ਸਿੱਖਿਆ ਵਿਭਾਗ ਸੈਂਟਰ ਹੈੱਡ ਟੀਚਰਜ਼ ਦੀ ਤਰੱਕੀਆਂ ਦੀ ਪ੍ਰਵਾਨਗੀ ਜਾਰੀ ਕਰਨਾ ਭੁੱਲਿਆ
12 ਜੁਲਾਈ ( pbjobsoftoday)
ਦਫ਼ਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਪੰਜਾਬ, ਐੱਸ ਏ ਐੱਸ ਨਗਰ ਵੱਲੋਂ ਜਾਰੀ ਮੀਮੋ ਨੰ 128455/2117 ਮਿਤੀ 07-07-2023 ਅਨੁਸਾਰ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐ ਸਿ) ਨੂੰ ਈ ਟੀ ਟੀ ਤੋਂ ਹੈੱਡ ਟੀਚਰਜ਼ (ਐੱਚ ਟੀ) ਦੀਆਂ ਤਰੱਕੀਆਂ ਦੀ ਪ੍ਰਵਾਨਗੀ ਜਾਰੀ ਕੀਤੀ ਹੈ ਪਰ ਵਿਭਾਗ ਪੱਤਰ ਜਾਰੀ ਕਰਨ ਵੇਲੇ ਐੱਚ ਟੀ ਤੋਂ ਸੈਂਟਰ ਹੈੱਡ ਟੀਚਰਜ਼ ਦੀਆਂ ਤਰੱਕੀਆਂ ਦੀ ਪ੍ਰਵਾਨਗੀ ਦੇਣੀ ਭੁੱਲ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਪਿਛਲੇ ਸਮਿਆਂ ਵਿੱਚ ਪ੍ਰਾਇਮਰੀ ਵਿਭਾਗ ਵਿੱਚ ਤਰੱਕੀਆਂ ਕਰਨ ਸਮੇਂ ਪਹਿਲਾਂ ਬੀ ਪੀ ਈ ਓ, ਫਿਰ ਸੈਂਟਰ ਹੈੱਡ ਟੀਚਰਜ਼ ਅਤੇ ਫਿਰ ਹੈੱਡ ਟੀਚਰਜ਼ ਦੀਆਂ ਤਰੱਕੀਆਂ ਕੀਤੀਆਂ ਜਾਂਦੀਆਂ ਸਨ, ਪਰ ਇਸ ਵਾਰ ਬੀ ਪੀ ਈ ਓ ਦੀਆਂ ਤਰੱਕੀਆਂ ਤੋਂ ਬਾਅਦ ਸੈਂਟਰ ਹੈੱਡ ਟੀਚਰਜ਼ ਦੀਆਂ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ, ਵਿਭਾਗ ਵੱਲੋਂ ਸਿੱਧਾ ਹੈੱਡ ਟੀਚਰਜ਼ ਦੀਆਂ ਤਰੱਕੀਆਂ ਕਰਨ ਦੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ ਜਿਸ ਪ੍ਰਤੀ ਹੈੱਡ ਟੀਚਰ ਵਰਗ ਵਿੱਚ ਨਿਰਾਸ਼ਾ ਹੈ। ਆਗੂਆਂ ਨੇ ਮੰਗ ਕੀਤੀ ਕਿ ਕਿਉਂਕਿ ਸੈਂਟਰ ਹੈੱਡ ਟੀਚਰਜ਼ ਦੀਆਂ ਤਰੱਕੀਆਂ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਹੀ ਕੀਤੀਆਂ ਜਾਂਦੀਆਂ ਹਨ ਇਸ ਲਈ ਹੈੱਡ ਟੀਚਰਜ਼ ