ਆਪ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ 5 ਸਾਲਾਂ ਲਈ ਪਾਰਟੀ ਤੋਂ ਬਾਹਰ
ਚੰਡੀਗੜ੍ਹ, 29 ਜੂਨ 2025:
ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਨੌਰਥ ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪਾਰਟੀ ਵਿਰੁੱਧ ਗਤੀਵਿਧੀਆਂ ਅਤੇ ਅਨੁਸ਼ਾਸਨਹੀਨਤਾ ਦੇ ਆਰੋਪਾਂ ਹੇਠ 5 ਸਾਲਾਂ ਲਈ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ।
ਇਹ ਫੈਸਲਾ ਪਾਰਟੀ ਦੀ ਪੋਲਿਟਿਕਲ ਅਫ਼ੇਅਰਜ਼ ਕਮੇਟੀ ਵੱਲੋਂ ਲਿਆ ਗਿਆ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਵਿਜੈ ਪ੍ਰਤਾਪ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਹੱਕ ਵਿੱਚ ਬਿਆਨ ਦਿੱਤਾ ਸੀ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ।
2022 ਵਿੱਚ ਉਹ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਜਿੱਤ ਕੇ ਵਿਧਾਇਕ ਬਣੇ ਸਨ, ਪਰ ਉਹ ਲੰਬੇ ਸਮੇਂ ਤੋਂ ਪਾਰਟੀ ਵਿਰੋਧੀ ਕਦਮਾਂ ਵਿੱਚ ਸ਼ਾਮਿਲ ਰਹੇ। ਚਾਹੇ ਉਹ ਬਰਗਾੜੀ ਗੋਲੀ ਕਾਂਡ ਹੋਵੇ ਜਾਂ ਪਾਰਟੀ ਵੱਲੋਂ ਲਏ ਹੋਰ ਅਹੰਮ ਫ਼ੈਸਲੇ, ਉਹ ਅਕਸਰ ਪਾਰਟੀ ਦੀ ਲਾਈਨ ਤੋਂ ਅਲੱਗ ਦਿੱਖ ਰਹੇ ਸਨ।
ਇਸ ਤੋਂ ਇਲਾਵਾ, ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਵਿੱਚ ਵੀ ਉਹ ਹਾਜ਼ਰ ਨਹੀਂ ਰਹਿੰਦੇ ਸਨ।