PATIALA NEWS TODAY: ਪਾਤੜਾਂ ਤੋਂ ਖਨੌਰੀ ਜਾਣ ਵਾਲੇ ਪੁਲ ਵਾਲੇ ਰਸਤੇ ਦੀ ਵਰਤੋਂ ਨਾ ਕੀਤੀ ਜਾਵੇ : ਡਿਪਟੀ ਕਮਿਸ਼ਨਰ

 ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ 'ਚ ਪਾਣੀ ਨਾਲ ਨੁਕਸਾਨੇ ਪੁਲਾਂ ਦੀ ਤੁਰੰਤ ਮੁਰੰਮਤ ਕਰਨ ਦੇ ਆਦੇਸ਼

-ਪਟਿਆਲਾ ਦੀ ਵੱਡੀ ਨਦੀ ਸਮੇਤ ਵੱਖ ਵੱਖ ਨੁਕਸਾਨੇ ਪੁਲਾਂ ਦਾ ਲਿਆ ਜਾਇਜ਼ਾ

-ਪਾਤੜਾਂ ਤੋਂ ਖਨੌਰੀ ਜਾਣ ਵਾਲੇ ਪੁਲ ਵਾਲੇ ਰਸਤੇ ਦੀ ਵਰਤੋਂ ਨਾ ਕੀਤੀ ਜਾਵੇ : ਡਿਪਟੀ ਕਮਿਸ਼ਨਰ

ਪਟਿਆਲਾ, 13 ਜੁਲਾਈ:

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਤੜਕਸਾਰ ਪਟਿਆਲਾ ਦੀ ਵੱਡੀ ਨਦੀ ਸਮੇਤ ਜ਼ਿਲ੍ਹੇ ਵਿਚ ਪਾਣੀ ਨਾਲ ਨੁਕਸਾਨੇ ਪੁਲਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਤੁਰੰਤ ਪੁਲਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਪਾਣੀ ਨਾਲ ਜਿੰਨੇ ਵੀ ਪੁਲ ਨੁਕਸਾਨੇ ਗਏ ਹਨ ਤੇ ਜਿਨ੍ਹਾਂ ਕਰਕੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਰਿਪੇਅਰ ਕੀਤਾ ਜਾ ਰਿਹਾ ਹੈ।



ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਦੇਵੀਗੜ੍ਹ ਪੁਲ, ਪੁਰ ਪੁਲ, ਸਿਰਕਪੜਾ ਪੁਲ, ਹੰਡਿਆਣਾ ਪੁਲ ਤੇ ਵੱਡੀ ਨਦੀ ਦੇ ਪੁਲ ਦੀ ਰਿਪੇਅਰ ਦਾ ਕੰਮ ਤੁਰੰਤ ਪ੍ਰਭਾਵ ਨਾਲ ਸ਼ੁਰੂ ਕੀਤਾ ਜਾਵੇ ਅਤੇ ਜ਼ਿਲ੍ਹੇ ਦੇ ਸਾਰੇ ਪੁਲਾਂ ਦਾ ਸਬੰਧਤ ਵਿਭਾਗ ਆਪਣੀਆਂ ਟੀਮਾਂ ਭੇਜ ਕੇ ਨਿਰੀਖਣ ਵੀ ਕਰਵਾਉਣਾ ਯਕੀਨੀ ਬਣਾਉਣ, ਤਾਂ ਜੋ ਕਮਜ਼ੋਰ ਹੋਏ ਪੁਲਾਂ ਦੀ ਮਜ਼ਬੂਤੀ ਤੁਰੰਤ ਕਰਨੀ ਅਮਲ ਵਿੱਚ ਲਿਆਂਦੀ ਜਾਵੇ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਖੁਦ ਮੌਜੂਦਾ ਸਥਿਤੀ ਦਾ ਲਗਾਤਾਰ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਨੁਕਸਾਨੇ ਪੁਲਾਂ ਦੀ ਤੁਰੰਤ ਮੁਰੰਮਤ ਦੇ ਕੰਮਾਂ 'ਤੇ ਲੱਗਣ ਵਾਲੇ ਫੰਡਾਂ ਦੀ ਪੰਜਾਬ ਸਰਕਾਰ ਵਲੋਂ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਇਸ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀ ਕਾਰਵਾਈ ਅਮਲ ਵਿੱਚ ਲਿਆਉਣੀ ਯਕੀਨੀ ਬਣਾਉਣ ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਭੇਜਣ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਟਿਆਲਾ ਤੋਂ ਰਾਜਪੁਰਾ-ਚੰਡੀਗੜ੍ਹ ਜਾਣ ਵਾਲੇ ਰਾਹਗੀਰ ਵੱਡੀ ਨਦੀ ਨੇੜੇ ਟਰੱਕ ਯੂਨੀਅਨ ਵਾਲੇ ਰਸਤੇ ਦੀ ਵਰਤੋਂ ਨਾ ਕਰਨ। ਇਸ ਤੋਂ ਇਲਾਵਾ ਪਾਤੜਾਂ ਤੋਂ ਖਨੌਰੀ ਜਾਣ ਵਾਲੇ ਮੇਨ ਰਸਤੇ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਖਨੌਰੀ ਪੁਲ ਵੀ ਨੁਕਸਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ਦੇ ਲੋਕ ਘਰਾਂ ਤੋਂ ਬਾਹਰ ਘੱਟੋ-ਘੱਟ ਨਿਕਲਣ ਤਾਂ ਕਿ ਰਿਪੇਅਰ ਦੇ ਕੰਮ ਬਿਨ੍ਹਾਂ ਕਿਸੇ ਅੜਿੱਕੇ ਦੇ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾ ਸਕੇ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends