ਜ਼ਿਲ੍ਹਾ ਪ੍ਰਸ਼ਾਸਨ ਨੇ ਫੌਜ ਅਤੇ ਐਨ.ਡੀ.ਆਰ.ਐਫ ਦੇ ਸਹਿਯੋਗ ਨਾਲ ਬਨਾਰਸੀ ਨੇੜੇ ਘੱਗਰ ਦਰਿਆ ‘ਚ ਪਿਆ ਪਾੜ ਪੂਰਿਆ
ਹੜ੍ਹਾਂ ਦੇ ਪਾਣੀ ਵਿੱਚ ਘਿਰੇ ਇੱਕ ਘਰ ਵਿੱਚੋਂ ਹਾਈ ਰਿਸਕ ਗਰਭਵਤੀ ਔਰਤ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਇਆ
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਸਮੇਤ ਖਨੌਰੀ ਵਿਖੇ ਹੜ੍ਹ ਰਾਹਤ ਪ੍ਰਬੰਧਾਂ ਦਾ ਲਿਆ ਜਾਇਜ਼ਾ
ਖਨੌਰੀ/ਮੂਨਕ/ਸੰਗਰੂਰ, 16 ਜੁਲਾਈਃ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਖਨੌਰੀ ਅਤੇ ਨੇੜਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਧਿਕਾਰੀਆਂ ਸਮੇਤ ਦੌਰਾ ਕਰਕੇ ਹੜ੍ਹਾਂ ਦੇ ਪਾਣੀ ਤੋਂ ਬਚਾਅ ਲਈ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਫੌਜ ਤੇ ਐਨ.ਡੀ.ਆਰ.ਐਫ. ਦੇ ਜਵਾਨਾਂ ਦੀ ਮਦਦ ਨਾਲ ਘੱਗਰ ਦਰਿਆ ‘ਚ ਪਏ ਪਾੜਾਂ ਨੂੰ ਦਿਨ-ਰਾਤ ਇੱਕ ਕਰਕੇ ਪੂਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਟੀਮ ਵੱਲੋਂ ਪਿੰਡ ਬਨਾਰਸੀ ਕੋਲ ਆਰ.ਡੀ. 122 ਨੇੜੇ ਇੱਕ ਵੱਡੇ ਪਾੜ ਨੂੰ ਸਫਲਤਾ ਪੂਰਵਕ ਪੂਰ ਲਿਆ ਗਿਆ ਹੈ ਅਤੇ ਦੂਜੇ ਪਾੜਾਂ ਨੂੰ ਪੂਰਨ ਅਤੇ ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ਤੱਕ ਲੋੜੀਂਦੀ ਰਾਹਤ ਪਹੁੰਚਾਉਣ ਲਈ ਅਣਥੱਕ ਕੋਸ਼ਿਸ਼ਾਂ ਜਾਰੀ ਹਨ।
ਉਨ੍ਹਾਂ ਨੇ ਖਨੌਰੀ ਇਲਾਕੇ ‘ਚ ਘੱਗਰ ਦਰਿਆ ਦੇ ਕਿਨਾਰਿਆਂ ‘ਚ ਪਏ ਪਾੜਾਂ ਨੂੰ ਪੂਰੇ ਜਾਣ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਹੜ੍ਹਾਂ ਦੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਤੋਂ ਬਾਅਦ ਪੇਸ਼ ਆਉਣ ਵਾਲੀਆਂ ਸੰਭਾਵੀ ਚੁਣੌਤੀਆਂ ਨਾਲ ਨਜਿੱਠਣ ਲਈ ਵੀ ਤਿਆਰ ਬਰ ਤਿਆਰ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੂੰਦੜ ਭੈਣੀ ਤੋਂ ਇੱਕ ਹਾਈ ਰਿਸਕ ਗਰਭਵਤੀ ਮਹਿਲਾ ਨੂੰ ਐਮਰਜੈਂਸੀ ਡਾਕਟਰੀ ਸਹਾਇਤਾ ਦੀ ਲੋੜ ਹੋਣ ਬਾਰੇ ਕਾਲ ਆਈ ਸੀ ਜਿਸ ਤੇ ਤੁਰੰਤ ਐਕਸ਼ਨ ਲੈਂਦਿਆਂ ਐਮਰਜੈਂਸੀ ਮੈਡੀਕਲ ਟੀਮ ਨੂੰ ਐਨ ਡੀ ਆਰ ਐਫ ਦੇ ਸਹਿਯੋਗ ਨਾਲ ਕਿਸ਼ਤੀ ਰਾਹੀਂ ਹੜ੍ਹ ਦੇ ਪਾਣੀ ਨਾਲ ਘਿਰੇ ਘਰ ਵਿੱਚ ਭੇਜ ਕੇ ਮਹਿਲਾ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਿੰਨ ਰਾਹਤ ਕੇਂਦਰਾਂ ਵਿੱਚ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਲੋਕਾਂ ਤੱਕ ਖਾਣ- ਪੀਣ ਦੀਆਂ ਵਸਤੂਆਂ, ਪਸ਼ੂਆਂ ਲਈ ਹਰੇ ਚਾਰੇ ਤੇ ਫ਼ੀਡ ਪਹੁੰਚਾਉਣ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੂਨਕ ਵਿਖੇ ਸਥਿਤ ਦੋਵੇਂ ਵਸੇਬਾ ਕੇਂਦਰਾਂ ਵਿੱਚ ਪਹੁੰਚਾਏ ਲੋਕਾਂ ਨੂੰ ਵੀ ਹਰ ਲੋੜੀਂਦੀ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੂਨਕ ਤੇ ਖਨੌਰੀ ਵਿਚ ਫੌਗਿੰਗ ਕਰਵਾਉਣ ਦੇ ਨਾਲ-ਨਾਲ ਮੱਛਰਾਂ ਦੀ ਰੋਕਥਾਮ ਲਈ ਮੱਛਰਦਾਨੀਆਂ ਵੀ ਮੰਗਵਾਈਆਂ ਜਾ ਰਹੀਆਂ ਹਨ ਜੋ ਕਿ ਜਲਦ ਹੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਡੇਂਗੂ, ਮਲੇਰੀਆ ਜਿਹੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਨਿਤੇਸ਼ ਜੈਨ, ਈਓ ਖਨੌਰੀ ਵੀ ਹਾਜ਼ਰ ਸਨ।