**ਆਲ ਇੰਡੀਆ ਸਟੇਟ ਗੌਰਮਿੰਟ ਪੈਂਨਸ਼ਨਰਜ਼ ਫੈਡਰੇਸ਼ਨ ਦੀ ਪਹਿਲੀ ਕਾਨਫਰੰਸ ਚੇਨਈ ਵਿਖੇ ਹੋਈ ਸ਼ੁਰੂ**।
**ਪੰਜਾਬ ਤੋਂ ਸੱਤ ਮੈਂਬਰੀ ਡੈਲੀਗੇਸ਼ਨ ਚੇਨਈ ਕਾਨਫਰੰਸ ਵਿੱਚ ਹੋਇਆ ਸ਼ਾਮਲ** ਜਲੰਧਰ:07ਨਵੰਬਰ( ) ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੀ ਪਹਿਲੀ ਕਾਨਫਰੰਸ ਚੇਨਈ (ਤਾਮਿਲਨਾਡੂ)ਵਿਖੇ ਸ਼ੁਰੂ ਹੋਈ।ਇਸ ਕੌਮੀ ਕਾਨਫਰੰਸ ਵਿੱਚ ਪੰਜਾਬ ਸਟੇਟ ਪੈਂਨਸ਼ਨਰਜ਼ ਕੰਨਫੈਡਰੇਸ਼ਨ (ਰਜਿਸਟਰਡ)ਦੇ ਪ੍ਰਧਾਨ ਕਰਮ ਸਿੰਘ ਧਨੋਆ ਅਤੇ ਕੌਮੀ ਕਮੇਟੀ ਦੇ ਸਕੱਤਰ ਮੈਂਬਰ ਮਨਜੀਤ ਸਿੰਘ ਸੈਣੀ ਦੀ ਅਗਵਾਈ ਵਿੱਚ ਸੱਤ ਮੈਂਬਰੀ ਡੈਲੀਗੇਸ਼ਨ ਸ਼ਾਮਲ ਹੋਇਆ। ਪਹਿਲੀ ਕਾਨਫਰੰਸ ਦੀ ਸ਼ੁਰੂਆਤ ਪ੍ਰਧਾਨ ਸਾਥੀ ਅਸ਼ੋਕ ਥੂਲੇ ਦੀ ਪ੍ਰਧਾਨਗੀ ਹੇਠ ਮਹਾਂਰਾਸਟਰਾ ਮੰਡਲ ਵਿਖੇ ਹੋਈ। ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਏ ਸ਼੍ਰੀ ਕੁਮਾਰ ਨੇ ਕਿਹਾ ਕਿ ਦੇਸ਼ ਭਰ ਦੇ ਪੈਂਨਸ਼ਨਰਾਂ ਵਲੋਂ ਕੌਮੀ ਫੈਡਰੇਸ਼ਨ ਸਥਾਪਿਤ ਕਰਕੇ ਪੈਂਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਕੌਮੀ ਪੱਧਰ ਤੇ ਸੰਘਰਸ਼ ਦੀ ਸ਼ੁਰੂਆਤ ਕਰਨ ਦਾ ਉਪਰਾਲਾ ਅਤਿ ਸ਼ਲਾਘਾਯੋਗ ਹੈ। ਉਹਨਾਂ ਨੇ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਘਰਾਣਿਆਂ ਨੂੰ ਹਰ ਪੱਧਰ 'ਤੇ ਵੱਡੇ ਲਾਭ ਪਹੁੰਚਾਉਣ ਦੀਆਂ ਨੀਤੀਆਂ ਦੀ ਚੀਰ ਫਾੜ ਕਰਦਿਆਂ ਮੁਲਾਜ਼ਮਾਂ, ਪੈਂਨਸ਼ਨਰਾਂ ਅਤੇ ਹੋਰ ਕਿਰਤੀ ਵਰਗਾਂ ਨੂੰ ਵੱਡੇ ਪੱਧਰ 'ਤੇ ਲਾਮਬੰਦ ਹੋ ਕੇ ਸਾਂਝੇ ਸੰਘਰਸ਼ਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਪੰਜਾਬ ਦੇ ਡੈਲੀਗੇਸ਼ਨ ਦੇ ਸਾਥੀ ਸੁਖਦੇਵ ਸਿੰਘ ਢਿੱਲੋਂ ਵਲੋਂ ਅੱਠਵਾਂ ਵੇਤਨ ਆਯੋਗ ਸਥਾਪਤ ਕਰਨ ਸੰਬੰਧੀ ਮਤਾ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਕਾਨਫਰੰਸ ਵਿੱਚ ਵੱਖ-ਵੱਖ ਡੈਲੀਗੇਟ ਸਾਥੀਆਂ ਵਲੋਂ ਵੱਧਦੀ ਮਹਿੰਗਾਈ ਬਾਰੇ,ਪੀ ਐੱਫ ਆਰ ਡੀ ਏ ਰੱਦ ਕਰਨ,ਪੁਰਾਣੀ ਪੈਂਨਸ਼ਨ ਦੀ ਬਹਾਲੀ ਅਤੇ ਨਵੀਂ ਪੈਂਨਸ਼ਨ ਸਕੀਮ ਬੰਦ ਕਰਨ,ਡੀ ਏ ਦੇ ਬਕਾਇਆ ਬਾਰੇ, ਪਾਰਲੀਮੈਂਟ ਸਟੈਂਡਿੰਗ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਬਾਰੇ, ਪੈਂਨਸ਼ਨ ਕਮਿਊਟੇਸ਼ਨ ਦੀ ਰਿਕਵਰੀ ਪੰਦਰਾਂ ਸਾਲ ਵਿੱਚ ਕਰਨ ਨੂੰ ਬੰਦ ਕਰਨ ਬਾਰੇ ਆਦਿ ਮਤੇ ਪੇਸ਼ ਕਰਕੇ ਪਾਸ ਕੀਤੇ ਗਏ। ਪਹਿਲੀ ਕਾਨਫਰੰਸ ਵਿੱਚ ਪੰਜਾਬ ਸਟੇਟ ਪੈਂਨਸ਼ਨਰਜ਼ ਕੰਨਫੈਡਰੇਸ਼ਨ(ਰਜਿਸਟਰਡ)ਦੇ ਪ੍ਰਧਾਨ ਸਾਥੀ ਕਰਮ ਸਿੰਘ ਧਨੋਆ ਜੀ ਨੇ ਵਿਚਾਰ ਪੇਸ਼ ਕਰਦੇ ਹੋਏ ਬਹਿਸ ਵਿੱਚ ਹਿੱਸਾ ਲਿਆ।ਪੰਜਾਬ ਡੈਲੀਗੇਸ਼ਨ ਦੇ ਸਾਥੀ ਕ੍ਰਿਸ਼ਨ ਬਲਦੇਵ ਨੇ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਤਰੰਨਮ ਭਰੀ ਆਵਾਜ਼ ਵਿੱਚ ਇਨਕਲਾਬੀ ਗੀਤ "ਸਰਫ੍ਰੋਸੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ" ਪੇਸ਼ ਕੀਤਾ। ਪ੍ਰੈੱਸ ਜਾਣਕਾਰੀ ਭੇਜਣ ਸਮੇਂ ਕਾਨਫਰੰਸ ਲਗਾਤਾਰ ਚੱਲ ਰਹੀ ਸੀ। ਡੈਲੀਗੇਸ਼ਨ ਵਿੱਚ ਪ੍ਰਧਾਨ ਕਰਮ ਸਿੰਘ ਧਨੋਆ,ਡਾ.ਸੁਖਦੇਵ ਸਿੰਘ ਢਿੱਲੋਂ, ਸ਼੍ਰੀ ਮਤੀ ਕੁਲਵੰਤ ਕੌਰ ਢਿੱਲੋਂ, ਕੁਲਦੀਪ ਸਿੰਘ ਕੌੜਾ, ਰਤਨ ਸਿੰਘ, ਕ੍ਰਿਸ਼ਨ ਬਲਦੇਵ ਅਤੇ ਕੌਮੀ ਸਕੱਤਰ ਮੈਂਬਰ ਮਨਜੀਤ ਸਿੰਘ ਸੈਣੀ ਆਦਿ ਸ਼ਾਮਲ ਹੋਏ।