ਹੜ੍ਹਾਂ/ਫਲੱਡ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਠੀਕਰੀ ਪਹਿਰੇ ਲਗਾਉਣ ਦੇ ਆਦੇਸ਼ ਜਾਰੀ
--ਦਰਿਆਵਾਂ/ਨਹਿਰਾਂ/ਸੂਏ/ਸੇਮ ਨਾਲੇ ਆਦਿ ਦੇ ਬੰਨ੍ਹਾਂ ਦੀ ਰਾਖੀ ਲਈ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲਗਾਏ ਜਾਣ ਠੀਕਰੀ ਪਹਿਰੇ-ਜਿ਼ਲ੍ਹਾ ਮੈਜਿਸਟ੍ਰੇਟ
ਮੋਗਾ, 10 ਜੁਲਾਈ:
ਪੰਜਾਬ ਰਾਜ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਜਿਲ੍ਹਾ ਮੋਗਾ ਵਿੱਚ ਵੀ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਣ ਹੜ੍ਹ/ਫਲੈਂਡ ਦੇ ਹਾਲਾਤ ਬਣ ਰਹੇ ਹਨ ਅਤੇ ਆਮ ਲੋਕਾ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿ਼ਲ੍ਹਾ ਮੋਗਾ ਵਿਖੇ ਭਾਰੀ ਮੀਂਹ ਕਾਰਣ ਸਤਲੁਜ਼ ਦਰਿਆ, ਨਹਿਰਾਂ, ਸੂਏ, ਖੰਡਾਂ, ਸੇਮ ਨਾਲੇ ਆਦਿ ਵਿੱਚ ਪਾਣੀ ਲਗਾਤਾਰ ਵਧ ਰਿਹਾ ਹੈ। ਜਿਸ ਨਾਲ ਆਮ ਪਬਲਿਕ ਦੀ ਜਾਨ ਮਾਲ ਦੀ ਰਾਖੀ ਲਈ ਅਤੇ ਫਲੱਡ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਦਰਿਆਵਾਂ/ਨਹਿਰਾਂ/ਸੂਏ/ਸੇਮ ਨਾਲੇ ਆਦਿ ਦੇ ਬੰਨ੍ਹਾਂ ਦੀ ਰਾਖੀ ਲਈ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਠੀਕਰੀ ਪਹਿਰਾ ਲਗਾਉਣਾ ਜਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਨੇ ਕਰਦਿਆਂ ਦੱਸਿਆ ਕਿ ਉਕਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿਲੇਜ਼ ਤੇ ਸਮਾਲ ਟਾਊਨਜ਼-ਪੈਟਰੋਲ ਐਕਟ 1918 ਦੀ ਧਾਰਾ 3 ਅਤੇ ਫੌਜ਼ਦਾਰੀ ਜਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿ਼ਲ੍ਹਾ ਮੋਗਾ ਦੀ ਹਦੂਦ ਅੰਦਰ ਰਾਤ ਦੇ ਸਮੇਂ ਬਾਲਗ ਵਿਅਕਤੀਆਂ ਨੂੰ ਠੀਕਰੀ ਪਹਿਰੇ ਲਗਾਉਣ ਲਈ ਪਿੰਡਾਂ ਵਿੱਚ ਸਮੂਹ ਪੰਚਾਇਤਾਂ ਅਤੇ ਕਮੇਟੀਆਂ/ਬੋਰਡਾਂ/ ਟਰੱਸਟਾਂ ਦੇ ਮੁੱਖੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਦੀ ਪਾਲਣਾ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਪਿੰਡਾਂ ਵਿੱਚ ਅਤੇ ਸਮੂਹ ਕਾਰਜਸਾਧਕ ਅਫ਼ਸਰ ਸ਼ਹਿਰੀ ਖੇਤਰਾਂ ਵਿੱਚ ਕਰਵਾਉਣ ਦੇ ਜਿੰਮੇਵਾਰ ਹੋਣਗੇ। ਇਹ ਹੁਕਮ 31 ਅਗਸਤ, 2023 ਤੱਕ ਲਾਗੂ ਰੱਖੇ ਜਾਣਗੇ