KITE FESTIVAL 2024: ਰਾਜ ਪੱਧਰੀ ਬਸੰਤ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਲਿੰਕ ਜਾਰੀ

 *ਰਾਜ ਪੱਧਰੀ ਬਸੰਤ ਮੇਲੇ ਦੀਆਂ ਤਿਆਰੀਆਂ ਸਬੰਧੀ ਡੀ.ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ*


- ਰਾਜ ਵਾਸੀਆਂ ਨੂੰ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ


- ਮੁਕਾਬਲਿਆਂ ਲਈ ਰਜਿਸਟ੍ਰੇਸ਼ਨ www.kitefestivalferozepur2024.in ‘ਤੇ ਕੀਤੀ ਜਾਵੇ


-ਪਤੰਗਬਾਜ਼ੀ ਮੁਕਾਬਲਿਆਂ ਦੇ ਜੇਤੂਆਂ ਨੂੰ ਦਿੱਤੇ ਜਾਣਗੇ ਲੱਖਾਂ ਰੁਪਏ ਦੇ ਇਨਾਮ


-5 ਫਰਵਰੀ ਤੋਂ ਸ਼ੁਰੂ ਹੋਣਗੇ ਪਤੰਗਬਾਜ਼ੀ ਦੇ ਨਾਕਆਊਟ ਮੁਕਾਬਲੇ


-ਮਸ਼ਹੂਰ ਪੰਜਾਬੀ ਗਾਇਕ ਕਰਨਗੇ ਲੋਕਾਂ ਦਾ ਮਨੋਰੰਜਨ; ਵੱਖ-ਵੱਖ ਸਟਾਲ ਬਣਨਗੇ ਖਿੱਚ ਦਾ ਕੇਂਦਰ


***


         ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਰਵਾਇਤੀ ਤੇ ਵਿਰਾਸਤੀ ਮੇਲਿਆਂ ਨੂੰ ਦੇਸ਼-ਦੁਨੀਆਂ ਤੱਕ ਪ੍ਰਫੁੱਲਤ ਕਰਨ ਅਤੇ ਇਨ੍ਹਾਂ ਮੇਲਿਆਂ ਪ੍ਰਤੀ ਲੋਕਾਂ ਦੀ ਰੁਚੀ ਨੂੰ ਹੋਰ ਵਧਾਉਣ ਲਈ ਰਾਜ ਵਿੱਚ ਸ਼ੁਰੂ ਕੀਤੇ ਗਏ ਮੇਲਿਆਂ ਦੀ ਲੜੀ ਤਹਿਤ 10 ਅਤੇ 11 ਫਰਵਰੀ 2024 ਨੂੰ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ‘‘ਸਭ ਤੋਂ ਵੱਡਾ ਪਤੰਗਬਾਜ਼’’ ਥੀਮ ਤਹਿਤ ਰਾਜ ਪੱਧਰੀ ਪਤੰਗਬਾਜ਼ੀ ਮੁਕਾਬਲੇ ਅਤੇ ਬਸੰਤ ਮੇਲਾ ਕਰਵਾਇਆ ਜਾ ਰਿਹਾ ਹੈ। ਪਤੰਗਬਾਜ਼ੀ ਦੇ ਨਾਕਆਊਟ ਮੁਕਾਬਲੇ 5 ਫ਼ਰਵਰੀ 2024 ਤੋਂ ਸ਼ੁਰੂ ਹੋਣਗੇ, ਜਿਸ ਸਬੰਧੀ ਮੈਸੇਜ ਰਾਹੀਂ ਮੁਕਾਬਲੇਬਾਜ਼ਾਂ ਨੂੰ ਸੂਚਿਤ ਕੀਤਾ ਜਾਵੇਗਾ।

KITE FESTIVAL REGISTRATION WEBSITE 2024

 ਪਤੰਗਬਾਜੀ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਚਾਹਵਾਨ ਮਰਦ, ਔਰਤਾਂ ਅਤੇ ਬੱਚੇ ਆਪਣੀ ਮੁਫਤ ਰਜਿਸਟ੍ਰੇਸ਼ਨ ਵੈਬਸਾਈਟ www.kitefestivalferozepur2024.in ‘ਤੇ ਕਰ ਸਕਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਰਾਜ ਪੱਧਰੀ ਬਸੰਤ ਮੇਲੇ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।



ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਰੀਆਂ ਅਤੇ ਐਨ.ਜੀ.ਓਜ਼ ਦੇ ਨੂਮਾਂਇੰਦਿਆਂ ਨੂੰ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਣ ਸਬੰਧੀ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਵਾਰ ਫਿਰੋਜ਼ਪੁਰ ਵਿਖੇ ਬਸੰਤ ਮੇਲਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੂਮ ਧਾਮ ਨਾਲ ਮਨਾਇਆ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਮਿਸ ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਇਸ ਮੇਲੇ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹੈ ਜਿਸ ਲਈ ਬਸੰਤ ਮੇਲੇ ਮੌਕੇ ਵੱਖ-ਵੱਖ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪਤੰਗਬਾਜ਼ੀ ਦੇ ਮੁਕਾਬਲੇ ਹੋਣਗੇ ਅਤੇ ਪਹਿਲੇ ਸਥਾਨ ਤੇ ਰਹਿਣ ਵਾਲਿਆਂ ਨੂੰ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਰਦਾਂ ਦੇ ਪਤੰਗਬਾਜ਼ੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਨੂੰ 1 ਲੱਖ ਦਾ ਇਨਾਮ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਔਰਤਾਂ ਦੇ ਪਤੰਗਬਾਜ਼ੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਜੇਤਾ ਨੂੰ ਵੀ 1 ਲੱਖ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 10 ਤੋਂ 18 ਸਾਲ ਦੀ ਉਮਰ ਵਾਲੇ ਲੜਕੇ-ਲੜਕੀਆਂ ਵਿਚੋਂ ਜੇਤੂਆਂ ਨੂੰ 25-25 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਐਨ.ਆਰ.ਆਈ ਕੈਟਾਗਰੀ ਪਤੰਗਬਾਜੀ ਮੁਕਾਬਲਿਆਂ ਦੇ ਜੇਤੂ ਨੂੰ 51 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।


ਉਨ੍ਹਾਂ ਦੱਸਿਆ ਕਿ ਪਤੰਗਬਾਜੀ ਮੁਕਾਬਲਿਆਂ ਵਿੱਚ ਸਭ ਤੋਂ ਆਕਰਸ਼ਿਤ ਮੁਕਾਬਲਾ "ਸਭ ਤੋਂ ਵੱਡਾ ਪਤੰਗਬਾਜ਼ ਮੁਕਾਬਲਾ" ਹੋਵੇਗਾ ਅਤੇ ਇਸ ਮੁਕਾਬਲੇ ਦੇ ਜੇਤੂ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਤਾਵਰਣ ਅਤੇ ਜੀਵ ਸੁਰੱਖਿਆ ਪ੍ਰਤੀ ਮਨੱਖੀ ਜ਼ਿੰਮੇਵਾਰੀ ਦਾ ਸੰਦੇਸ਼ ਦਿੰਦੇ ਹੋਏ ਚਾਈਨਾ ਡੋਰ ਦੀ ਵਰਤੋਂ ਕਰਨ ਦੀ ਪੂਰਨ ਪਾਬੰਦੀ ਹੋਵੇਗੀ। ਇਸ ਮੇਲੇ ਵਿੱਚ ਰਵਾਇਤੀ ਖਾਣਿਆਂ ਦੇ ਸਟਾਲ ਲਗਾਏ ਜਾਣਗੇ ਅਤੇ ਮਸ਼ਹੂਰ ਪੰਜਾਬੀ ਗਾਇਕ ਆਪਣੇ ਗੀਤਾਂ ਰਾਹੀਂ ਮੇਲੇ ਨੂੰ ਚਾਰ ਚੰਨ ਲਗਾਉਣਗੇ। ਉਨ੍ਹਾਂ ਰਾਜ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਇਸ ਮੇਲੇ ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾਉਣ।


