'ਮਾਪੇ-ਅਧਿਆਪਕ ਮਿਲਣੀ' ਵਿੱਚ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਕੀਤੀ ਸ਼ਿਰਕਤ
ਸਮੂਹ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਨੇ ਬੱਚਿਆਂ ਦੀ ਜਾਣੀ ਕਾਰਗੁਜ਼ਾਰੀ
ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤਹਿਤ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਅਤੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ,ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਮੋਹਾਲੀ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮੈਗਾ ਪੀਟੀਐੱਮ 'ਮਾਪੇ-ਅਧਿਆਪਕ ਮਿਲਣੀ' ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਵੱਲੋਂ ਦੱਸਿਆ ਗਿਆ ਉਹਨਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸ਼ਾਮਲ ਹੋ ਕੇ ਸਕੂਲ ਅਧਿਆਪਕਾਂ ਦਾ ਹੌਸਲਾ ਵਧਾਇਆ ਅਤੇ ਬੱਚਿਆਂ ਅਤੇ ਮਾਪਿਆਂ ਨਾਲ਼ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਦੇ 438 ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੇ ਮਾਪਿਆਂ ਨੇ ਵੱਡੇ ਉਤਸ਼ਾਹ ਨਾਲ਼ ਭਾਗ ਲਿਆ। ਇਸੇ ਤਰ੍ਹਾਂ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸ਼ਾਮਲ ਹੋ ਕੇ ਮਾਪਿਆਂ ਨੂੰ ਇਹਨਾਂ ਮੀਟਿੰਗਾਂ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਲਈ ਉਤਸ਼ਾਹਿਤ ਕੀਤਾ ਅਤੇ ਮਾਪੇ ਅਧਿਆਪਕ ਮਿਲਣੀ ਦੇ ਲਾਹੇਵੰਦ ਹੋਣ ਬਾਰੇ ਵੀ ਦੱਸਿਆ।
ਮਾਪਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਤਰ੍ਹਾਂ ਦੇ ਉਪਰਾਲੇ ਨਾਲ਼ ਬੱਚਿਆਂ ਦੇ ਚੰਗੇ ਭਵਿੱਖ ਲਈ ਲਾਹੇਵੰਦ ਹਨ। ਇਹਨਾਂ ਮੀਟਿੰਗਾਂ ਵਿੱਚ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਬਾਰੇ ਜਾਨਣ ਦਾ ਮੌਕਾ ਮਿਲਦਾ ਹੈ। ਜ਼ਿਆਦਾਤਰ ਬੱਚਿਆਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਦੀ ਇਹਨਾਂ ਮਾਪੇ ਅਧਿਆਪਕ ਮਿਲਣੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਦੱਸਿਆ ਕਿ ਉਹਨਾਂ ਦੇ ਮੋਬਾਈਲ ਫ਼ੋਨ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਜੀ ਵੱਲੋਂ ਵੱਲੋਂ ਸਕੂਲ ਵਿੱਚ ਮੈਗਾ ਪੀਟੀਐੱਮ ਲਈ ਸੱਦਾ ਪੱਤਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਮੈਗਾ ਪੀਟੀਐੱਮ 'ਮਾਪੇ-ਅਧਿਆਪਕ ਮਿਲਣੀ' ਦੀਆਂ ਤਿਆਰੀਆਂ ਲਈ ਸਕੂਲ ਅਧਿਆਪਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਅਰੰਭੀਆਂ ਹੋਈਆਂ ਸਨ। ਅੱਜ ਸਕੂਲਾਂ ਦੇ ਗੇਟਾਂ ਤੇ ਰੰਗ ਬਿਰੰਗੀਆਂ ਚੁੰਨੀਆਂ ਅਤੇ ਹੋਰਨਾਂ ਸਜਾਵਟੀ ਚੀਜ਼ਾਂ ਨਾਲ਼ ਸ਼ਿੰਗਾਰੇ ਸਕੂਲਾਂ ਵਿੱਚ ਮਾਪਿਆਂ ਦੁਆਰਾ ਭਰਪੂਰ ਸ਼ਿਰਕਤ ਕੀਤੀ ਗਈ। ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆਂ ਲਈ ਚਾਹ ਅਤੇ ਸਨੈਕਸ ਦਾ ਪ੍ਰਬੰਧ ਵੀ ਕੀਤਾ ਗਿਆ ਸੀ।