ਭਾਰਤ-ਪਾਕਿਸਤਾਨ ਜੰਗਬੰਦੀ ਵਿੱਚ ਅਮਰੀਕਾ ਦੀ ਭੂਮਿਕਾ, ਟਰੰਪ ਨੂੰ ਮਾਣ"
New Delhi ( 11 May 2025 )
11 ਮਈ, 2025 ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਟਵੀਟ ਰਾਹੀਂ ਭਾਰਤ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਆਗੂਆਂ ਨੂੰ ਉਨ੍ਹਾਂ ਦੀ ਹਿੰਮਤ ਅਤੇ ਸਿਆਣਪ ਲਈ ਸਰਾਹਿਆ ਕਿਉਂਕਿ ਉਨ੍ਹਾਂ ਨੇ ਚੱਲ ਰਹੇ ਤਣਾਅ ਨੂੰ ਰੋਕਣ ਦਾ ਫੈਸਲਾ ਕੀਤਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਕਿਹਾ, "ਮੈਨੂੰ ਭਾਰਤ ਅਤੇ ਪਾਕਿਸਤਾਨ ਦੀ ਮਜ਼ਬੂਤ ਅਤੇ ਅਟੱਲ ਲੀਡਰਸ਼ਿਪ 'ਤੇ ਬਹੁਤ ਮਾਣ ਹੈ, ਜਿਨ੍ਹਾਂ ਨੇ ਸਮਝਿਆ ਕਿ ਹੁਣ ਇਸ ਤਣਾਅ ਨੂੰ ਰੋਕਣ ਦਾ ਸਮਾਂ ਆ ਗਿਆ ਹੈ। ਇਸ ਤਣਾਅ ਕਾਰਨ ਲੱਖਾਂ ਨਿਰਦੋਸ਼ ਲੋਕਾਂ ਦੀ ਜਾਨ ਜਾ ਸਕਦੀ ਸੀ। ਤੁਹਾਡੇ ਇਸ ਸਾਹਸੀ ਫੈਸਲੇ ਨੇ ਤੁਹਾਡੀ ਵਿਰਾਸਤ ਨੂੰ ਹੋਰ ਵਧਾਇਆ ਹੈ।"
ਟਰੰਪ ਨੇ ਇਹ ਵੀ ਜ਼ਿਕਰ ਕੀਤਾ ਕਿ ਅਮਰੀਕਾ ਨੂੰ ਇਸ ਇਤਿਹਾਸਕ ਅਤੇ ਨਾਇਕੀ ਭਰਪੂਰ ਫੈਸਲੇ ਤੱਕ ਪਹੁੰਚਣ ਵਿੱਚ ਮਦਦ ਕਰਨ 'ਤੇ ਮਾਣ ਹੈ। ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ "ਮਹਾਨ ਦੇਸ਼" ਕਹਿ ਕੇ ਸੰਬੋਧਿਆ ਅਤੇ ਐਲਾਨ ਕੀਤਾ ਕਿ ਉਹ ਦੋਹਾਂ ਦੇਸ਼ਾਂ ਨਾਲ ਵਪਾਰ ਨੂੰ ਕਾਫੀ ਹੱਦ ਤੱਕ ਵਧਾਉਣ ਜਾ ਰਹੇ ਹਨ। ਨਾਲ ਹੀ, ਉਨ੍ਹਾਂ ਨੇ ਕਸ਼ਮੀਰ ਮੁੱਦੇ 'ਤੇ ਇੱਕ ਸੰਭਾਵੀ ਹੱਲ ਲੱਭਣ ਲਈ ਦੋਹਾਂ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ। ਟਰੰਪ ਨੇ ਕਿਹਾ, "ਹਜ਼ਾਰ ਸਾਲਾਂ ਬਾਅਦ, ਅਸੀਂ ਦੇਖਾਂਗੇ ਕਿ ਕੀ ਕਸ਼ਮੀਰ ਮੁੱਦੇ ਦਾ ਕੋਈ ਹੱਲ ਨਿਕਲ ਸਕਦਾ ਹੈ।"
ਇਸ ਮੈਸਜ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਨੂੰ ਜਨਮ ਦਿੱਤਾ। ਕੁਝ ਲੋਕਾਂ ਨੇ ਇਸ ਨੂੰ ਸ਼ਾਂਤੀ ਦੀ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ ਮੰਨਿਆ, ਜਦਕਿ ਕਈਆਂ ਨੇ ਇਸ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੱਸਿਆ। ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ, ਖਾਸ ਕਰਕੇ ਕਸ਼ਮੀਰ ਮੁੱਦੇ ਨੂੰ ਲੈ ਕੇ, ਲੰਬੇ ਸਮੇਂ ਤੋਂ ਚੱਲ ਰਿਹਾ ਹੈ।
