FLOOD UPDATE NANGAL - ANANDPUR SAHIB:ਡਿਪਟੀ ਕਮਿਸ਼ਨਰ ਵੱਲੋਂ ਹੜ੍ਹਾਂ ਤੋਂ ਲੋਕਾਂ ਦੇ ਬਚਾਅ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਮੀਟਿੰਗ

 


ਡਿਪਟੀ ਕਮਿਸ਼ਨਰ ਵੱਲੋਂ ਹੜ੍ਹਾਂ ਤੋਂ ਲੋਕਾਂ ਦੇ ਬਚਾਅ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਮੀਟਿੰਗ

ਡਰੋਨ ਨਾਲ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨ ਲਈ ਕਿਹਾ

ਸਤਲੁੱਜ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਅਧਿਕਾਰੀਆਂ ਨੂੰ ਵਧੇਰੇ ਚੌਕਸੀ ਰੱਖਣ ਦੀ ਹਦਾਇਤ

ਨੰਗਲ ਦੇ 10 ਤੇ ਸ੍ਰੀ ਅਨੰਦਪੁਰ ਸਾਹਿਬ ਦੇ 8 ਪਿੰਡ ਜਿਆਦਾ ਪ੍ਰਭਾਵਿਤ ਹੋਏ

ਪ੍ਰਭਾਵਿਤ ਇਲਾਕਿਆਂ 'ਚ ਰਹਿੰਦੇ ਲੋਕਾਂ ਨੂੰ ਅਹਿਤਿਆਤੀ ਤੌਰ ’ਤੇ ਰਾਹਤ ਕੈਂਪਾਂ ’ਤੇ ਜਾਣ ਦੀ ਅਪੀਲ


ਐਨ ਡੀ ਆਰ ਐਫ ਟੀਮਾਂ ਵਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਜਾ ਰਿਹਾ


ਸ੍ਰੀ ਅਨੰਦਪੁਰ ਸਾਹਿਬ, 16 ਅਗਸਤ: ਪਿਛਲੇ ਕਈ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਭਾਰੀ ਵਰਖਾ ਹੋਣ ਕਾਰਨ ਨਦੀਆਂ, ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਮੱਦੇਨਜ਼ਰ ਹੋਰ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਪ੍ਰਸ਼ਾਸਨਿਕ ਤਿਆਰੀਆਂ ਬਾਰੇ ਸਮੀਖਿਆ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮੂਹ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸਥਾਰ ਵਿੱਚ ਮੀਟਿੰਗ ਕੀਤੀ। 


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਤਲੁੱਜ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਲਈ ਵਧੇਰੇ ਚੌਕਸੀ ਰੱਖੇ ਜਾਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਜਾਵੇ ਤਾਂ ਜੋ ਕਿਸੇ ਵੀ ਪੱਧਰ ਉਤੇ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ।


ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਨਿਰੰਤਰ ਡਰੋਨ ਰਾਹੀਂ ਸਰਵੇਖਣ ਕਰਨ ਲਈ ਕਿਹਾ ਤਾਂ ਜੋ ਨੁਕਸਾਨੇ ਗਏ ਰਸਤਿਆਂ ਸੜਕਾਂ ਦੀ ਅਸਲ ਹਾਲਤ ਦਾ ਪਤਾ ਲਗਾਇਆ ਸਕੇ। ਉਨ੍ਹਾਂ ਕਿਹਾ ਜਦੋਂ ਵੀ ਕਿਸੇ ਇਲਾਕਾ ਵਿਚ ਪਾਣੀ ਆਉਂਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਦਿੱਤੀ ਜਾਵੇ ਜਿਸ ਨਾਲ ਜਲਦ ਰਾਹਤ ਕਾਰਜ ਚਲਾਏ ਜਾ ਸਕਣ।


