*ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀ ਭੇਂਟ ਕੀਤੀ*
*ਬੀ ਜੇ ਪੀ ਸਰਕਾਰ ਦੇ ਫਿਰਕੂ ਫਾਸ਼ੀਵਾਦ ਨੂੰ ਹਰਾਉਣ ਲਈ ਭਗਤ ਸਿੰਘ ਦੇ ਵਿਚਾਰਾਂ ਨੂੰ ਫੈਲਾਉਣ ਦੀ ਲੋੜ- ਪਾਸਲਾ*
*ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਤੇ ਆਰ ਐਸ ਐਸ ਦਾ ਕਬਜਾ - ਬੰਤ ਬਰਾੜ*
ਨਵਾਂ ਸ਼ਹਿਰ 23 ਮਾਰਚ (pbjobsoftoday) ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਖਟਕੜ ਕਲਾਂ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਤਨਾਮ ਸਿੰਘ ਗੁਲਾਟੀ, ਨਰੰਜਣ ਦਾਸ ਮੇਹਲੀ, ਹੁਸਨ ਸਿੰਘ ਮਾਂਗਟ ਅਤੇ ਜਰਨੈਲ ਸਿੰਘ ਪਨਾਮ ਦੀ ਪ੍ਰਧਾਨਗੀ ਹੇਠ ਸਾਂਝੇ ਤੌਰ ਤੇ ਕਾਨਫਰੰਸ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਉਲਟ ਰਾਜ ਸਤਾ ਤੇ ਕਾਬਜ ਕਾਰਪੋਰੇਟ ਪੱਖੀ ਬੀ ਜੇ ਪੀ ਸਰਕਾਰ ਵੱਲੋਂ ਰਾਜ ਸਤਾ ਤੇ ਕਾਬਜ ਰਹਿਣ ਲਈ ਦੇਸ਼ ਵਿੱਚ ਧਰਮ ਦੇ ਨਾਂ ਤੇ ਸ਼ਹੀਦਾਂ ਦੀਆਂ ਵੰਡੀਆਂ ਪਾ ਕੇ ਦੇਸ਼ ਵਿੱਚ ਫਿਰਕੂ ਫਾਸ਼ੀਵਾਦ ਨੂੰ ਉਭਾਰਿਆ ਜਾ ਰਿਹਾ ਹੈ। ਦਲਿਤਾਂ, ਘੱਟ ਗਿਣਤੀਆਂ, ਔਰਤਾਂ, ਆਦਿ ਵਾਸੀਆਂ ਤੇ ਗਿਣੀ ਮਿਥੀ ਸਾਜਿਸ਼ ਅਧੀਨ ਹਮਲੇ ਕੀਤੇ ਜਾ ਰਹੇ ਹਨ, ਜਿਸ ਨਾਲ ਘੱਟ ਗਿਣਤੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਇਸ ਸ਼ਹੀਦੀ ਦਿਹਾੜੇ ਤੇ ਸ਼ਹੀਦਾਂ ਦੇ ਵਿਚਾਰਾਂ ਨੂੰ ਫੈਲਾਉਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ ਜਦੋਂ ਕੇਂਦਰੀ ਸਤਾ ਤੇ ਕਾਬਜ ਕਾਰਪੋਰੇਟ ਪੱਖੀ ਬੀ ਜੇ ਪੀ ਸਰਕਾਰ ਵੱਲੋਂ ਸੰਵਿਧਾਨ ਨੂੰ ਖਤਮ ਕਰਕੇ ਮਨੂ ਸਿਮਰਤੀ ਲਾਗੂ ਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਲੋਕਤੰਤਰੀ ਕਦਰਾਂ ਕੀਮਤਾਂ ਨੂੰ ਕੁਚਲਦਿਆਂ ਸਮੁੱਚੇ ਦੇਸ਼ ਦੇ ਬੁੱਧੀਜੀਵੀਆਂ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਝੂਠੇ ਕੇਸਾਂ ਰਾਹੀਂ ਜੇਲ੍ਹਾਂ ਵਿੱਚ ਸੁਟਿਆ ਜਾ ਰਿਹਾ ਹੈ। ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਉਨ੍ਹਾਂ ਦੇ ਵਿਚਾਰਾਂ ਨੂੰ ਫੈਲਾਉਣਾ ਅੱਜ ਸਭ ਤੋਂ ਵੱਧ ਜ਼ਰੂਰੀ ਹੈ। ਕਿਉਂ ਕਿ ਆਰ ਐਸ ਐਸ ਵਲੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਝੁਠਲਾਇਆ ਜਾ ਰਿਹਾ ਹੈ। ਨਵੀਂ ਪੀੜ੍ਹੀ ਨੂੰ ਭਗਤ ਸਿੰਘ ਦੇ ਵਿਚਾਰਾਂ ਤੋਂ ਦੂਰ ਰੱਖਣ ਲਈ ਸਕੂਲੀ ਪਾਠਕ੍ਰਮ ਵਿਚੋਂ ਆਜ਼ਾਦੀ ਸੰਗਰਾਮ ਦਾ ਹਿੱਸਾ ਕੱਢੀ ਦਿੱਤਾ ਗਿਆ ਹੈ। ਦੇਸ਼ ਵਿੱਚ ਕਮਿਊਨਿਸਟਾਂ ਨੇ ਆਜ਼ਾਦੀ ਸੰਗਰਾਮ ਤੋਂ ਲੈਕੇ ਆਜ਼ਾਦੀ ਬਚਾਉਣ ਦੀ ਲੜਾਈ ਵਿੱਚ ਹਜ਼ਾਰਾਂ ਕੁਰਬਾਨੀਆਂ ਕੀਤੀਆਂ ਹਨ। ਅੱਜ ਫਿਰ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਬੀ ਜੇ ਪੀ ਵਿਰੋਧੀ ਪਾਰਟੀਆਂ ਨੂੰ ਇਕੱਠਿਆਂ ਹੋ ਕੇ ਫਿਰਕੂ ਫਾਸ਼ੀਵਾਦ ਵਿਰੋਧੀ ਇਤਿਹਾਸਕ ਸੰਘਰਸ਼ ਛੇੜਨ ਦੀ ਜ਼ਰੂਰਤ ਹੈ ਤਾਂ ਜੋ ਦੇਸ਼ ਵਿੱਚੋਂ ਫਿਰਕੂ ਫਾਸ਼ੀਵਾਦੀ ਬੀ ਜੇ ਪੀ ਨੂੰ ਹਰਾਇਆ ਜਾ ਸਕੇ।
ਸੀ ਪੀ ਆਈ ਦੇ ਸੂਬਾ ਜਨਰਲ ਸਕੱਤਰ ਬੰਤ ਬਰਾੜ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਸਾਂਝੇ ਹੁੰਦੇ ਹਨ ਪਰ ਰਾਜ ਸਤਾ ਤੇ ਕਾਬਜ ਬੀ ਜੇ ਪੀ ਸਰਕਾਰ ਸ਼ਹੀਦਾਂ ਨੂੰ ਧਰਮ ਦੇ ਨਾਂ ਤੇ ਵੰਡ ਰਹੀ ਹੈ। ਹਿੰਦੂ ਧਰਮ ਦੇ ਨਾਂ ਤੇ ਰਾਜਨੀਤੀ ਕਰਕੇ ਦੇਸ਼ ਦੇ ਜਨਤਕ ਖੇਤਰ ਦੇ ਵੱਡੇ ਅਦਾਰਿਆਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾ ਰਹੀ ਹੈ। ਬੀ ਜੇ ਪੀ ਵਲੋਂ ਚੋਣ ਬਾਂਡਜ ਦਾ ਵੱਡਾ ਘਪਲਾ ਕੀਤਾ ਗਿਆ ਹੈ। ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਤੇ ਆਰ ਐਸ ਐਸ ਦਾ ਕਬਜ਼ਾ ਕਰਵਾਇਆ ਗਿਆ ਹੈ। ਲੋਕ ਸਭਾ ਚੋਣਾਂ ਸਮੇਂ ਕੇਜਰੀਵਾਲ ਨੂੰ ਜੇਲ੍ਹ ਵਿੱਚ ਸੁਟਿਆ ਗਿਆ ਹੈ। ਸ਼ਹੀਦਾਂ ਦੀ ਫਾਂਸੀ ਸਮੇਂ ਆਰ ਐਸ ਐਸ ਦੇ ਆਗੂ ਮਖੌਲ ਕਰਦੇ ਸਨ।
ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਧਰਮ ਦੇ ਨਾਂ ਤੇ ਰਾਜਨੀਤੀ ਕਰਕੇ ਦੇਸ਼ ਦੇ ਲੋਕਾਂ ਦੇ ਮਸਲਿਆਂ ਨੂੰ ਦਰਕਿਨਾਰ ਕਰਦਿਆਂ ਰਾਜਸਤਾ ਤੇ ਕਾਬਜ ਰਹਿ ਕੇ ਸੰਵਿਧਾਨ ਅਤੇ ਜਮਹੂਰੀਅਤ ਨੂੰ ਖਤਮ ਕਰ ਰਹੀ ਹੈ। ਸਿਹਤ ਅਤੇ ਸਿੱਖਿਆ ਸਮੇਤ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਨਖਾਹ ਕਮਿਸ਼ਨ ਦੀ ਦੁਹਰਾਈ ਨਹੀਂ ਦਿੱਤੀ ਜਾ ਰਹੀ। ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ। ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਲੋਕਾਂ ਦੀਆਂ ਸਮੱਸਿਆਂਵਾਂ ਹੱਲ ਕਰਨ ਦੀ ਬਜਾਏ ਪ੍ਰਚਾਰ ਤੇ ਅਰਬਾਂ ਰੁਪਏ ਖਰਚ ਕਰ ਰਹੀ ਹੈ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਮੁਕੇਰੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਰਾਜਨੀਤਕ ਪਾਰਟੀਆਂ ਖਟਕੜ ਕਲਾਂ ਵਿਖੇ ਆ ਕੇ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੀ ਮਿੱਟੀ ਨੂੰ ਸਿਰ ਵਿੱਚ ਪਾ ਕੇ ਭਗਤ ਸਿੰਘ ਦੇ ਵਿਚਾਰਾਂ ਦੇ ਉਲਟ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਹਨ। ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਭੱਠੀ ਵਿੱਚ ਸੁਟਿਆ ਜਾ ਰਿਹਾ ਹੈ। ਨਸ਼ੇ ਰੋਕਣ ਦੀ ਬਜਾਏ ਨੌਜਵਾਨਾਂ ਨੂੰ ਨਸ਼ਿਆਂ ਦੇ ਆਦੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ। ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਕਿਹਾ ਕਿ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਕੋਡ ਬਣਾ ਕੇ ਸ਼ਹੀਦਾਂ ਦੇ ਵਿਚਾਰਾਂ ਨੂੰ ਤਿਲਾਂਜਲੀ ਦਿੱਤੀ ਗਈ ਹੈ।
ਇਸ ਮੌਕੇ ਸਿਰਜਣਾ ਆਰਟਸ ਗਰੁੱਪ ਰਾਏਕੋਟ ਵੱਲੋਂ 'ਭਗਤ ਸਿੰਘ ਤੂੰ ਜਿੰਦਾ ਹੈ' ਨਾਟਕ ਅਤੇ ਕੋਰੀਓਗਰਾਫੀਆਂ ਦੀ ਖ਼ੂਬਸੂਰਤੀ ਨਾਲ ਪੇਸ਼ਕਾਰੀ ਕੀਤੀ ਗਈ।
ਸਾਂਝੀ ਕਾਨਫਰੰਸ ਨੂੰ ਆਰ ਐਮ ਪੀ ਆਈ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ, ਸੀ ਪੀ ਆਈ ਦੇ ਕਾਰਜਕਾਰੀ ਸਕੱਤਰ ਨਰੰਜਣ ਦਾਸ ਮੇਹਲੀ, ਪਰਮਿੰਦਰ ਮੇਨਕਾ, ਜਸਵਿੰਦਰ ਸਿੰਘ ਭੰਗਲ, ਸੁਰਿੰਦਰ ਭੱਟੀ ਆਦਿ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਕੁਲਦੀਪ ਸੁੱਜੋਂ ਨੇ ਨਿਭਾਈ। ਇਸ ਸਮੇਂ ਸਤਨਾਮ ਸੁੱਜੋਂ, ਹਰੀ ਬਿਲਾਸ, ਦਸੌਂਧਾ ਸਿੰਘ, ਜਗਤਾਰ ਸਿੰਘ ਪੁਨੂੰ ਮਜਾਰਾ, ਸੁਤੰਤਰ ਕੁਮਾਰ, ਕਰਨੈਲ ਸਿੰਘ ਰਾਹੋਂ, ਗੁਰਦਿਆਲ ਸਿੰਘ, ਕੁਲਦੀਪ ਕੌੜਾ, ਸੋਢੀ ਰਾਮ, ਰਾਮ ਪਾਲ, ਅਰਜਣ ਸਨਾਵਾ, ਜਸਵੀਰ ਜੱਸਾ, ਸੋਹਣ ਭੱਟੀ, ਤਰਸੇਮ ਸਿੰਘ ਆਦਿ ਹਾਜ਼ਰ ਸਨ।