KITE FESTIVAL FEROZPUR 2024 

ਬਸੰਤ ਪੰਚਮੀ (ਦੇਵਨਾਗਰੀ: वसन्त पञ्चमी) ਬਸੰਤ ਵਿੱਚ ਮਨਾਏ ਜਾਣ ਵਾਲਾ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ। ਇਸਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀਪੰਚਮੀ (ਦੇਵਨਾਗਰੀ:श्रीपञ्चमी) ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਹ ਸੰਗੀਤ, ਵਿੱਦਿਆ, ਸਾਹਿਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਬਹਾਰ ਰੁੱਤ ਨਾਲ ਸੰਬੰਧਿਤ ਇਹ ਪ੍ਰਸਿੱਧ ਤਿਉਹਾਰ ਜੋ ਮਾਘ ਦੇ ਸੁਦੀ ਪੰਜ ਨੂੰ ਸਾਰੇ ਪੰਜਾਬ ਵਿੱਚ ਬੜੇ ਚਾਅ ਤੇ ਮਲਾਰ ਨਾਲ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਤੋਂ ਬਹਾਰ ਰੁੱਤ ਦੀ ਸ਼ੁਰੂਆਤ ਦਾ ਅਨੁਮਾਨ ਲਗਾਇਆ ਜਾਂਦਾ ਹੈ। ਅੱਜ ਕੱਲ੍ਹ ਬਸੰਤ ਵਾਲੇ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ ਹੈ। ਬਸੰਤ ਦੇ ਆਗਮਨ ਨਾਲ ਸਾਰੇ ਪੰਜਾਬ ਦੇ ਵਿੱਚ ਨਵੀਂ ਜ਼ਿੰਦਗੀ ਧੜਕ ਉੱਠਦੀ ਹੈ। ਥਾਂ-ਥਾਂ 'ਤੇ ਪਿੰਡਾਂ ਵਿੱਚ ਨਿੱਕੇ-ਵੱਡੇ ਮੇਲੇ ਲੱਗਦੇ ਹਨ ਅਤੇ ਲੋਕੀਂ ਸਰ੍ਹੋਂ ਦੇ ਫੁੱਲ ਵਾਂਗ ਖਿੜ ਕੇ ਇਹਨਾਂ ਮੇਲਿਆਂ ਦੀ ਰੌਣਕ ਵਧਾਉਂਦੇ ਹਨ। ਫ਼ਿਰੋਜ਼ਪੁਰ ਦੀ ਬਸੰਤ ਪੰਚਮੀ ਖ਼ਾਸ ਤੌਰ 'ਤੇ ਪ੍ਰਸਿੱਧ ਹੈ। 

BASANT PANCHAMI FAIR IMPORTANCE 

ਬਸੰਤ ਪੰਚਮੀ ਵਾਲੇ ਦਿਨ ਲੋਕ ਆਪਣੇ ਦਿਲਾਂ ਦਾ ਹੁਲਾਸ ਪਤੰਗਾਂ ਉਡਾ ਕੇ ਪ੍ਰਗਟ ਕਰਦੇ ਹਨ। ਉਸ ਦਿਨ ਸਾਰਾ ਆਕਾਸ਼ ਰੰਗ-ਬਰੰਗੇ ਹਵਾ ਵਿੱਚ ਤੈਰਦੇ ਤੇ ਨ੍ਰਿਤ ਕਰਦੇ ਪਤੰਗਾਂ ਨਾਲ਼ ਭਰ ਜਾਂਦਾ ਹੈ। ਇਸ ਦਿਨ ਆਕਾਸ਼ ਇੱਕ ਅਥਾਹ ਰੰਗਮੰਚ ਲੱਗਦਾ ਹੈ ਜਿਸ 'ਤੇ ਵੰਨ-ਸੁਵੰਨੇ ਪਤੰਗਾਂ ਦੇ ਰੂਪ ਵਿੱਚ ਪੰਜਾਬੀਆਂ ਦਾ ਮਨ ਸਰਸ਼ਾਰ ਹੋਇਆ ਅਠਖੇਲੀਆਂ ਭਰ ਰਿਹਾ ਹੁੰਦਾ ਹੈ। ਪੰਜਾਬ ਦੇ ਅਨੇਕਾਂ ਸ਼ਹਿਰਾਂ ਵਿੱਚ ਬਸੰਤ ਪੰਚਮੀ ਦੀਆਂ ਰੌਣਕਾਂ ਧੂਹ ਪਾਉਂਦੀਆਂ ਹਨ। ਲੋਕ ਪੀਲੇ ਕੱਪੜੇ ਪਾਉਂਦੇ ਹਨ। ਇਹਨਾਂ ਦਿਨਾਂ ਵਿੱਚ ਧਰਤੀ ਬੋਲਦੀ ਹੈ ਅਤੇ ਬਨਸਪਤੀ ’ਤੇ ਨਵਾਂ ਨਿਖਾਰ ਆਉਂਦਾ ਹੈ… ਸ਼ਗੂਫੇ ਫੁੱਟਦੇ ਹਨ… ਖੇਤਾਂ ਵਿੱਚ ਸਰੋਂ ਦੇ ਖਿੜੇ ਹੋਏ ਪੀਲੇ-ਪੀਲੇ ਫੁੱਲ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ… ਜਿੱਥੋਂ ਤਕ ਨਜ਼ਰ ਜਾਂਦੀ ਹੈ ਖਿੜੇ ਹੋਏ ਫੁੱਲ ਨਜ਼ਰੀਂ ਪੈਂਦੇ ਹਨ... ਬਾਗ਼ੀਂ ਫੁੱਲ ਖਿੜਦੇ ਹਨ। ਸਭਿਆਚਾਰਕ ਦ੍ਰਿਸ਼ਟੀ ਤੋਂ ਵੀ ਬਸੰਤ ਪੰਚਮੀ ਦਾ ਮਹੱਤਵਪੂਰਨ ਯੋਗਦਾਨ ਹੈ। ਬੱਚਿਆਂ ਅਤੇ ਨੌਜਵਾਨਾਂ ਦੀ ਖੁਸ਼ੀ ਦਾ ਚਾਅ ਸਾਂਭਿਆ ਨਹੀਂ ਜਾਂਦਾ।