ਡਿਪਟੀ ਕਮਿਸ਼ਨਰ ਨੇ ਅਫ਼ਸਰਾਂ ਨੂੰ ਹਿਦਾਇਤ ਕੀਤੀ ਪਿੰਡਾਂ ਵਿਚ ਨਿਰੰਤਰ ਅਨਾਊਂਸਮੈਂਟ ਕਰਵਾਈ ਜਾਵੇ ਜਿਸ ਵਿਚ ਸੰਭਾਵੀ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਨੂੰ ਸਮੇਂ ਰਹਿੰਦੇ ਖਾਲੀ ਕਰਵਾਇਆ ਜਾ ਸਕੇ। ਪ੍ਰਭਾਵਿਤ ਹੜ੍ਹ ਪੀੜ੍ਹਤਾਂ ਨੂੰ ਸਿਹਤ ਸੇਵਾਵਾਂ ਮੁੱਹਈਆ ਕਰਵਾਉਣ ਲਈ ਵਿਸ਼ੇਸ਼ ਤੌਰ ਉੱਤੇ ਮੈਡੀਕਲ ਕੈਂਪ ਲਗਾਏ ਜਾਣ ਅਤੇ ਜ਼ਰੂਰਤਮੰਦਾਂ ਨੂੰ ਮੁਫ਼ਤ ਦਵਾਈਆਂ ਦੇਣਾ ਯਕੀਨੀ ਕੀਤਾ ਜਾਵੇ।


ਉਨ੍ਹਾਂ ਕਿਹਾ ਕਿ ਅਹਿਤਿਆਤੀ ਤੌਰ ’ਤੇ ਸਮੂਹ ਅਧਿਕਾਰੀ ਤੇ ਕਰਮਚਾਰੀ ਪੂਰੀ ਤਰ੍ਹਾਂ ਮੁਸਤੈਦ ਰਹਿਣ ਤਾਂ ਜੋ ਲੋੜ ਪੈਣ ’ਤੇ ਸੰਕਟ ਦੀ ਕਿਸੇ ਵੀ ਘੜੀ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇ।


ਇਸ ਮੌਕੇ ਤਹਿਸੀਲਦਾਰ ਨੰਗਲ ਸੰਦੀਪ ਕੁਮਾਰ ਨੇ ਦੱਸਿਆ ਕਿ ਐਨ ਡੀ ਆਰ ਐਫ ਟੀਮਾਂ ਵਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਜਲਦ ਪਿੰਡ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।


ਡਾ. ਪ੍ਰੀਤੀ ਯਾਦਵ ਨੇ ਜਿਲਾ ਖੁਰਾਕ ਸਪਲਾਈ ਵਿਭਾਗ ਨੂੰ ਫੂਡ ਪੈਕੇਟ ਅਤੇ ਪੀਣ ਵਾਲਾ ਪਾਣੀ ਦਾ ਸੁਚਾਰੂ ਪ੍ਰਬੰਧ ਕਰਨ ਲਈ ਕਿਹਾ। ਉਨਾਂ ਕਿਹਾ ਰਾਹਤ ਕਾਰਜਾਂ ਵਿਚ ਕਿਸੀ ਵੀ ਤਰ੍ਹਾਂ ਦੀ ਅਣਗਿਹਲੀ ਨਾ ਕੀਤੀ ਜਾਵੇ।


ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਅਗਲੇ 24 ਘੰਟੇ ਲਈ ਸਤਲੁਜ ਦਰਿਆ ਸਮੇਤ ਸਮੂਹ ਨਦੀਆਂ ਨਾਲਿਆਂ ’ਤੇ ਵਧੇਰੇ ਚੌਕਸੀ ਰੱਖਣ ਦੀ ਲੋੜ ਹੈ ਕਿਉਂ ਜੋ ਪਹਾੜੀ ਸੂਬਿਆਂ ਵਿੱਚ ਹਾਲੇ ਵੀ ਮੀਂਹ ਪੈਣਾ ਬੰਦ ਨਹੀਂ ਹੁੰਦਾ।


ਉਨ੍ਹਾਂ ਇਸ ਮੌਕੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਘਰਾਂ ਨੇੜੇ ਪਾਣੀ ਆਉਂਦਾ ਹੈ ਤਾਂ ਇਲਾਕੇ ਨੂੰ ਤੁਰੰਤ ਖਾਲੀ ਕੀਤਾ ਜਾਵੇ ਤਾਂ ਜੋ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ।


ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਐਕਸੀਅਨ ਡਰੇਨੇਜ਼, ਐਕਸੀਅਨ ਪੰਚਾਇਤੀ ਰਾਜ, ਐਕਸੀਅਨ ਨੈਸ਼ਨਲ ਹਾਈਵੇ, ਸਿਵਲ ਸਰਜਨ, ਪੀ.ਐਸ.ਪੀ.ਸੀ.ਐਲ, ਖੇਤੀਬਾੜੀ, ਪਸ਼ੂ ਪਾਲਣ, ਸਿਹਤ ਵਿਭਾਗ, ਜਲ ਸਪਲਾਈ, ਲੋਕ ਨਿਰਮਾਣ ਵਿਭਾਗ, ਬੀ.ਐਮ.ਐਲ, ਸਿੰਚਾਈ ਵਿਭਾਗ, ਡੇਅਰੀ, ਡੀ.ਐਫ.ਐਸ.ਸੀ, ਸੀਵਰੇਜ ਬੋਰਡ ਆਦਿ ਦੇ ਅਧਿਕਾਰੀਆਂ ਨੂੰ ਵੀ ਅਹਿਤਿਆਤੀ ਤੌਰ ’ਤੇ ਸਮੁੱਚੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।


ਤਹਿਸੀਲਦਾਰ ਨੰਗਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੰਗਲ ਬਲਾਕ ਦੇ ਪਿੰਡ ਬੇਲਾ ਧਿਆਨੀ, ਹਰਸਾ ਬੇਲਾ, ਜੌਹਲ, ਭਾਨਾਮ, ਭਲਾਣ, ਪਲਾਸੀ, ਬ੍ਰਹਮਪੁਰ ਐਲਗ੍ਰਾ, ਬੇਲਾ ਰਾਮਗੜ੍ਹ

ਤੇ ਜ਼ਿੰਦਵੜੀ ਮੁੱਖ ਤੌਰ ਉੱਤੇ ਪ੍ਰਭਾਵਿਤ ਹੋਏ ਹਨ ਜਿੱਥੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।


ਤਹਿਸੀਲਦਾਰ ਬਾਦਲ ਦੀਨ ਨੇ ਦੱਸਿਆ ਕਿ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿੰਡ ਦਸਗਰਾਈਂ, ਲੋਦੀਪੁਰ, ਬੁਰਜ, ਹਰੀਵਾਲ, ਮਹਿਦਲੀ ਕਲਾਂ,ਗੱਜਪੁਰ, ਚੰਦਪੁਰ ਤੇ ਸ਼ਾਹਪੁਰ ਬੇਲਾ ਪ੍ਰਭਾਵਿਤ ਹੋਏ ਹਨ।


ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ, ਮੁੱਖ ਮੰਤਰੀ ਫ਼ੀਲਡ ਅਫਸਰ ਸ਼੍ਰੀਮਤੀ ਅਨਮਜੋਤ ਕੌਰ, ਐੱਸ.ਡੀ.ਐੱਮ ਸ਼੍ਰੀ ਚਮਕੌਰ ਸਾਹਿਬ ਸ ਅਮਰੀਕ ਸਿੰਘ,ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਸ.ਮਨਦੀਪ ਸਿੰਘ ਢਿੱਲੋਂ, ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਸ਼੍ਰੀ ਬਾਦਲ ਦੀਨ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਸ. ਹਰਜੀਤਪਾਲ ਸਿੰਘ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਵਿਭਾਗ ਸ਼੍ਰੀ ਮਾਈਕਲ, ਸੈਕਟਰੀ ਮਾਰਕੀਟ ਕਮੇਟੀ ਸੁਰਿੰਦਰਪਾਲ ਸਿੰਘ, ਕਾਰਜਸਾਧਕ ਅਫਸਰ ਨੰਗਲ ਸ਼੍ਰੀ ਅਸ਼ੋਕ ਪਥਰੀਆ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends