60% DA CASE : ਪੰਜਾਬ ਸਰਕਾਰ ਨੇ ਕੀਤੇ ਬੇਬੁਨਿਆਦ, ਝੂਠੇ ਤੇ ਗੁਮਰਾਹਕੁਨ ਅੰਕੜੇ ਪੇਸ਼- ਸਾਂਝੀ ਤਾਲ ਮੇਲ ਕਮੇਟੀ

 *ਬੇਬੁਨਿਆਦ, ਝੂਠੇ ਤੇ ਗੁਮਰਾਹਕੁਨ ਅੰਕੜੇ ਪੇਸ਼ ਕਰਨ ਤੇ ਉੱਤਰੀ ਪੰਜਾਬ ਸਰਕਾਰ* 


*17.07.2020 ਤੋਂ ਭਰਤੀ ਮੁਲਾਜ਼ਮਾਂ ਦੀ ਮੁੱਖ ਮੰਗ ਮਹਿੰਗਾਈ ਭੱਤਾ ਨਹੀਂ, ਬਲਕਿ ਇਸ ਪੱਤਰ ਰਾਹੀਂ ਜਬਰੀ ਥੋਪੇ ਕੇਂਦਰੀ ਤਨਖਾਹ ਸਕੇਲ ਰੱਦ ਕਰਾਉਣ ਦੀ ਹੈ - ਸਾਂਝੀ ਤਾਲਮੇਲ ਕਮੇਟੀ*


ਚੰਡੀਗੜ੍ਹ 05 ਸਤੰਬਰ 2026 ( ਜਾਬਸ ਆਫ ਟੁਡੇ)  ਪੰਜਾਬ ਸਰਕਾਰ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਵਾਸਤੇ ਹੁਣ ਬੇਬੁਨਿਆਦ, ਝੂਠੇ ਤੇ ਗੁਮਰਾਹਕੁਨ ਅੰਕੜੇ ਪੇਸ਼ ਕਰਨ ਵਰਗੀਆਂ ਕੋਝੀਆਂ ਹਰਕਤਾਂ ਤੇ ਉਤਰ ਆਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ "ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ" ਅਤੇ "ਸਾਂਝਾ ਮੁਲਾਜ਼ਮ ਮੰਚ ਪੰਜਾਬ" ਤੇ ਅਧਾਰਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਪ੍ਰਮੁੱਖ ਆਗੂਆਂ ਸਰਵ ਸ਼੍ਰੀ ਸਤੀਸ਼ ਰਾਣਾ, ਗੁਰਨਾਮ ਸਿੰਘ ਵਿਰਕ, ਸੁਖਚੈਨ ਸਿੰਘ ਖਹਿਰਾ, ਰਣਜੀਤ ਸਿੰਘ ਰਾਣਵਾਂ, ਸੁਸ਼ੀਲ ਕੁਮਾਰ ਫੌਜੀ, ਕਰਮ ਸਿੰਘ ਧਨੋਆ, ਹਰਜਿੰਦਰ ਪਾਲ ਸਿੰਘ ਪੰਨੂ, ਜਰਮਨਜੀਤ ਸਿੰਘ, ਮਨਪ੍ਰੀਤ ਸਿੰਘ, ਰਕੇਸ਼ ਕੁਮਾਰ, ਭਜਨ ਸਿੰਘ ਗਿੱਲ, ਐਨ ਕੇ ਕਲਸੀ, ਮਨਜੀਤ ਸਿੰਘ ਬਾਸਰਕੇ, ਤਰਸੇਮ ਸਿੰਘ ਭੱਠਲ, ਕੁਲਵਿੰਦਰ ਸਿੰਘ ਢਿੱਲੋਂ, ਸੁਖਦੇਵ ਸਿੰਘ ਸੈਣੀ, ਗੁਰਸ਼ਰਨ ਸਿੰਘ ਹੁੰਦਲ, ਗਗਨਦੀਪ ਸਿੰਘ ਭੁੱਲਰ, ਦੀਦਾਰ ਸਿੰਘ ਚੋਕਰ, ਅਮਰੀਕ ਸਿੰਘ ਕੰਗ, ਦਿਲਪ੍ਰੀਤ ਸਿੰਘ, ਦਿਗਵਿਜੇ ਪਾਲ ਸ਼ਰਮਾ, ਹਰਨੇਕ ਸਿੰਘ, ਅਵਤਾਰ ਸਿੰਘ ਕੈਂਥ, ਰਘਵੀਰ ਸਿੰਘ ਬਡਵਾਲ, ਜਗਦੀਸ਼ ਸਿੰਘ ਚਾਹਲ, ਮਨਦੀਪ ਸਿੰਘ, ਰਾਧੇ ਸ਼ਾਮ, ਜਸਵੀਰ ਸਿੰਘ ਤਲਵਾੜਾ, ਕਰਮਜੀਤ ਸਿੰਘ ਬੀਹਲਾ ਅਤੇ ਬੋਬਿੰਦਰ ਸਿੰਘ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ। ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਕੈਬਨਿਟ ਸਬ ਕਮੇਟੀ ਵੱਲੋਂ ਲਏ ਫੈਸਲੇ ਤਹਿਤ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਆਖਿਆ ਕਿ 17 ਜੁਲਾਈ 2020 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ 60 ਪ੍ਰਤੀਸ਼ਤ ਮਹਿੰਗਾਈ ਭੱਤਾ ਦੇਣ ਸਬੰਧੀ ਸਿਫਾਰਿਸ਼ ਮੁੱਖ ਮੰਤਰੀ ਨੂੰ ਕੀਤੀ ਜਾਵੇਗੀ, ਜਿਸ ਤੇ ਆਪਣਾ ਪ੍ਰਤੀਕਰਮ ਕਰਦਿਆਂ ਸਾਂਝੀ ਤਾਲਮੇਲ ਕਮੇਟੀ ਦੇ ਉਕਤ ਆਗੂਆਂ ਆਖਿਆ ਕਿ ਇਹਨਾਂ ਮੁਲਾਜ਼ਮਾਂ ਦੀ ਮੁੱਖ ਮੰਗ 17.07.2020 ਦੇ ਪੱਤਰ ਰਾਹੀਂ ਜਬਰੀ ਥੋਪੇ ਕੇਂਦਰੀ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰਨ ਦੀ ਹੈ ਨਾ ਕਿ ਮਹਿੰਗਾਈ ਭੱਤਾ। ਇਸ ਸਬੰਧੀ ਆਗੂਆਂ ਆਖਿਆ ਕਿ ਪੰਜਾਬ ਸਰਕਾਰ ਜਵਾਬ ਦੇਵੇ ਕਿ ਤਨਖਾਹ ਸਕੇਲ ਅਤੇ ਡੀ ਏ ਦੋ ਵੱਖਰੀਆਂ - ਵਖਰੀਆਂ ਸਰਵਿਸ ਸ਼ਰਤਾਂ ਹਨ ਕਿ ਨਹੀਂ ? ਆਗੂਆਂ ਅੱਗੇ ਆਖਿਆ ਕਿ 1966 ਵਿੱਚ ਪੰਜਾਬ ਗਠਨ ਤੋਂ ਬਾਅਦ ਤਨਖਾਹ ਸਕੇਲ ਹਰ ਦਸ ਸਾਲ ਬਾਅਦ ਪੰਜਾਬ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਸਰਕਾਰ ਫੈਸਲਾ ਲੈ ਕੇ ਗਵਰਨਰ ਦੀ ਸਹਿਮਤੀ ਨਾਲ ਗਜਿਟ ਨੋਟੀਫ਼ਿਕੇਸ਼ਨ ਕਰਦੀਆਂ ਹਨ, ਜਦੋਂਕਿ ਡੀ ਏ ਹਰ ਛੇ ਮਹੀਨੇ ਬਾਅਦ ਕੇਂਦਰ ਸਰਕਾਰ ਵੱਲੋਂ ਵਧੀ ਮਹਿੰਗਾਈ ਦੀ ਭਰਪਾਈ ਲਈ ਤਹਿ ਡੀ ਏ ਦੀਆਂ ਦਰਾਂ ਦੇ ਆਧਾਰ ਤੇ ਰਾਜ ਸਰਕਾਰਾਂ ਦਿੰਦੀਆਂ ਹਨ।