ਬਸੰਤ ਪੰਚਮੀ 'ਸ਼ੁਕਲ ਪੱਖ ਦੀ ਪੰਚਮੀ' (5ਵੇਂ ਦਿਨ) ਨੂੰ ਮਨਾਈ ਜਾਂਦੀ ਹੈ । ਚੰਨ ਦਾ ਚਮਕਦਾਰ ਪੰਦਰਵਾੜਾ ਹਿੰਦੂ ਕੈਲੰਡਰ ਵਿੱਚ 'ਮਾਘ' ਦੇ ਮਹੀਨੇ ਵਿੱਚ (ਜੋ ਕਿ ਅੰਗਰੇਜ਼ੀ ਕੈਲੰਡਰ ਵਿੱਚ ਜਨਵਰੀ-ਫ਼ਰਵਰੀ ਦੇ ਮਹੀਨੇ ਨਾਲ ਮੇਲ ਖਾਂਦਾ ਹੈ।) ਹੁੰਦਾ ਹੈ। ਇਹ ਭਾਰਤ ਵਿੱਚ ਬਸੰਤ ਰੁੱਤ ਜਾਂ ਵਸੰਤ ਰਿਤੂ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।


ਪੇਚਾ (ਪਤੰਗ ਕੱਟਣਾ) ਚੈਲੇਂਜ ਇਨਾਮਾਂ ਦਾ ਵੇਰਵਾ 


‘ਪੇਚਾ ਮੁਕਾਬਲਾ’ ਇੱਕ ਮਜ਼ੇਦਾਰ ਅਤੇ ਰੋਮਾਂਚ ਭਰਪੂਰ ਮੁਕਾਬਲਾ ਹੈ। ਜਿਸ ਵਿੱਚ ਪ੍ਰਤੀਯੋਗੀ ਨਾ ਕੇਵਲ ਪਤੰਗ ਉਡਾਉਣਗੇ ਬਲਕਿ ਆਪਣੀ ਪਤੰਗ ਉਡਾਉਣ ਦੀ ਕਾਬਲੀਅਤ ਨੂੰ ਵਰਤਦੇ ਹੋਏ ਦੂਸਰੇ ਪ੍ਰਤੀਯੋਗੀਆਂ ਦੀ ਪਤੰਗਾਂ ਨੂੰ ਵੀ ਕੱਟਣਗੇ। ਇਸ ਤਰ੍ਹਾਂ ਜਿਹੜਾ ਪ੍ਰਤੀਯੋਗੀ ਬਾਕੀ ਸਾਰੇ ਪ੍ਰਤੀਯੋਗੀਆਂ ਦੀ ਪਤੰਗਾਂ ਕੱਟਣ ਵਿੱਚ ਸਫਲ ਰਹੇਗਾ, ਉਸਨੂੰ ਇਸ ਮੁਕਾਬਲੇ ਵਿੱਚ ਜੇਤੂ ਕਰਾਰ ਦਿੱਤਾ ਜਾਵੇਗਾ।


ਇਹ ਮੁਕਾਬਲਾ ਤੈਅ ਨਿਯਮਾਂ ਅਨੁਸਾਰ ਕਰਵਾਇਆ ਜਾਵੇਗਾ, ਜਿਸ ਵਿੱਚ ਰੈਫਰੀ ਦਾ ਫੈਸਲਾ ਅੰਤਿਮ ਹੋਵੇਗਾ। ਇਸ ਮੁਕਾਬਲੇ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸ਼੍ਰੇਣੀ ਵਿੱਚ ਵੱਖਰਾ ਇਨਾਮ ਦਿੱਤਾ ਜਾਵੇਗਾ। ਇਨਾਮਾਂ ਦੀਆਂ ਸ਼੍ਰੇਣੀਆਂ ਹੇਠ ਅਨੁਸਾਰ ਹਨ:-

1) 10 ਤੋਂ 18 ਸਾਲਾਂ ਤੱਕ ਦੇ ਬੱਚੇ (ਮੁੰਡਾ):- 25000/- ਰੁਪਏ

2) 10 ਤੋਂ 18 ਸਾਲਾਂ ਤੱਕ ਦੇ ਬੱਚੇ (ਕੁੜੀ):- 25000/- ਰੁਪਏ

3) 18 ਸਾਲ ਤੋਂ ਵੱਧ (ਪੁਰਸ਼):- 1,00,000/- ਰੁਪਏ

4) 18 ਸਾਲ ਤੋਂ ਵੱਧ (ਇਸਤਰੀਆਂ):- 1,00,000/- ਰੁਪਏ

5) ਪ੍ਰਵਾਸੀ ਭਾਰਤੀ (ਐਨ. ਆਰ. ਆਈਜ):- 51,000/- ਰੁਪਏ

ਇਸ ਪ੍ਰਤੀਯੋਗਤਾ ਵਿੱਚ ਪਹਿਲਾਂ ਨਾਕ ਆਊਂਟ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਜੇਤੂ ਪ੍ਰਤੀਯੋਗੀ ਅੰਤਿਮ ਮੁਕਾਬਲੇ (ਗ੍ਰੈਂਡ ਫਾਈਨਲ) ਜੋ ਕਿ ਮਿਤੀ 10 ਫਰਵਰੀ ਅਤੇ 11 ਫਰਵਰੀ 2024 ਨੂੰ ਹੋਣੇ ਹਨ, ਵਿੱਚ ਪ੍ਰਵੇਸ਼ ਕਰਨਗੇ। ਅੰਤਿਮ ਮੁਕਾਬਲੇ (ਗ੍ਰੈਂਡ ਫਾਈਨਲ) ਵਿੱਚ ਜੇਤੂ ਰਹਿਣ ਵਾਲੇ ਪ੍ਰਤੀਯੋਗੀਆਂ ਨੂੰ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।


ਇਸ ਮੁਕਾਬਲੇ ਵਿੱਚ ਪਤੰਗਬਾਜ ਆਪਣੇ ਹੁਨਰ ਦੇ ਜੋਹਰ ਦਿਖਾਉਣਗੇ। ਇਸ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਹਿੱਸਾ ਲੈ ਕੇ ਇਸ ਮੁਕਾਬਲੇ ਨੂੰ ਯਾਦਗਾਰ ਬਣਾਇਆ ਜਾਵੇ। ਇਸ ਲਈ ਆਓ ਸਾਡੇ ਨਾਲ ਇਹਨਾਂ ਮੁਕਾਬਲਿਆਂ ਵਿੱਚ ਸ਼ਾਮਿਲ ਹੋਵੋ ਅਤੇ ਇਹਨਾਂ ਦਾ ਵੱਧ ਤੋਂ ਵੱਧ ਆਨੰਦ ਮਾਣੋ।



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends