ਸਿਰਲੇਖ: ਭਾਸ਼ਾ ਵਿਭਾਗ, ਮੋਹਾਲੀ ਵੱਲੋਂ ‘ਟੈਬੂ’ ਕਹਾਣੀ ਸੰਗ੍ਰਹਿ 'ਤੇ ਵਿਚਾਰ ਚਰਚਾ ਆਯੋਜਿਤ।
ਮੋਹਾਲੀ (ਮਿਤੀ): ਮਾਣਯੋਗ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਮਿਤੀ 12.02.2024 ਨੂੰ ਸੁਰਿੰਦਰ ਨੀਰ ਦਾ ਕਹਾਣੀ ਸੰਗ੍ਰਹਿ ‘ਟੈਬੂ’ 'ਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਧਨਵੰਤ ਕੌਰ (ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵੱਲੋਂ ਕੀਤੀ ਗਈ। ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਡਾ. ਯੋਗਰਾਜ (ਚੇਅਰਮੈਨ, ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਅਤੇ ਸਵਰਨਜੀਤ ਸਵੀ (ਸਾਹਿਤ ਅਕਾਦਮੀ ਪੁਰਸਕਾਰ ਜੇਤੂ) ਵੱਲੋਂ ਸ਼ਿਰਕਤ ਕੀਤੀ ਗਈ। ਵਿਚਾਰ ਚਰਚਾ ਦੀ ਸ਼ੁਰੂਆਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਵੱਲੋਂ 'ਟੈਬੂ' ਕਹਾਣੀ ਸੰਗ੍ਰਹਿ ਲਈ ਮੁਬਾਰਕਬਾਦ ਦਿੰਦੇ ਹੋਏ ਆਖਿਆ ਗਿਆ ਕਿ ਇਨ੍ਹਾਂ ਕਹਾਣੀਆਂ ਨੂੰ ਵਿਸ਼ਵੀ ਪਰਿਪੇਖ ਵਿਚ ਰੱਖ ਕੇ ਵੇਖਣ ਦੀ ਲੋੜ ਹੈ।।
ਡਾ. ਮੀਨਾਕਸ਼ੀ ਰਾਠੌਰ ਵੱਲੋਂ 'ਟੈਬੂ: ਨਾਰੀਵਾਦੀ ਦ੍ਰਿਸ਼ਟੀਕੋਣ' ਵਿਸ਼ੇ 'ਤੇ ਪਰਚਾ ਪੜ੍ਹਦੇ ਹੋਏ ਇਹ ਧਾਰਨਾ ਪੇਸ਼ ਕੀਤੀ ਗਈ ਕਿ ਇਹ ਕਹਾਣੀ ਸੰਗ੍ਰਹਿ ਜੀਵਨ ਯਥਾਰਥ ਦੇ ਅਸਤਿਤਵੀ ਸੰਕਟ, ਔਰਤ ਮਰਦ ਸਬੰਧਾਂ ਦੇ ਵਿਗੜਦੇ ਸਮੀਕਰਨ, ਰਾਜਨੀਤੀ, ਖਪਤ ਸਭਿਆਚਾਰ, ਕਸ਼ਮੀਰ ਦੀ ਧਰਤੀ ਦਾ ਬਿਰਤਾਂਤ ਆਦਿ ਵਿਸ਼ਿਆਂ ਦੀ ਪੇਸ਼ਕਾਰੀ ਬੜੇ ਚਿਹਨਾਤਮਕ ਢੰਗ ਨਾਲ ਕੀਤੀ ਗਈ ਹੈ। ਡਾ. ਜਸਵਿੰਦਰ ਕੌਰ ਬਿੰਦਰਾ ਵੱਲੋਂ 'ਟੈਬੂ: ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ' ਵਿਸ਼ੇ 'ਤੇ ਪਰਚਾ ਪੜ੍ਹਦੇ ਹੋਏ ਆਖਿਆ ਗਿਆ ਕਿ ਸੁਰਿੰਦਰ ਨੀਰ ਸਮਾਜਿਕ ਸਰੋਕਾਰਾਂ ਅਤੇ ਮਸਲਿਆਂ ਪ੍ਰਤੀ ਗੰਭੀਰ ਪਹੁੰਚ ਰੱਖਦੀ ਹੈ।
ਡਾ. ਧਨਵੰਤ ਕੌਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਸੁਰਿੰਦਰ ਨੀਰ ਨੇ ਹਥਲੀਆਂ ਕਹਾਣੀਆਂ ਦੀ ਰਚਨਾ ਪਰੰਪਰਕ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਨਹੀਂ ਕੀਤੀ ਸਗੋਂ ਉਹ ਨਾਰੀ ਦੀ ਜੈਵਿਕਤਾ, ਨੈਤਿਕਤਾ ਅਤੇ ਸਮਾਜਿਕਤਾ ਨੂੰ ਇਕ ਨਿਵੇਕਲੇ ਦ੍ਰਿਸ਼ਟੀਕੋਣ ਤੋਂ ਸਿਰਜਦੀ ਹੈ। ਡਾ. ਯੋਗਰਾਜ ਵੱਲੋਂ ਇਹ ਵਿਚਾਰ ਰੱਖੇ ਗਏ ਕਿ ਸੁਰਿੰਦਰ ਨੀਰ ਨੇ ਇਨ੍ਹਾਂ ਕਹਾਣੀਆਂ ਅੰਦਰ ਬੜਾ ਸਹਿਜ ਭਰਪੂਰ ਬਿਰਤਾਂਤ ਸਿਰਜਿਆ ਹੈ। ਇਸੇ ਲਈ ਉਸ ਦੀਆਂ ਬੋਲਡ ਕਹਾਣੀਆਂ ਵੀ ਸਨਸਨੀ ਨੂੰ ਖਾਰਜ ਕਰ ਦਿੰਦੀਆਂ ਹਨ। ਸਵਰਨਜੀਤ ਸਵੀ ਵੱਲੋਂ ਆਖਿਆ ਗਿਆ ਕਿ ਨੀਰ ਉਹ ਲੇਖਿਕਾ ਹੈ ਜਿਸ ਕੋਲ ਆਪਣੇ ਖਿੱਤੇ ਦਾ ਭੂਗੋਲਿਕ, ਭਾਸ਼ਾਈ, ਸਮਾਜਿਕ ਅਤੇ ਸਭਿਆਚਾਰਕ ਅਨੁਭਵ ਹੈ ਜਿਸ ਦੀ ਮਹਿਕ ਉਸ ਦੀਆਂ ਲਿਖਤਾਂ ਵਿੱਚੋਂ ਆਉਂਦੀ ਹੈ।
ਅਮਰਜੀਤ ਗਰੇਵਾਲ ਵੱਲੋਂ ਕਿਹਾ ਗਿਆ ਕਿ ਲੇਖਕ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਅਤੇ ਨੀਰ ਦੀ ਕਹਾਣੀ ਦਾ ਹਾਸਲ ਇਹੀ ਹੈ ਕਿ ਉਹ ਮਨੁੱਖ ਨੂੰ ਮਨੁੱਖ ਵਜੋਂ ਵੇਖਦੀ ਹੈ; ਔਰਤ ਜਾਂ ਮਰਦ ਵਜੋਂ ਨਹੀਂ। ਡਾ. ਜਸਵਿੰਦਰ ਸਿੰਘ ਵੱਲੋਂ ਆਖਿਆ ਗਿਆ ਕਿ 'ਟੈਬੂ' ਸਿਰਲੇਖ ਬੜਾ ਅਰਥ ਭਰਪੂਰ ਹੈ ਜਿਹੜਾ ਸਾਰੀਆਂ ਕਹਾਣੀਆਂ ਦੀ ਪਿੱਠਭੂਮੀ ਵਿਚ ਅਪ੍ਰਤੱਖ ਰੂਪ ਵਿਚ ਫੈਲਿਆ ਹੋਇਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸੁਰਿੰਦਰ ਨੀਰ ਔਰਤ ਦੇ ਮਸਲੇ ਨੂੰ ਔਰਤ ਦੇ ਜਾਵੀਏ ਤੋਂ ਨਹੀਂ ਸਗੋਂ ਮਾਨਵੀ ਜਾਵੀਏ ਤੋਂ ਪੇਸ਼ ਕਰਦੀ ਹੈ। ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਸੁਰਿੰਦਰ ਨੀਰ ਦੀ ਕਹਾਣੀ ਤਕਨੀਕੀ ਤੌਰ 'ਤੇ ਵਰਿਆਮ ਸੰਧੂ ਦੀ ਕਹਾਣੀ ਤਕਨੀਕ ਨਾਲ ਮੇਲਿਆ। ਉਨ੍ਹਾਂ ਕਿਹਾ ਕਿ ਉਸ ਦੀ ਕਹਾਣੀ 'ਉਹਲੇ' ਦੀ ਤਕਨੀਕ ਰਾਹੀਂ ਜੀਵਨ ਦੇ ਨਵੇਂ ਦਿਸਹੱਦੇ ਪਾਠਕ ਦੇ ਸਾਹਮਣੇ ਖੋਲ੍ਹਦੀ ਤੁਰੀ ਜਾਂਦੀ ਹੈ।
ਡਾ. ਬਲਜੀਤ ਸਿੰਘ ਰੈਨਾ ਵੱਲੋਂ ਆਖਿਆ ਗਿਆ ਕਿ ਸੁਰਿੰਦਰ ਨੀਰ ਦੇ ਕੋਮਲ ਹਿਰਦੇ ਨੂੰ ਜਦ ਉਸ ਦੇ ਚੌਗਿਰਦੇ ਦੇ ਹਾਲਾਤ ਵਿਚਲਿਤ ਕਰਦੇ ਹਨ ਤਾਂ ਕਲਮ ਉਸਦੇ ਭਾਵਾਂ ਦੀ ਤਰਜ਼ਮਾਨੀ ਦਾ ਵਾਹਨ ਬਣਦੀ ਹੈ। ਕਹਾਣੀਕਾਰਾ ਸੁਰਿੰਦਰ ਨੀਰ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਬਤ ਸ੍ਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਸਾਹਿਤ ਸਿਰਜਣਾ ਮੇਰੇ ਲਈ ਸਾਧਨਾ ਵਾਂਗ ਹੈ। ਪੜ੍ਹਨਾ-ਲਿਖਣਾ ਮੇਰਾ ਪਹਿਲਾ ਅਤੇ ਆਖ਼ਰੀ ਜਨੂੰਨ ਹੈ।
ਇਹਨਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਉੱਘੇ ਕਵੀ ਜਸਵੰਤ ਸਿੰਘ ਜ਼ਫ਼ਰ, ਪ੍ਰੋ. ਲਾਭ ਸਿੰਘ ਖੀਵਾ, ਡਾ. ਸੁਨੀਤਾ ਰਾਣੀ, ਡਾ. ਅਜੀਤ ਕੰਵਲ ਸਿੰਘ ਹਮਦਰਦ, ਗੁਰਪ੍ਰੀਤ ਸਿੰਘ ਨਿਆਮੀਆਂ, ਧਿਆਨ ਸਿੰਘ ਕਾਹਲੋਂ, ਪਰਮਜੀਤ ਮਾਨ, ਸੰਜੀਵਨ ਸਿੰਘ, ਗੁਰਚਰਨ ਸਿੰਘ, ਮਨਜੀਤ ਪਾਲ ਸਿੰਘ, ਦਿਲਬਾਗ ਸਿੰਘ, ਪਰਮਿੰਦਰ ਸਿੰਘ ਮਦਾਨ, ਜਸਵੀਰ ਸਿੰਘ ਗੜਾਂਗਾ, ਬਲਵਿੰਦਰ ਸਿੰਘ ਢਿੱਲੋਂ, ਬਲਜੀਤ ਕੌਰ, ਸਰਦਾਰਾ ਸਿੰਘ ਚੀਮਾ, ਜਪਨੀਤ ਕੌਰ ਅਤੇ ਮਨਜੀਤ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ, ਬੁਲਾਰਿਆਂ ਅਤੇ ਪਤਵੰਤੇ ਸੱਜਣਾਂ ਦਾ ਵਿਚਾਰ ਚਰਚਾ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।