ਪਿੰਡਾਂ ਤੋਂ ਸਰਕਾਰ ਚਲਾਉਣ ਵਾਲੇ ਮੁੱਖ ਮੰਤਰੀ ਪਿੰਡਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਪੇਂਡੂ ਭੱਤਾ ਦੇਣ : ਡੀ ਟੀ ਐੱਫ
ਮੁਲਾਜ਼ਮਾਂ ਦਾ ਸ਼ਹਿਰਾਂ ਵਿੱਚ ਨੌਕਰੀ ਕਰਨ ਦੇ ਰੁਝਾਨ ਵਧਣ ਕਾਰਨ ਪਿੰਡ ਹੋਰ ਪੱਛੜਨਗੇ: ਡੀ ਟੀ ਐੱਫ
ਪੇਂਡੂ ਭੱਤਾ, ਬਾਰਡਰ ਭੱਤਾ ਸਮੇਤ ਰਹਿੰਦੇ ਸੈਂਤੀ ਭੱਤੇ ਤੁਰੰਤ ਬਹਾਲ ਕੀਤੇ ਜਾਣ- ਡੀ.ਟੀ.ਐੱਫ
ਪੰਜਾਬ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਦੀ ਤਰਜ ਤੇ ਸੂਬੇ ਦੇ ਦੂਰ ਦੁਰਾਡੇ ਪੇਂਡੂ ਅਤੇ ਬਾਰਡਰ ਖੇਤਰਾਂ ਵਿੱਚ ਸੇਵਾ ਨਿਭਾ ਰਹੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹਨਾਂ ਇਲਾਕਿਆਂ ਵਿੱਚ ਮਿਲਦੇ ਵਿਸ਼ੇਸ਼ ਭੱਤਿਆਂ ਦੀ ਰੈਸ਼ਨਲਾਈਜੇਸ਼ਨ ਦੇ ਨਾਂ ਹੇਠ ਰੋਕ ਕੇ ਘੋਰ ਆਰਥਿਕ ਸ਼ੋਸਣ ਕੀਤਾ ਜਾ ਰਿਹਾ ਹੈ। ਡੀ.ਟੀ.ਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਜਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਅਤੇ ਕੁਲਜੀਤ ਡੰਗਰਖੇੜਾ ਨੇ ਦੱਸਿਆ ਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਹੋਣ ਦੇ ਲਗਪਗ ਦੋ ਸਾਲ ਤੋਂ ਵੱਧ ਸਮਾਂ ਬੀਤਣ ਉਪਰੰਤ ਵੀ ਅਜੇ ਤਕ ਕੱਟੇ ਹੋਏ ਭੱਤਿਆਂ ਨੂੰ ਲਾਗੂ ਨਹੀਂ ਕੀਤਾ ਗਿਆ। ਰੈਸ਼ਨਲਾਈਜੇਸ਼ਨ ਦੇ ਬਹਾਨੇ ਰੋਕੇ ਪੇਂਡੂ ਭੱਤੇ ਅਤੇ ਬਾਰਡਰ ਭੱਤੇ ਕਾਰਣ ਮੁਲਾਜ਼ਮਾਂ ਦਾ ਸ਼ਹਿਰੀ ਖੇਤਰਾਂ ਵਿੱਚ ਸੇਵਾ ਕਰਨ ਦਾ ਰੁਝਾਨ ਵਧ ਗਿਆ।ਆਗੂਆਂ ਨੇ ਪੰਜਾਬ ਸਰਕਾਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਜਿਹਾ ਹੋਣ ਨਾਲ ਪਿੰਡ ਅਤੇ ਬਾਰਡਰ ਖੇਤਰ ਦੇ ਪਿੰਡ ਹੋਰ ਪੱਛੜ ਜਾਣਗੇ। ਭਾਂਵੇ ਪੰਜਾਬ ਦੇ ਮੁੱਖ ਮੰਤਰੀ ਆਪਣੀ ਸਰਕਾਰ ਦੇ ਪਿੰਡਾਂ ਤੋਂ ਚੱਲਣ ਦੇ ਦਾਅਵੇ ਕਰਦੇ ਹਨ ਪਰ ਸਰਕਾਰ ਵੱਲੋਂ ਭੱਤਿਆਂ ਸਬੰਧੀ ਅਪਣਾਈ ਨੀਤੀ ਕਾਰਣ ਮੁਲਾਜ਼ਮਾਂ ਖਾਸ ਕਰਕੇ ਅਧਿਆਪਕਾਂ ਦਾ ਪਿੰਡਾਂ ਵਿੱਚ ਨੌਕਰੀ ਕਰਨ ਤੋਂ ਮਨ ਖੱਟਾ ਪੈ ਗਿਆ ਹੈ। ਉਹ ਸ਼ਹਿਰੀ ਖੇਤਰਾਂ ਵਿੱਚ ਬਦਲੀਆਂ ਕਰਵਾਉਣ ਦੇ ਚਾਹਵਾਨ ਹਨ ਕਿਉਂਕਿ ਪਿੰਡਾਂ ਵਿੱਚ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਬੇਸਿਕ ਪੇ ਦਾ ਦੋ ਪ੍ਰਤੀਸ਼ਤ ਤੋਂ ਅੱਠ ਪ੍ਰਤੀਸ਼ਤ ਘੱਟ ਮਿਲ ਰਿਹਾ ਹੈ। ਆਗੂਆਂ ਨੇ ਪਿੰਡਾਂ ਤੋਂ ਸਰਕਾਰ ਚਲਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਪਿੰਡਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਪੇਂਡੂ ਭੱਤਾ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਤਾਂ ਜੋ ਪਿੰਡਾਂ ਵਿੱਚ ਸੇਵਾ ਕਰਨ ਵਾਲੇ ਮੁਲਾਜ਼ਮਾਂ ਦਾ ਪਿੰਡ ਵਿੱਚ ਸੇਵਾ ਕਰਨ ਦਾ ਉਤਸ਼ਾਹ ਬਣਿਆ ਰਹੇ।
ਇਸ ਸਬੰਧੀ ਡੀ.ਟੀ.ਐਫ ਫਾਜ਼ਿਲਕਾ ਦੇ ਮੀਤ ਪ੍ਰਧਾਨ ਰਮੇਸ਼ ਸੱਪਾਂ ਵਾਲੀ,ਰਿਸ਼ੂ ਸੇਠੀ,ਵਰਿੰਦਰ ਲਾਧੂਕਾ,ਹਰੀਸ਼ ਕੁਮਾਰ,ਗੁਰਵਿੰਦਰ ਸਿੰਘ,ਬੱਗਾ ਸੰਧੂ ਨੇ ਪੰਜਾਬ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਪੇਂਡੂ ਭੱਤਾ,ਬਾਰਡਰ ਏਰੀਆ ਭੱਤਾ ਸਮੇਤ ਬਾਕੀ ਭੱਤਿਆਂ, 4-9-14 ਏ.ਸੀ.ਪੀ ਸਕੀਮ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ, ਪੁਰਾਣੀ ਪੈਨਸ਼ਨ ਸਕੀਮ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇ ਤਾਂ ਜੋ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਪ੍ਰਾਪਤ ਹੋ ਸਕੇ।