ਆਈ.ਐੱਚ.ਐੱਮ ਗੁਰਦਾਸਪੁਰ ਵਿੱਚ 12 ਵੀਂ ਪਾਸ ਵਿਦਿਆਰਥੀਆਂ ਲਈ ਤਿੰਨ ਸਾਲਾ ਬੀ.ਐੱਸ.ਸੀ. (ਐੱਚ.ਐੱਚ.ਏ.) ਲਈ ਦਾਖ਼ਲਾ ਸ਼ੁਰੂ
31 ਮਾਰਚ 2024 ਤੱਕ ਦਾਖਲਾ ਪ੍ਰੀਖਿਆ ਲਈ ਕੀਤਾ ਜਾ ਸਕਦਾ ਹੈ ਆਨ-ਲਾਈਨ ਅਪਲਾਈ
ਗੁਰਦਾਸਪੁਰ, 13 ਮਾਰਚ ( ) - ਪੰਜਾਬ ਦੀ ਨੰਬਰ ਇੱਕ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟ੍ਰੀਸ਼ਨ, ਬਰਿਆਰ (ਗੁਰਦਾਸਪੁਰ) ਵਿੱਚ 12 ਵੀਂ ਪਾਸ ਵਿਦਿਆਰਥੀਆਂ ਲਈ ਤਿੰਨ ਸਾਲਾ ਬੀ.ਐੱਸ.ਸੀ. (ਐੱਚ.ਐੱਚ.ਏ) ਲਈ ਦਾਖ਼ਲਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਅਸ਼ਵਨੀ ਕਾਚਰੂ ਨੇ ਦੱਸਿਆ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਦਾਖਲਾ ਪ੍ਰੀਖਿਆ ਲਈ 31 ਮਾਰਚ 2024 ਤੱਕ ਆਨ-ਲਾਈਨ ਅਪਲਾਈ ਕਰ ਸਕਦੇ ਹਨ।
ਸ੍ਰੀ ਅਸ਼ਵਨੀ ਕਾਚਰੂ ਨੇ ਦੱਸਿਆ ਕਿ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟ੍ਰੀਸ਼ਨ, ਗੁਰਦਾਸਪੁਰ, ਨੈਸ਼ਨਲ ਕੌਂਸਲ ਫ਼ਾਰ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੌਲੋਜੀ ਨੋਇਡਾ ਕੋਲੋਂ ਮਾਨਤਾ ਪ੍ਰਾਪਤ ਹੈ ਅਤੇ ਇੱਥੇ ਤਿੰਨ ਸਾਲਾ ਬੀ.ਐੱਸ.ਸੀ. ਹੋਸਪਟੈਲਟੀ ਐਂਡ ਹੋਟਲ ਐਡਮਨਿਸਟ੍ਰੇਸ਼ਨ (ਐੱਚ.ਐੱਚ.ਏ) ਦੀ ਡਿਗਰੀ ਕਰਵਾਈ ਜਾਂਦੀ ਹੈ। ਇਹ ਡਿਗਰੀ ਨੋਇਡਾ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੋਲੋਂ ਵੀ ਮਾਨਤਾ ਪ੍ਰਾਪਤ ਹੈ। ਉਨ੍ਹਾਂ ਦੱਸਿਆ ਕਿ ਇਸ ਡਿਗਰੀ ਦੇ ਪਹਿਲੇ ਸਾਲ ਲਈ ਦਾਖ਼ਲਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀ.ਐੱਸ.ਸੀ. (ਐੱਚ.ਐੱਚ.ਏ) ਦੇ ਪਹਿਲੇ ਸਾਲ ਦੇ ਦਾਖ਼ਲੇ ਲਈ ਜਨਰਲ, ਓ.ਬੀ.ਸੀ. ਕੈਟਾਗਰੀ ਨਾਲ ਸਬੰਧਿਤ ਵਿਦਿਆਰਥੀਆਂ ਨੇ ਘੱਟ-ਘੱਟ 45 ਫ਼ੀਸਦੀ ਨੰਬਰਾਂ ਵਿੱਚ 12ਵੀਂ ਪਾਸ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਐੱਸ.ਸੀ, ਐੱਸ.ਟੀ. ਅਤੇ ਪੀ.ਡਬਲਿਊ.ਡੀ. ਕੈਟਾਗਰੀ ਨਾਲ ਸਬੰਧਿਤ ਵਿਦਿਆਰਥੀਆਂ 12ਵੀਂ ਜਮਾਤ 40 ਫ਼ੀਸਦੀ ਪਾਸ ਨੰਬਰਾਂ ਨਾਲ ਵੀ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 12ਵੀਂ ਜਮਾਤ ਵਿੱਚ ਅੰਗਰੇਜ਼ੀ ਲਾਜ਼ਮੀ ਵਿਸ਼ੇ ਵਜੋਂ ਪਾਸ ਹੋਣੀ ਜ਼ਰੂਰੀ ਹੈ। ਉਮਰ ਦੀ ਕੋਈ ਸੀਮਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਡਿਗਰੀ ਪ੍ਰੋਗਰਾਮ ਜਵਾਹਰ ਲਾਲ ਯੂਨੀਵਰਸਿਟੀ ਚਲਾਇਆ ਜਾ ਰਿਹਾ ਹੈ।
ਸ੍ਰੀ ਅਸ਼ਵਨੀ ਕਾਚਰੂ ਨੇ ਕਿਹਾ ਕਿ ਦਾਖ਼ਲੇ ਦੇ ਚਾਹਵਾਨ ਵਿਦਿਆਰਥੀ 31 ਮਾਰਚ 2024 ਤੋਂ ਪਹਿਲਾਂ-ਪਹਿਲਾਂ ਵੈੱਬ-ਸਾਈਟ www.nta.ac.in ਉੱਪਰ ਆਨ ਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰੀਖਿਆ 11 ਮਈ 2024 ਦਿਨ ਸ਼ਨੀਵਾਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਦਾਖ਼ਲੇ ਲਈ ਵਧੇਰੇ ਜਾਣਕਾਰੀ ਲਈ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟ੍ਰੀਸ਼ਨ, ਬਰਿਆਰ (ਗੁਰਦਾਸਪੁਰ) ਦੇ ਸੰਪਰਕ ਨੰਬਰ 01874-422250, 98888-25351 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਐਂਡ ਨਿਊਟ੍ਰੀਸ਼ਨ, ਬਰਿਆਰ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਅਸ਼ਵਨੀ ਕਾਚਰੂ ਨੇ ਕਿਹਾ ਕਿ ਹੋਟਲ ਇੰਡਸਟਰੀ ਵਿੱਚ ਬੀ.ਐੱਸ.ਸੀ. (ਐੱਚ.ਐੱਚ.ਏ) ਪਾਸ ਉਮੀਦਵਾਰਾਂ ਦੀ ਬਹੁਤ ਮੰਗ ਹੈ ਅਤੇ ਇਸ ਡਿਗਰੀ ਨੂੰ ਕਰਕੇ ਨੌਜਵਾਨ ਹੋਟਲ ਇੰਡਸਟਰੀ ਵਿੱਚ ਆਪਣਾ ਭਵਿੱਖ ਉੱਜਵਲ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਵਿੱਚ ਪੜ੍ਹੇ ਰਹੇ ਸਾਰੇ ਹੀ ਵਿਦਿਆਰਥੀਆਂ ਦੀ ਪਲੇਸਮੈਂਟ ਹੋ ਜਾਂਦੀ ਹੈ ਅਤੇ ਇੱਥੋਂ ਪੜ੍ਹ ਕੇ ਨੌਜਵਾਨ ਬਹੁਤ ਵਧੀਆ ਤਨਖ਼ਾਹਾਂ ਉੱਪਰ ਦੇਸ਼ਾਂ-ਵਿਦੇਸ਼ਾਂ ਵਿੱਚ ਨਾਮੀ ਹੋਟਲਾਂ ਵਿੱਚ ਨੌਕਰੀਆਂ ਕਰ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਬਿਹਤਰ ਭਵਿੱਖ ਲਈ ਬੀ.ਐੱਸ.ਸੀ. (ਐੱਚ.ਐੱਚ.ਏ) ਲਈ ਅਪਲਾਈ ਕਰਨ।