ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਮੱਲਾਂ ਮਾਰਨ ਵਾਲ਼ੇ ਵਿਦਿਆਰਥੀਆਂ ਦਾ ਬੀਪੀਈਓ ਸ. ਜਗਦੀਪ ਸਿੰਘ ਜੌਹਲ ਵੱਲੋਂ ਸਨਮਾਨ
ਬੰਗਾ , 6 ਅਪ੍ਰੈਲ 2025 ( ਜਾਬਸ ਆਫ ਟੁਡੇ)
ਸੈਸ਼ਨ 2024-25 ਦੌਰਾਨ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਮੱਲਾਂ ਮਾਰਨ ਵਾਲ਼ੇ ਬਲਾਕ ਬੰਗਾ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਜਗਦੀਪ ਸਿੰਘ ਜੌਹਲ ਦੀ ਅਗਵਾਈ ਵਿੱਚ ਸੈਂਟਰ ਸਕੂਲ ਮਕਸੂਦਪੁਰ ਵਿਖੇ ਇੱਕ ਸ਼ਾਨਦਾਰ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਆਮ ਆਦਮੀ ਪਾਰਟੀ ਆਗੂ ਸ੍ਰੀਮਤੀ ਹਰਜੋਤ ਕੌਰ ਲੋਹਟੀਆ ਵਿਸ਼ੇਸ਼ ਤੌਰ ਤੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਪਹੁੰਚੇ।
ਸ੍ਰੀਮਤੀ ਲੋਹਟੀਆ ਨੇ ਬੀ ਪੀ ਈ ਓ ਅਤੇ ਸ੍ਰੀ ਜਗਦੀਪ ਸਿੰਘ ਨਾਲ਼ ਮਿਲ਼ ਕੇਤ ਸੈਂਟਰ, ਬਲਾਕ, ਜ਼ਿਲ੍ਹੇ ਅਤੇ ਸੂਬੇ ਭਰ ਵਿੱਚੋਂ ਅੱਵਲ ਆਉਣ ਵਾਲ਼ੇ ਬਲਾਕ ਬੰਗਾ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੰਦਿਆਂ ਮਾਪਿਆਂ ਨੂੰ ਅਪਣੇ ਬੱਚਿਆਂ ਨੂੰ ਗੁਣਵੱਤਾ ਭਰਪੂਰ ਸਸਤੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਦੀ ਤਾਈਦ ਕੀਤੀ ਕਿਉਂਕਿ ਮੌਜੂਦਾ ਸਰਕਾਰੀ ਸਕੂਲ ਵੀ ਕਿਸੇ ਤੋਂ ਘੱਟ ਨਹੀਂ ਹਨ। ਜ਼ਿਕਰਯੋਗ ਹੈ ਕਿ ਬਲਾਕ ਬੰਗਾ ਦੀਆਂ ਤਿੰਨ ਵਿਦਿਆਰਥਣਾਂ ਰਾਧਿਕਾ ਰਾਣੀ ਮੇਹਲੀ 500 ਵਿੱਚੋਂ 500 ਅੰਕਾਂ ਨਾਲ਼ ਸੂਬੇ ਭਰ ਵਿੱਚੋਂ ਪਹਿਲੇ, 499/500 ਅੰਕਾਂ ਨਾਲ਼ ਮਹਿਕਪ੍ਰੀਤ ਕੌਰ ਬਹਿਰਾਮ ਦੂਜੇ ਅਤੇ 498/500 ਅੰਕਾਂ ਨਾਲ਼ ਦੀਪਿਕਾ ਸ.ਪ.ਸ. ਮਜਾਰੀ ਤੀਜੇ ਸਥਾਨ ਤੇ ਰਹੀਆਂ। ਬਲਾਕ ਦੇ ਹੋਰ 20 ਬੱਚਿਆਂ ਨੇ ਵੀ ਪੰਜਾਬ ਦੀਆਂ ਪਹਿਲੀਆਂ 12 ਪੁਜ਼ੀਸ਼ਨਾਂ ਹਾਸਲ ਕਰਕੇ ਸਰਕਾਰੀ ਸਕੂਲਾਂ ਦਾ ਕੱਦ ਹੋਰ ਉੱਚਾ ਕੀਤਾ ਹੈ। ਸ੍ਰੀ ਜੌਹਲ ਵੱਲੋਂ ਮੈਰਿਟ ਵਿੱਚ ਆਏ ਹਰੇਕ ਬੱਚੇ ਨੂੰ 100-100 ਰੁਪਏ ਦੇ ਨਕਦ ਇਨਾਮ, ਸੀ ਐੱਚ ਟੀ ਮੈਡਮ ਗੀਤਾ ਵੱਲੋਂ ਕਾਪੀਆਂ ਪੈੰਨ ਅਤੇ ਮੈਡਮ ਲੋਹਟੀਆ ਵੱਲੋਂ ਬੱਚਿਆਂ ਨੂੰ ਮੈਰਿਟ ਸਰਟੀਫਿਕੇਟ ਵੰਡੇ ਗਏ।
ਬੱਚੀ ਮਨਮੀਤ ਕੌਰ ਅਤੇ ਸਾਥਣਾਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਸੀ ਐੱਚ ਟੀ ਸ੍ਰੀ ਓਂਕਾਰ ਸਿੰਘ, ਜਸਬੀਰ ਸਿੰਘ, ਮੈਡਮ ਅਵਤਾਰ ਕੌਰ, ਭੁਪਿੰਦਰ ਕੌਰ, ਸ਼ਾਲਿਨੀ ਪ੍ਰਿੰਸੀਪਲ ਕਰਮਜੀਤ ਸਿੰਘ, ਤੋਂ ਇਲਾਵਾ ਸਰਪੰਚ ਕੁਲਵਿੰਦਰ ਕੌਰ, ਡਾ: ਕਸ਼ਮੀਰ ਸਿੰਘ ਮੁਕੰਦਪੁਰ, ਸਰਪੰਚ ਜਗਨਨਾਥ ਸੰਧਵਾਂ ਸਮੇਤ ਬੱਚਿਆਂ ਦੇ ਮਾਪੇ ਅਤੇ ਅਧਿਆਪਕ ਸ਼ਾਮਲ ਸਨ।*