਪਣੇ ਹੱਕਾਂ ਅਤੇ ਮੰਗਾਂ ਦੀ ਪ੍ਰਾਪਤੀ ਲਈ ਸਾਂਝੇ ਰੋਸ ਪ੍ਰਦਰਸ਼ਨ ਕਰਨਗੇ। ਇਸ ਕਾਰਵਾਈ ਦਾ ਮਕਸਦ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਅਤੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨਾ ਹੈ।
ਜਥੇਬੰਦੀਆਂ ਨੇ ਇਹ ਵੀ ਐਲਾਨ ਕੀਤਾ ਕਿ 22 ਅਕਤੂਬਰ ਨੂੰ ਹੋਣ ਵਾਲੇ ਰੋਸ ਪ੍ਰਦਰਸ਼ਨਾਂ ਵਿੱਚ ਵੀ ਅਧਿਆਪਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਸਮੂਹ ਅਧਿਆਪਕ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਏਕਤਾ ਅਤੇ ਜਥੇਬੰਦਕ ਅਨੁਸ਼ਾਸਨ ਦਾ ਪ੍ਰਗਟਾਵਾ ਕਰਦਿਆਂ ਸੰਘਰਸ਼ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ।
ਅਧਿਆਪਕ ਜਥੇਬੰਦੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੇ ਹੱਲ ਲਈ ਏਕਤਾ ਅਤੇ ਸਾਂਝਾ ਸੰਘਰਸ਼ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਸਮੂਹ ਅਧਿਆਪਕਾਂ ਨੂੰ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਹਰਵਿੰਦਰ ਸਿੰਘ ਸੁਲਤਾਨਵਿੰਡ, ਗੁਰਬਿੰਦਰ ਸਿੰਘ ਖਹਿਰਾ, ਨਰਿੰਦਰ ਨੂਰ, ਨਵਦੀਪ ਸਿੰਘ,ਹਰਪ੍ਰੀਤ ਸਿੰਘ ਸੋਹੀਆਂ, ਰਾਜੇਸ਼ ਪ੍ਰਾਸ਼ਰ, ਗੁਰਲਾਲ ਸਿੰਘ ਸੋਹੀ,ਹਰਮਨਦੀਪ ਸਿੰਘ ਭੰਗਾਲੀ,ਉਕਾਂਰ ਸਿੰਘ, ਸੁਖਦੇਵ ਸਿੰਘ ਵੇਰਕਾ, ਨਿਰਮਲ ਸਿੰਘ, ਸੁਖਜੀਤ ਸਿੰਘ ਭਕਨਾ, ਗੁਰਪ੍ਰੀਤ ਸਿੰਘ ਵੇਰਕਾ, ਰਵੀਇੰਦਰ ਪਾਲ ਸਿੰਘ, ਨਵਤੇਜ ਸਿੰਘ ਹਰਚਰਨ ਸਿੰਘ ਸਾ਼ਹ, ਦਵਿੰਦਰ ਕੁਮਾਰ ਮੰਗੋਤਰਾ,ਦਿਨੇਸ਼ ਕੁਮਾਰ, ਮਨੀਸ਼ ਕੁਮਾਰ ਹਾਜ਼ਰ ਸਨ।
