- ਅਦਾਰਾ "ਸੰਗਰਾਮੀ ਲਹਿਰ" ਦੇ ਸੱਦੇ 'ਤੇ ਹੋਏ ਭਰਵੇਂ ਸੈਮੀਨਾਰ ਵਿਚ ਰਿਲੀਜ ਕੀਤਾ ਗਿਆ ਪੇਰਿਆਰ ਦੀ ਸਮੁੱਚੀ ਰਚਨਾ ਦਾ ਪੰਜਾਬੀ ਅਨੁਵਾਦ
ਜਲੰਧਰ ; 13 ਦਸੰਬਰ - ਅਦਾਰਾ 'ਸੰਗਰਾਮੀ ਲਹਿਰ' ਵਲੋਂ ਦੇਸ਼ ਭਗਤ ਯਾਦਗਾਰ ਜਲੰਧਰ ਦੇ 'ਗ਼ਦਰੀ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ' ਵਿਖੇ ਇਕ ਬਹੁਤ ਹੀ ਪ੍ਰਭਾਵਸ਼ਾਲੀ ਸੈਮੀਨਾਰ ਸੱਦਿਆ ਗਿਆ। ਇਸ ਮੌਕੇ ਆਲਮੀ ਪ੍ਰਸਿੱਧੀ ਦੇ ਮਾਲਕ ਏਸ਼ੀਆਈ ਖਿੱਤੇ ਦੇ ਜ਼ਹੀਨ ਚਿੰਤਕ ਤੇ ਸਮਾਜ ਸੁਧਾਰਕ ਈਵੀ ਰਾਮਾਸਵਾਮੀ ਪੇਰਿਆਰ ਦੀ ਸਮੁਚੀ ਰਚਨਾ ਦੀ ਪੰਜਾਬੀ ਪਾਠਕਾਂ ਨਾਲ ਸਾਂਝ ਪਵਾਉਂਦੀ ਵੱਡ ਆਕਾਰੀ ਪੁਸਤਕ, "ਪੇਰਿਆਰ ਰਚਨਾਵਲੀ- ਸਾਡੇ ਯੁੱਗ ਦਾ ਸੁਕਰਾਤ" ਲੋਕਾਰਪਣ ਕੀਤੀ ਗਈ।
ਸੈਮੀਨਾਰ ਦੀ ਪ੍ਰਧਾਨਗੀ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ, ਹਰਿਆਣਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ, ਤ੍ਰੈਮਾਸਿਕ 'ਚਿਰਾਗ਼' ਦੇ ਸੰਪਾਦਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਡਾਕਟਰ ਕਰਮਜੀਤ ਸਿੰਘ ਨੇ ਕੀਤੀ।
ਮੰਚ 'ਤੇ ਸੰਗਰਾਮੀ ਲਹਿਰ' ਦੇ ਸੰਪਾਦਕ ਸਾਥੀ ਮੰਗਤ ਰਾਮ ਪਾਸਲਾ, ਉੱਘੇ ਲੋਕ ਆਗੂ ਹਰਕੰਵਲ ਸਿੰਘ ਅਤੇ ਦੇਸ਼ ਭਗਤ ਯਾਦਗਾਰ ਜਲੰਧਰ ਦੇ ਸਹਾਇਕ ਸਕੱਤਰ ਤੇ ਇਤਿਹਾਸਕਾਰ ਚਿਰੰਜੀ ਲਾਲ ਕੰਗਣੀਵਾਲ ਵੀ ਸੁਸ਼ੋਭਿਤ ਸਨ। ਮੰਚ ਸੰਚਾਲਕ ਦੇ ਫਰਜ਼ ਸੰਪਾਦਕੀ ਟੀਮ ਦੇ ਮੈਂਬਰ ਮਹੀਪਾਲ ਨੇ ਨਿਭਾਏ।
ਮੁੱਖ ਪਰਚਾ ਉਪਰ ਬਿਆਨੀ ਪੁਸਤਕ ਦਾ ਬੜੀ ਮਿਹਨਤ ਨਾਲ ਸ਼ਾਨਦਾਰ ਅਨੁਵਾਦ ਕਰਨ ਵਾਲੇ ਉੱਘੇ ਵਿਦਵਾਨ ਡਾਕਟਰ ਜਸਵੰਤ ਰਾਏ, ਜਿਲ੍ਹਾ ਭਾਸ਼ਾ ਅਫਸਰ ਹੁਸ਼ਿਆਰਪੁਰ ਨੇ ਪੜ੍ਹਿਆ। ਰੋਜ਼ਾਨਾ ਪੰਜਾਬੀ 'ਨਵਾਂ ਜ਼ਮਾਨਾ' ਦੇ ਸਾਹਿਤ ਸੰਪਾਦਕ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਅਟਵਾਲ ਨੇ ਵੀ ਵਿਸ਼ੇਸ਼ ਭਾਸ਼ਣ ਕੀਤਾ।
ਵਿਦਵਾਨ ਬੁਲਾਰਿਆਂ ਨੇ ਪੇਰਿਆਰ ਦੀ ਬਹੁ ਪੱਖੀ ਸ਼ਖਸੀਅਤ ਅਤੇ ਉਨ੍ਹਾਂ ਵਲੋਂ ਘਾਲੀਆਂ ਘਾਲਣਾਵਾਂ ਦੀ ਚਰਚਾ ਕਰਦਿਆਂ ਉਨ੍ਹਾਂ ਦੀਆਂ ਬਹਆਯਾਮੀ ਰਚਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਦੌਰ 'ਚ ਫਿਰਕੂ-ਫਾਸ਼ੀ ਤਾਕਤਾਂ ਦੇ ਪਿਛਾਖੜੀ ਵਿਚਾਰਧਾਰਕ ਹੱਲੇ ਦਾ ਬਾਦਲੀਲ ਟਾਕਰਾ ਕਰਨ ਪੱਖੋਂ ਪੇਰਿਆਰ ਦੀਆਂ ਰਚਨਾਵਾਂ ਦੀ ਪ੍ਰਸੰਗਿਕਤਾ ਹੋਰ ਵਧੇਰੇ ਮਹੱਤਵ ਅਖਤਿਆਰ ਕਰ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਰਾਜਨੀਤਕ, ਸਮਾਜਿਕ ਅਤੇ ਆਰਥਕ ਸੰਘਰਸ਼ ਇਕ-ਦੂਜੇ ਦੇ ਪੂਰਕ ਹਨ।
ਸਰੋਤਿਆਂ ਵਿਚ ਅੰਬੇਦਕਰੀ ਅਤੇ ਖੱਬੇ ਪੱਖੀ ਵਿਚਾਰਧਾਰਾ ਨੂੰ ਪ੍ਰਣਾਏ ਮਿਸ਼ਨਰੀ ਕਾਰਕੁੰਨਾਂ ਤੋਂ ਇਲਾਵਾ ਵੱਖੋ-ਵੱਖ ਖੇਤਰਾਂ ਦੀਆਂ ਸਿਰਕੱਢ ਹਸਤੀਆਂ ਵੀ ਚੋਖੀ ਗਿਣਤੀ ਵਿਚ ਸ਼ਾਮਲ ਸਨ।