ਲੋਕ ਸਭਾ ਚੋਣਾਂ 2024 ਦੌਰਾਨ ਚੋਣ ਡਿਊਟੀਆਂ ਨਿਭਾਉਣ ਵਾਲੇ ਅਧਿਆਪਕਾਂ/ ਮੁਲਾਜ਼ਮਾਂ ਨੂੰ ਆਉਣ ਵਾਲੀਆਂ ਵੱਖ-ਵੱਖ ਸਮੱਸਿਆਵਾਂ ਦਾ ਅਗਾਊਂ ਹੱਲ ਕਰਨ ਦੀ ਮੰਗ -
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਏ ਡੀ ਸੀ ਜਨਰਲ ਲੁਧਿਆਣਾ ਰਾਹੀਂ ਮੁੱਖ ਚੋਣ ਅਫਸਰ ਪੰਜਾਬ ਨੂੰ ਭੇਜਿਆ ਮੰਗ ਪੱਤਰ- ਟਹਿਲ ਸਿੰਘ ਸਰਾਭਾ
ਲੁਧਿਆਣਾ 19 ਮਾਰਚ (pbjobsoftoday )
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ ਦੀ ਅਗਵਾਈ ਹੇਠ ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ ਨੂੰ ਸ੍ਰੀ ਮੇਜਰ ਅਮਿਤ ਸ਼ਰੀਨ ਏ ਡੀ ਸੀ (ਜ) ਲੁਧਿਆਣਾ ਰਾਹੀਂ ਲੋਕ ਸਭਾ ਚੋਣਾਂ 2024 ਦੌਰਾਨ ਚੋਣ ਡਿਊਟੀਆਂ ਲਈ ਤਾਇਨਾਤ ਕੀਤੇ ਜਾਣ ਵਾਲੇ ਅਧਿਆਪਕਾਂ/ ਮੁਲਾਜ਼ਮਾਂ ਨੂੰ ਆਉਣ ਵਾਲੀਆਂ ਵੱਖ-ਵੱਖ ਸਮੱਸਿਆਵਾਂ ਦਾ ਅਗਾਊਂ ਹੱਲ ਕਰਨ ਸਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ।
ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਕਾਲੀਆ,ਬਲਬੀਰ ਸਿੰਘ ਕੰਗ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ, ਮਨੀਸ਼ ਸ਼ਰਮਾ, ਸੰਜੀਵ ਸ਼ਰਮਾ, ਜਗਮੇਲ ਸਿੰਘ ਪੱਖੋਵਾਲ ਨੇ ਦਸਿਆ ਕਿ ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਅਧਿਆਪਕਾਂ/ ਮੁਲਾਜ਼ਮਾਂ ਦੀ ਚੋਣ ਡਿਊਟੀ ਉਹਨਾਂ ਦੀ ਰਿਹਾਇਸ਼ ਦੇ ਨਜ਼ਦੀਕ ਲਗਾਈ ਜਾਵੇ ਕਿਉਂਕਿ ਪਿਛਲੇ ਸਮੇਂ ਦੌਰਾਨ ਵੇਖਣ ਵਿੱਚ ਆਇਆ ਹੈ ਕਿ ਚੋਣ ਡਿਊਟੀ ਬਹੁਤ ਦੂਰ ਦੁਰੇਡੇ ਲੱਗਣ ਨਾਲ ਬੇਵਜ਼ਾ ਹੀ ਮੁਲਾਜ਼ਮਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਕਿ ਮੁਲਾਜ਼ਮ ਆਪਣੀ ਚੋਣ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਲਗਨਤਾ ਨਾਲ਼ ਨਿਭਾਉਂਦੇ ਹਨ। ਜੇਕਰ ਪਤੀ ਤੇ ਪਤਨੀ ਦੋਵੇਂ ਹੀ ਮੁਲਾਜ਼ਮ ਹੋਣ ਤਾਂ ਉਨ੍ਹਾਂ ਵਿੱਚੋ ਪੁਰਸ਼ ਅਧਿਆਪਕ ਦੀ ਹੀ ਡਿਊਟੀ ਲਗਾ ਦਿੱਤੀ ਜਾਵੇ ਅਤੇ ਮਹਿਲਾ ਅਧਿਆਪਕਾ/ ਮੁਲਾਜ਼ਮਾਂ ਦੀ ਚੋਣ ਡਿਊਟੀ ਘੱਟ ਤੋਂ ਘੱਟ ਲਗਾਈ ਜਾਵੇ । ਜੇਕਰ ਮਹਿਲਾ ਮੁਲਾਜ਼ਮਾਂ ਦੀ ਡਿਊਟੀ ਲਾਉਣੀ ਜਰੂਰੀ ਹੋਵੇ ਤਾਂ ਸ਼ਹਿਰੀ ਖੇਤਰ ਦੇ ਪੋਲਿੰਗ ਬੂਥਾਂ ਤੇ ਲਗਾ ਦਿੱਤੀ ਜਾਵੇ ਅਤੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਮਹਿਲਾ ਮੁਲਾਜ਼ਮਾਂ ਨੂੰ ਪੋਲਿੰਗ ਬੂਥਾਂ ਤੇ ਰਾਤ ਸਮੇਂ ਰੁਕਣ ਲਈ ਮਜ਼ਬੂਰ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਮਾਵਾਂ ਮੁਲਾਜ਼ਮਾਂ, ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦੀਆਂ ਮਾਵਾਂ,ਸਰੀਰਕ ਤੌਰ ਤੇ ਅਪਾਹਿਜ਼ ਮੁਲਾਜ਼ਮਾਂ, ਗਰਭਵਤੀ ਮੁਲਾਜ਼ਮਾਂ, ਗੰਭੀਰ ਤੇ ਕਰੋਨਿਕ ਬਿਮਾਰੀਆਂ ਵਾਲੇ ਪਰਿਵਾਰਿਕ ਮੈਂਬਰਾਂ ਵਾਲ਼ੇ ਮੁਲਾਜ਼ਮਾਂ ਆਦਿ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ । ਚੋਣ ਡਿਊਟੀ ਲਈ ਤਾਇਨਾਤ ਸਾਰੇ ਚੋਣ ਅਮਲੇ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪਹਿਲੀ ਚੋਣ ਰਹਿਰਸਲ ਸਮੇਂ ਅਪਲਾਈ ਕਰਨ ਵਾਸਤੇ ਨਿਸ਼ਚਿਤ ਫਾਰਮ ਯੋਗ ਮਾਤਰਾ ਵਿੱਚ ਮੁਹਈਆ ਕਰਵਾਏ ਜਾਣ ਅਤੇ ਦੂਜੀ ਰਹਿਸਰਲ ਸਮੇਂ ਫਾਰਮ ਭਰ ਕੇ ਜਮਾ ਕਰਵਉਣ ਦੀ ਹਦਾਇਤ ਕੀਤੀ ਜਾਵੇ। ਇਸ ਤੋਂ ਬਾਅਦ ਇਲੈਕਸ਼ਨ ਡਿਊਟੀ ਸਰਟੀਫਿਕੇਟ/ ਬੈਲਟ ਪੇਪਰ ਜੋ ਵੀ ਲਾਗੂ ਹੁੰਦਾ ਹੋਵੇ ਸਮੇਂ ਸਿਰ ਮੁਹਈਆ ਕਰਾਇਆ ਜਾਵੇ।
ਸਾਰੇ ਚੋਣ ਅਮਲ ਦੌਰਾਨ ਚੋਣ ਅਮਲੇ ਲਈ ਖਾਣ ਪੀਣ ਅਤੇ ਰਾਤ ਦੇ ਠਹਿਰਨ ਦਾ ਪ੍ਰਬੰਧ ਸਰਕਾਰੀ ਤੌਰ ਤੇ ਕਰਨਾ ਯਕੀਨੀ ਬਣਾਇਆ ਜਾਵੇ। ਵੋਟਾਂ ਵਾਲ਼ੇ ਦਿਨ ਸਬੰਧਿਤ ਰਿਟਰਨਿੰਗ ਅਫਸਰ ਸਾਹਿਬਾਨ ਕੋਲ਼ ਪੋਲਿੰਗ ਪਾਰਟੀਆਂ ਵੱਲੋਂ ਵੋਟਾਂ ਦਾ ਸਮਾਨ ਵਾਪਿਸ ਜਮ੍ਹਾ ਕਰਵਾਉਣ ਲਈ ਵਧੇਰੇ ਕਾਊਂਟਰ ਲਾ ਕੇ ਯੋਗ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਸਮਾਨ ਜਮਾ ਕਰਵਾਉਣ ਉਪਰੰਤ ਰਾਤ ਨੂੰ ਮੁਲਾਜ਼ਮਾਂ ਨੂੰ ਉਹਨਾਂ ਦੇ ਘਰਾਂ ਤੱਕ ਛੱਡਣ ਦਾ ਪੱਕਾ ਤੇ ਪੁਖ਼ਤਾ ਪ੍ਰਬੰਧ ਕਰਨ ਲਈ ਵੱਖ ਵੱਖ ਰੂਟਾਂ ਤੇ ਜਾਣ ਵਾਲੀਆਂ ਬੱਸਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਕਿ ਦੇਰ ਰਾਤ ਕਿਸੇ ਵੀ ਮੁਲਾਜ਼ਮ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਚੋਣ ਪ੍ਰਕਿਰਿਆ ਦੌਰਾਨ ਜੇਕਰ ਕਿਸੇ ਮੁਲਾਜ਼ਮ ਦੀ ਕਿਸੇ ਦੁਰਘਟਨਾ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਜੇਕਰ ਉਹ ਮੁਲਾਜ਼ਮ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਦੇ ਇਲਾਜ ਦਾ ਸਾਰਾ ਖਰਚਾ ਸਰਕਾਰੀ ਤੌਰ ਤੇ ਕੀਤਾ ਜਾਵੇ। ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਦੌਰਾਨ ਮੁਲਾਜ਼ਮਾਂ ਨੂੰ ਦਿੱਤਾ ਜਾਣ ਵਾਲਾ ਮਿਹਨਤਾਨਾ ਮੌਕੇ ਤੇ ਹੀ ਦਿੱਤਾ ਜਾਵੇ ਜਾਂ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਜਲਦੀ ਤੋਂ ਜਲਦੀ ਜਮਾ ਕਰਵਾ ਦਿੱਤਾ ਜਾਵੇ, ਸਮੁੱਚੇ ਚੋਣ ਅਮਲ ਦੌਰਾਨ ਐਤਵਾਰ ਜਾਂ ਹੋਰ ਗਜ਼ਟਿਡ ਛੁੱਟੀਆਂ ਵਾਲੇ ਦਿਨ ਚੋਣਾਂ ਦੇ ਮੰਤਵ ਲਈ ਕਿਸੇ ਵੀ ਤਰਾਂ ਦੀ ਚੋਣ ਡਿਊਟੀ ਲੈਣ ਦੇ ਇਵਜ਼ ਵਿੱਚ ਇਵਜੀ ਛੁੱਟੀ ਜਾਂ ਨਿਯਮਾਂ ਅਨੁਸਾਰ ਬਣਦੀ ਕਮਾਈ ਛੁੱਟੀ ਦੇਣ ਲਈ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ ।
ਅਧਿਕਾਰੀ ਵਲੋਂ ਇਹ ਮੰਗ ਪੱਤਰ ਮੁੱਖ ਚੋਣ ਅਫਸਰ ਪੰਜਾਬ ਨੂੰ ਭੇਜਣ ਅਤੇ ਜ਼ਿਲਾ ਪੱਧਰ ਤੇ ਆਉਣ ਵਾਲੀਆਂ ਸਬੰਧਤ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।