 ਤਨਖਾਹ ਸਕੇਲ ਹਰ ਸੂਬੇ ਵਿੱਚ ਵੱਖਰੇ ਵੱਖਰੇ ਹਨ ਅਤੇ ਸੇਵਾ ਸ਼ਰਤਾਂ, ਯੋਗਤਾ ਅਤੇ ਹੋਰ ਭੱਤੇ ਵੀ ਬਹੁਤ ਸਾਰੇ ਰਾਜਾਂ ਅੰਦਰ ਵੱਖਰੇ ਵੱਖਰੇ ਹਨ, ਪਰ ਮਹਿੰਗਾਈ ਭੱਤੇ ਦੀ ਦਰ ਹਰ ਸੂਬੇ ਵਿੱਚ ਕੇਂਦਰ ਦੇ ਬਰਾਬਰ ਹੁੰਦੀ ਹੈ, ਕਿਉਂਕਿ ਮਹਿੰਗਾਈ ਭੱਤਾ ਮਹਿੰਗਾਈ ਸੂਚਕ ਅੰਕ ਨਾਲ ਜੋੜ ਕੇ ਤੈਅ ਕੀਤਾ ਜਾਂਦਾ ਹੈ, ਇਹ  ਭੱਤਾ ਮਹਿੰਗਾਈ ਵਧਣ ਨਾਲ ਮੁਲਾਜ਼ਮ ਦੀ ਤਨਖਾਹ ਅਤੇ ਪੈਨਸ਼ਨਰ ਦੀ ਪੈਨਸ਼ਨ ਨੂੰ ਲੱਗੇ ਖੋਰੇ ਦੀ ਪੂਰਤੀ ਕਰਨ ਵਾਸਤੇ ਦਿੱਤਾ ਜਾਂਦਾ ਹੈ। ਇਹ ਗੱਲ ਵੱਖਰੀ ਹੈ ਕਿ ਮਹਿੰਗਾਈ ਭੱਤੇ ਦੀ ਦਰ ਨਿਸ਼ਚਿਤ ਕਰਨ ਸਮੇਂ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਲੁਕਾ ਕੇ ਰੱਖਿਆ ਜਾਂਦਾ ਹੈ ਅਤੇ ਇਹ ਪਿਛਲੀ ਵਧ ਚੁੱਕੀ ਮਹਿੰਗਾਈ ਦੇ ਆਧਾਰ 'ਤੇ ਕੱਢਿਆ ਜਾਂਦਾ ਹੈ ਅਤੇ ਦਿੱਤਾ ਆਉਣ ਵਾਲੇ ਸਮੇਂ ਵਿੱਚ ਜਾਂਦਾ ਹੈ। ਉਦੋਂ ਤੱਕ ਮਹਿੰਗਾਈ ਹੋਰ ਵਧ ਚੁੱਕੀ ਹੁੰਦੀ ਹੈ। ਪੰਜਾਬ ਦੇ ਮੁਲਾਜ਼ਮ-ਪੈਨਸ਼ਨਰ ਪੰਜਾਬ ਦੇ IAS,IPS,IFS, IRS ਅਤੇ ਜੁਡੀਸ਼ਰੀ ਆਦਿ ਦੇ ਬਰਾਬਰ ਡੀ ਏ ਦੀ ਮੰਗ ਕਰ ਰਹੇ ਹਨ।

          ਆਗੂਆਂ ਨੇ ਆਖਿਆ ਕਿ ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਕਾਰ ਜੋ 17.07.2020 ਤੋਂ ਬਾਅਦ ਵਾਲਿਆਂ ਨੂੰ ਡੀ ਏ ਦੇਣ ਦਾ 85 ਹਜਾਰ ਮੁਲਾਜ਼ਮਾਂ ਦਾ ਅੰਕੜਾ ਦੱਸ ਰਹੀ ਹੈ, ਉਹ ਬਿਲਕੁਲ ਹੀ ਤੱਥਾਂ ਤੋਂ ਕੋਹਾਂ ਦੂਰ ਹੈ। ਕਿਉਂਕਿ ਇਸ ਭਰਤੀ ਵਾਲੇ ਮੁਲਾਜ਼ਮਾਂ ਤੇ ਵੀ ਪਹਿਲੇ ਮੁਲਾਜਮਾਂ ਵਾਂਗ ਤਿੰਨ ਸਾਲ ਦੇ ਪ੍ਰੋਬੇਸ਼ਨ ਪੀਰੀਅਡ ਦੀ ਸ਼ਰਤ ਲੱਗੀ ਹੋਈ ਹੈ, ਜਿਸ ਕਰਕੇ ਇਹਨਾਂ ਮੁਲਾਜ਼ਮਾਂ ਨੂੰ ਭਰਤੀ ਉਪਰੰਤ ਪਹਿਲੇ ਤਿੰਨ ਸਾਲ ਸਿਰਫ ਤੇ ਸਿਰਫ ਮੁਢਲਾ ਤਨਖਾਹ ਸਕੇਲ ਹੀ ਮਿਲਣਾ ਹੈ। ਭਾਵ ਕਲਰਕ ਨੂੰ ਪਹਿਲੇ ਤਿੰਨ ਸਾਲ 19,900 ਰੁਪਏ ਪ੍ਰਤੀ ਮਹੀਨਾ ਹੀ ਮਿਲਣਾ ਹੈ, ਇਸ ਤੋਂ ਇਲਾਵਾ ਇਸ ਨੂੰ ਹੋਰ ਕੋਈ ਵੀ ਭੱਤਾ ਜਾਂ ਲਾਭ ਨਹੀਂ ਮਿਲਣਾ ਅਤੇ ਨਾ ਹੀ ਇਕ ਸਾਲ ਬਾਅਦ ਸਲਾਨਾ ਤਰੱਕੀ ਦਾ ਲਾਭ ਮਿਲਣਾ ਹੈ। ਇਸ ਕਰਕੇ 85 ਹਜਾਰ ਮੁਲਾਜ਼ਮਾਂ ਦਾ ਅੰਕੜਾ ਬੇਬੁਨਿਆਦ ਹੈ। ਕਿਉਂਕਿ ਬਹੁਤ ਸਾਰੇ ਮੁਲਾਜ਼ਮ ਅਜੇ ਪ੍ਰੋਬੇਸ਼ਨ ਪੀਰੀਅਡ ਵਿੱਚ ਹੀ ਹਨ। ਇਸ ਤੋਂ ਇਲਾਵਾ ਪੱਕੇ ਕਰਨ ਸਬੰਧੀ ਜਿਹੜੇ ਮੁਲਾਜ਼ਮ ਪੰਜਾਬ ਸਰਕਾਰ ਦੀ 16.05.2023 ਨੂੰ ਜਾਰੀ ਕੀਤੀ ਨੀਤੀ ਤਹਿਤ ਪੱਕੇ ਕੀਤੇ ਗਏ ਹਨ, ਉਹਨਾਂ ਨੂੰ ਵੀ ਬੱਝਵੀਂ ਤਨਖਾਹ ਹੀ ਮਿਲਦੀ ਹੈ, ਉਹਨਾਂ ਨੂੰ ਕੋਈ ਵੀ ਹੋਰ ਭੱਤਾ ਜਾਂ ਸਹੂਲਤ ਨਹੀਂ ਮਿਲਦੀ, ਜਿਸ ਨੂੰ ਪਲੇਸਮੈਂਟ ਦਾ ਨਾਂ ਹੀ ਦਿੱਤਾ ਗਿਆ ਹੈ। ਆਗੂਆਂ ਆਖਿਆ ਕਿ ਪੰਜਾਬ ਸਰਕਾਰ ਦੀ ਇਹ ਨੀਤੀ ਮੁਲਾਜ਼ਮਾਂ ਅੰਦਰ ਵਖਰੇਵਾਂ ਖੜ੍ਹਾ ਕਰਨ ਦੀ ਹੈ, ਜਿਸ ਵਿੱਚ ਉਹ ਕਦੇ ਵੀ ਕਾਮਯਾਬ ਨਹੀਂ ਹੋਣਗੇ।

          ਉਕਤ ਆਗੂਆਂ ਨੇ ਆਖਿਆ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਕੈਬਨਿਟ ਸਬ ਕਮੇਟੀ ਦੇ ਤਿੰਨਾਂ ਮੈਂਬਰਾਂ ਸ੍ਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਬੀਬੀ ਬਲਜੀਤ ਕੌਰ ਵੱਲੋਂ ਮੁਲਾਜ਼ਮਾਂ ਨੂੰ ਬਦਨਾਮ ਕਰਨ ਲਈ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਇਹ ਆਖਿਆ ਗਿਆ ਸੀ ਕਿ ਪੰਜਾਬ ਦੀ ਸਲਾਨਾ ਆਮਦਨ ਦਾ 51% ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਤਨਖਾਹਾਂ / ਪੈਨਸ਼ਨਾਂ 'ਤੇ ਖਰਚ ਕੀਤਾ ਜਾਂਦਾ ਹੈ। ਉਹ ਵੀ ਕੋਰਾ ਝੂਠ ਸੀ, ਇਹਨਾਂ ਮੰਤਰੀਆਂ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਇਸ ਦਾ ਵੱਡਾ ਹਿੱਸਾ ਵੱਖ-ਵੱਖ ਅਦਾਰਿਆਂ ਅੰਦਰ ਕੰਮ ਕਰਦੇ ਵੱਡੇ ਅਧਿਕਾਰੀਆਂ ਦੀ ਖੜ੍ਹੀ ਕੀਤੀ ਫੌਜ, ਮੰਤਰੀਆਂ, ਵਿਧਾਇਕਾਂ, ਵੱਖ ਵੱਖ ਸੈਂਕੜੇ ਤਰ੍ਹਾਂ ਦੇ ਬੋਰਡ, ਕਾਰਪੋਰੇਸ਼ਨਾਂ, ਸਹਿਕਾਰੀ ਅਦਾਰੇ ਅਤੇ ਵੱਖ-ਵੱਖ ਜਾਤੀਆਂ ਨਾਲ  ਸੰਬੰਧਿਤ ਚੇਅਰਮੈਨ, ਸੀਨੀਅਰ ਵਾਈਸ ਚੇਅਰਮੈਨ, ਵਾਈਸ ਚੇਅਰਮੈਨ, ਦਿੱਲੀ ਤੋਂ ਲਿਆ ਕੇ ਬਿਠਾਈ ਫੌਜ ਆਦਿ ਨੂੰ ਦਿੱਤੀਆਂ ਜਾਂਦੀਆਂ ਤਨਖਾਹਾਂ, ਭੱਤੇ, ਰਿਹਾਇਸ਼ਾਂ, ਗੱਡੀਆਂ, ਸਿਕਿਉਰਟੀ ਅਤੇ ਹੋਰ ਬਹੁਤ ਸਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਦਿੱਤੀਆਂ ਜਾ ਰਹੀਆਂ ਸਹੂਲਤਾਂ 'ਤੇ ਖਰਚ ਹੁੰਦਾ ਹੈ। ਆਗੂਆਂ ਨੇ ਆਖਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਖਜ਼ਾਨੇ ਦੀ ਇਸ਼ਤਿਹਾਰਾਂ 'ਤੇ ਕੀਤੀ ਜਾ ਰਹੀ ਅੰਨ੍ਹੀ ਲੁੱਟ ਨੂੰ ਲੁਕੋਇਆ ਜਾ ਰਿਹਾ ਹੈ। 

            ਉਕਤ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਗੱਲ ਬਾਤ ਲਈ ਸੁਖਾਵਾਂ ਮਾਹੌਲ ਬਣਾਉਣ ਲਈ ਬਦਲਾ ਲਊ ਭਾਵਨਾ ਨਾਲ ਸਾਂਝੀ ਤਾਲਮੇਲ ਕਮੇਟੀ ਦੇ ਪ੍ਰਮੁੱਖ ਆਗੂ ਸਾਥੀ ਸੁਖਚੈਨ ਸਿੰਘ ਖਹਿਰਾ ਦੀ ਕੀਤੀ ਬਦਲੀ ਰੱਦ ਕਰੇ ਅਤੇ ਸਮੂਹਿਕ ਛੁੱਟੀ ਤੇ ਗਏ ਮੁਲਾਜ਼ਮਾਂ ਸਬੰਧੀ ਕੱਢੇ ਪੱਤਰ ਵਾਪਸ ਲਵੇ ਅਤੇ ਸਰਕਾਰ ਟਕਰਾਅ ਦੀ ਨੀਤੀ ਛੱਡ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਕਰੇ, ਜਿਸ ਦੇ ਤਹਿਤ ਮਹਿੰਗਾਈ ਭੱਤੇ ਅਤੇ ਤਨਖਾਹ ਕਮਿਸ਼ਨ ਦੇ ਬਕਾਇਆ ਸਬੰਧੀ ਪੰਜਾਬ ਸਰਕਾਰ ਮਾਨਯੋਗ ਹਾਈ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦਿਆਂ ਸਮੁੱਚੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਭੁਗਤਾਨ ਕਰੇ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੂਰੀਆਂ ਤਨਖਾਹਾਂ ਵਿੱਚ ਪੱਕੇ ਕੀਤੇ ਜਾਣ, ਆਪਣੇ ਵਾਅਦੇ ਅਨੁਸਾਰ ਮਿਡ ਡੇ ਮੀਲ ਵਰਕਰਾਂ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ / ਇਨਸੈਂਟਿਵ ਦੁਗਣੇ ਕੀਤੇ ਜਾਣ, ਆਪਣੇ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਸਕੀਮ ਕੀਤੀ ਜਾਵੇ, ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ 2.59 ਗੁਣਾਕ ਨਾਲ ਕੀਤੀ ਜਾਵੇ, ਮੁਢਲੀ ਤਨਖਾਹ 'ਤੇ ਨਿਯੁਕਤੀ ਦਾ ਪ੍ਰੋਬੇਸ਼ਨ ਪੀਰੀਅਡ ਸਬੰਧੀ 15.01.2015 ਦਾ ਅਤੇ ਜਬਰੀ ਥੋਪੇ ਕੇਂਦਰੀ ਤਨਖਾਹ ਸਕੇਲਾਂ ਸਬੰਧੀ 17.07.2020 ਦਾ ਪੱਤਰ ਵਾਪਸ ਲਿਆ ਜਾਵੇ, ਸਮੁੱਚੇ ਅਦਾਰਿਆਂ ਅੰਦਰ ਖਾਲੀ ਪਈਆਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ, ਏਸੀਪੀ ਸਕੀਮ ਮੁੜ ਚਾਲੂ ਕੀਤੀ ਜਾਵੇ, ਸੋਧਣ ਦੇ ਨਾਮ ਤੇ ਬੰਦ ਕੀਤੇ ਸਮੁੱਚੇ ਭੱਤੇ ਸੋਧ ਕੇ ਲਾਗੂ ਕੀਤੇ ਜਾਣ, ਡਿਵੈਲਪਮੈਂਟ ਦੇ ਨਾਂ ਤੇ ਲਿਆ ਜਾ ਰਿਹਾ 200 ਰੁਪਏ ਪ੍ਰਤੀ ਮਹੀਨਾ ਜਜੀਆ ਬੰਦ ਕੀਤਾ ਜਾਵੇ, ਮਾਨਯੋਗ ਅਦਾਲਤਾਂ ਦੇ ਫੈਸਲੇ ਜਨਰਲਲਾਈਜ਼ ਕੀਤੇ ਜਾਣ।


 ਨਹੀਂ ਤਾਂ ਸਾਂਝੀ ਤਾਲਮੇਲ ਕਮੇਟੀ ਅਗਲੇ ਤਿਖੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਜਿਸ ਦੇ ਤਹਿਤ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ 8 ਸਤੰਬਰ ਨੂੰ ਕੰਮ ਠੱਪ ਰੱਖਿਆ ਜਾਵੇਗਾ ਅਤੇ ਜਿਲਾ ਕੇਂਦਰਾਂ ਤੇ ਕੀਤੀਆਂ ਜਾਣ ਵਾਲੀਆਂ ਰੈਲੀਆਂ ਵਿੱਚ ਸਾਂਝੀ ਤਾਲਮੇਲ ਕਮੇਟੀ ਨਾਲ ਸਬੰਧਤ ਸਮੁੱਚੀਆਂ ਧਿਰਾਂ ਸ਼ਾਮਿਲ ਹੋਣਗੀਆਂ, 12-13 ਸਤੰਬਰ ਨੂੰ 07 ਮੰਤਰੀਆਂ ਦੀਆਂ ਕੋਠੀਆਂ ਦੇ ਘਿਰਾਓ ਕੀਤੇ ਜਾਣਗੇ ਅਤੇ 19-20 ਸਤੰਬਰ ਨੂੰ ਰਹਿੰਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ, 10 ਅਕਤੂਬਰ ਨੂੰ ਸੰਗਰੂਰ ਵਿਖੇ ਮਹਾਂ ਰੈਲੀ ਕੀਤੀ ਜਾਵੇਗੀ ਅਤੇ ਇਸ ਉਪਰੰਤ 21 ਤੇ 22 ਅਕਤੂਬਰ ਨੂੰ ਪੰਜਾਬ ਦੇ ਸਮੁੱਚੇ ਮੁਲਾਜ਼ਮ ਸਮੂਹਿਕ ਛੁੱਟੀ ਤੇ ਜਾਣਗੇ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends