ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਐਲਾਨ: 1 ਅਕਤੂਬਰ 2025 ਤੋਂ ਬ੍ਰਾਂਡਡ ਤੇ ਪੇਟੈਂਟਦ ਦਵਾਈਆਂ ‘ਤੇ 100% ਟੈਰੀਫ਼
ਵਾਸ਼ਿੰਗਟਨ 26 ਸਤੰਬਰ,( ਜਾਬਸ ਆਫ ਟੁਡੇ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ 1 ਅਕਤੂਬਰ 2025 ਤੋਂ ਬ੍ਰਾਂਡਡ ਜਾਂ ਪੇਟੈਂਟਦ ਦਵਾਈਆਂ ‘ਤੇ 100 ਪ੍ਰਤੀਸ਼ਤ ਟੈਰੀਫ਼ ਲਗਾਇਆ ਜਾਵੇਗਾ। ਹਾਲਾਂਕਿ ਇਹ ਟੈਰੀਫ਼ ਉਹਨਾਂ ਕੰਪਨੀਆਂ ‘ਤੇ ਨਹੀਂ ਲੱਗੇਗਾ ਜੋ ਅਮਰੀਕਾ ਵਿੱਚ ਆਪਣਾ ਦਵਾਈ ਬਣਾਉਣ ਵਾਲਾ ਪਲਾਂਟ ਲਗਾ ਰਹੀਆਂ ਹਨ।
ਟਰੰਪ ਨੇ ਸਪਸ਼ਟ ਕੀਤਾ ਕਿ “ਲਗਾ ਰਹੀਆਂ ਹਨ” ਦਾ ਅਰਥ ਹੈ ਕਿ ਕੰਪਨੀ ਦਾ ਪਲਾਂਟ “ਬ੍ਰੇਕਿੰਗ ਗਰਾਊਂਡ” ਜਾਂ “ਅੰਡਰ ਕਨਸਟਰਕਸ਼ਨ” (ਨਿਰਮਾਣ ਹੇਠ) ਹੋਣਾ ਚਾਹੀਦਾ ਹੈ। ਇਸ ਲਈ, ਜੇ ਕਿਸੇ ਕੰਪਨੀ ਨੇ ਅਮਰੀਕਾ ਵਿੱਚ ਦਵਾਈ ਬਣਾਉਣ ਲਈ ਪਲਾਂਟ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਤਾਂ ਉਸ ਦੀਆਂ ਦਵਾਈਆਂ ‘ਤੇ ਕੋਈ ਟੈਰੀਫ਼ ਨਹੀਂ ਲੱਗੇਗਾ।
ਇਸ ਤੋਂ ਪਹਿਲਾਂ ਭਾਰਤੀ ਉਤਪਾਦਾਂ ‘ਤੇ 27 ਅਗਸਤ ਤੋਂ 50 ਪ੍ਰਤੀਸ਼ਤ ਟੈਰੀਫ਼ ਲਗਾਇਆ ਜਾ ਚੁੱਕਾ ਹੈ। ਇਹ ਟੈਰੀਫ਼ ਕੱਪੜੇ, ਜੁਲਰੀ, ਫਰਨੀਚਰ, ਸੀ-ਫੂਡ ਆਦਿ ਉਤਪਾਦਾਂ ‘ਤੇ ਲਾਗੂ ਹੋਇਆ ਸੀ ਜਿਸ ਨਾਲ ਭਾਰਤੀ ਐਕਸਪੋਰਟ ਮਹਿੰਗੇ ਹੋ ਗਏ ਹਨ। ਹਾਲਾਂਕਿ ਦਵਾਈਆਂ ਨੂੰ ਇਸ ਟੈਰੀਫ਼ ਤੋਂ ਬਾਹਰ ਰੱਖਿਆ ਗਿਆ ਸੀ।
ਟਰੰਪ ਨੇ ਕਿਹਾ ਕਿ 1 ਅਕਤੂਬਰ ਤੋਂ ਅਮਰੀਕਾ ਵਿੱਚ ਬਣ ਰਹੇ ਪਲਾਂਟ ਵਾਲੀਆਂ ਕੰਪਨੀਆਂ ਦੀਆਂ ਦਵਾਈਆਂ ਹੀ ਇਸ ਟੈਰੀਫ਼ ਤੋਂ ਬਚ ਸਕਣਗੀਆਂ।
