ਚਾਈਲਡ ਕੇਅਰ ਲੀਵ ਤੇ ਵਿਦੇਸ਼ ਛੁੱਟੀ 'ਤੇ ਰੋਕ
ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ ਨੂੰ ਦਿੱਤੀ ਗਈ ਹਦਾਇਤ
ਚੰਡੀਗੜ੍ਹ (ਜਾਬਸ ਆਫ ਟੁਡੇ) ਪੰਜਾਬ ਸਿੱਖਿਆ ਵਿਭਾਗ ਨੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਲਈ ਇੱਕ ਨਵੀਂ ਹਦਾਇਤ ਜਾਰੀ ਕੀਤੀ ਹੈ। ਇਸ ਹਦਾਇਤ ਵਿੱਚ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਦਸੰਬਰ, ਜਨਵਰੀ, ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਚਾਈਲਡ ਕੇਅਰ ਲੀਵ ਅਤੇ ਵਿਦੇਸ਼ ਛੁੱਟੀ ਲੈਣ ਤੋਂ ਰੋਕ ਦਿੱਤਾ ਗਿਆ ਹੈ।
ਇਹ ਕਦਮ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨਾਂ ਦੇ ਨੇੜੇ ਆਉਣ ਕਾਰਨ ਉਠਾਇਆ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਸਮੇਂ ਦੌਰਾਨ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਨੂੰ ਬੱਚਿਆਂ ਦੀ ਪੜ੍ਹਾਈ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਹਾਲਾਂਕਿ, ਜੇਕਰ ਕਿਸੇ ਅਧਿਕਾਰੀ/ਕਰਮਚਾਰੀ ਦਾ ਬੱਚਾ ਤਿੰਨ ਸਾਲ ਤੋਂ ਛੋਟਾ ਹੈ ਅਤੇ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੈ, ਤਾਂ ਅਜਿਹੇ ਹਾਲਾਤ ਵਿੱਚ ਚਾਈਲਡ ਕੇਅਰ ਲੀਵ ਸਿਵਲ ਸਰਜਨ ਦੇ ਸਰਟੀਫਿਕੇਟ/ਸਿਫਾਰਸ਼ ਦੇ ਆਧਾਰ 'ਤੇ ਮੰਨੀ ਜਾ ਸਕਦੀ ਹੈ। ਇਸੇ ਤਰ੍ਹਾਂ, ਵਿਦੇਸ਼ ਛੁੱਟੀ ਲਈ ਵੀ ਨਾ ਟਾਲਣ ਯੋਗ ਹਾਲਾਤ ਵਿੱਚ ਇਹਨਾਂ ਛੁੱਟੀਆਂ ਦਾ ਫੈਸਲਾ ਮੁੱਖ ਦਫ਼ਤਰ ਦੇ ਪੱਧਰ 'ਤੇ ਲਿਆ ਜਾਵੇਗਾ।
ਸਰਕਾਰ ਨੇ ਇਹ ਵੀ ਕਿਹਾ ਹੈ ਕਿ ਸਮੂਹ ਅਧਿਆਪਕਾਂ/ਕਰਮਚਾਰੀਆਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਅਤੇ ਸੈਰ-ਸਪਾਟੇ ਲਈ ਵਿਦੇਸ਼ ਛੁੱਟੀ ਕੇਵਲ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਸਮੇਂ ਹੀ ਅਪਲਾਈ ਕਰਨੀ ਚਾਹੀਦੀ ਹੈ।
ਸਰਕਾਰ ਨੇ ਸਾਰੇ ਸਕੂਲਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।