Hoshiarpur: ਹੜ੍ਹ ਤੋਂ ਪ੍ਰਭਾਵਿਤ 14 ਸਰਕਾਰੀ ਸਕੂਲਾਂ ਨੂੰ ਛੱਡ ਕੇ ਸਾਰੇ ਸਰਕਾਰੀ ਸਕੂਲ 10 ਸਤੰਬਰ ਤੋਂ ਖੁੱਲਣਗੇ

 ਸੁਰੱਖਿਆ ਨੂੰ ਪਹਿਲ: ਹੜ੍ਹ ਤੋਂ ਪ੍ਰਭਾਵਿਤ 14 ਸਰਕਾਰੀ ਸਕੂਲਾਂ ਨੂੰ ਛੱਡ ਕੇ ਸਾਰੇ ਸਰਕਾਰੀ ਸਕੂਲ 10 ਸਤੰਬਰ ਤੋਂ ਖੁੱਲਣਗੇ


- ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਹੁਕਮ

- 5 ਅਪਰ ਪ੍ਰਾਇਮਰੀ ਅਤੇ 9 ਪ੍ਰਾਇਮਰੀ ਸਰਕਾਰੀ ਸਕੂਲ ਅਸਥਾਈ ਤੌਰ ’ਤੇ ਬੰਦ ਰਹਿਣਗੇ: ਆਸ਼ਿਕਾ ਜੈਨ

 
- ਕਿਹਾ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਸਭ ਤੋਂ ਅਹਿਮ

ਹੁਸ਼ਿਆਰਪੁਰ, 8 ਸਤੰਬਰ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈ ਭਾਰੀ ਮੀਂਹ ਅਤੇ ਹੜ੍ਹ ਤੋ ਪ੍ਰਭਾਵਿਤ ਜ਼ਿਲ੍ਹੇ ਦੇ 14 ਸਰਕਾਰੀ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਵਿੱਚ 5 ਅਪਰ ਪ੍ਰਾਇਮਰੀ ਅਤੇ 9 ਪ੍ਰਾਇਮਰੀ ਸਕੂਲ ਸ਼ਾਮਲ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਬਾਕੀ ਸਾਰੇ ਸਰਕਾਰੀ ਸਕੂਲ 10 ਸਤੰਬਰ ਤੋਂ ਖੁੱਲਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੈ ਅਤੇ ਪ੍ਰਭਾਵਿਤ ਸਕੂਲਾਂ ਨੂੰ ਉਦੋਂ ਹੀ ਖੋਲ੍ਹਿਆ ਜਾਵੇਗਾ ਜਦੋਂ ਇਮਾਰਤਾਂ, ਸੜਕ ਸੰਪਰਕ ਅਤੇ ਹੋਰ ਬੁਨਿਆਦੀ ਸਹੂਲਤਾਂ ਪੂਰੀ ਤਰ੍ਹਾਂ ਸੁਰੱਖਿਅਤ ਪਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਸਿੱਖਿਆ ਵਿਭਾਗ ਨਾਲ ਮਿਲ ਕੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫਸਰ ਲਲਿਤਾ ਅਰੋੜਾ ਤੋਂ ਪ੍ਰਾਪਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ 491 ਅਪਰ ਪ੍ਰਾਇਮਰੀ ਸਕੂਲਾਂ ਵਿੱਚੋਂ 5 ਸਕੂਲ ਬੰਦ ਰਹਿਣਗੇ, ਜਦਕਿ 486 ਸਕੂਲ ਬੁੱਧਵਾਰ, 10 ਸਤੰਬਰ ਤੋਂ ਖੁੱਲ ਜਾਣਗੇ। ਬੰਦ ਰਹਿਣ ਵਾਲੇ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਂਦਪੁਰ, ਸਰਕਾਰੀ ਮਿਡਲ ਸਕੂਲ ਹਕੂਮਤਪੁਰ, ਸਰਕਾਰੀ ਮਿਡਲ ਸਕੂਲ ਭਟੋਲੀਆਂ, ਸਰਕਾਰੀ ਮਿਡਲ ਸਕੂਲ ਹਲੇੜ ਜਨਾਰਦਨ ਅਤੇ ਸਰਕਾਰੀ ਹਾਈ ਸਕੂਲ ਫੁਗਲਾਣਾ ਸ਼ਾਮਲ ਹਨ। ਇਸੇ ਤਰ੍ਹਾਂ, ਜ਼ਿਲ੍ਹੇ ਦੇ 1220 ਪ੍ਰਾਇਮਰੀ ਸਕੂਲਾਂ ਵਿੱਚੋਂ 9 ਸਕੂਲ ਬੰਦ ਰਹਿਣਗੇ, ਜਦਕਿ 1211 ਸਕੂਲ 10 ਸਤੰਬਰ ਤੋਂ ਖੁੱਲ ਜਾਣਗੇ। ਬੰਦ ਰਹਿਣ ਵਾਲੇ ਪ੍ਰਾਇਮਰੀ ਸਕੂਲਾਂ ਵਿੱਚ ਸਾਹਿਬ ਦਾ ਪਿੰਡ, ਲੁਧਿਆਣੀ, ਦੇਨੋਵਾਲ ਕਲਾਂ, ਮੋਨਾ ਖੁਰਦ, ਰੂਪੋਵਾਲ, ਜਾਹਿਦਪੁਰ ਜੱਟਾਂ, ਹਲੇੜ ਜਨਾਰਦਨ, ਬੈਂਸ ਅਵਾਣ ਅਤੇ ਜਾਂਗਲੀਆਣਾ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਪ੍ਰਭਾਵਿਤ ਸਕੂਲਾਂ ਵਿੱਚ ਨਾ ਭੇਜਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਸਾਰੇ ਪ੍ਰਭਾਵਿਤ ਸਕੂਲਾਂ ਦੀ ਸਫਾਈ ਅਤੇ ਮੁਰੰਮਤ ਦਾ ਕੰਮ ਤਰਜੀਹ ਦੇ ਆਧਾਰ ’ਤੇ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਘੱਟੋ-ਘੱਟ ਅਸਰ ਪਵੇ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends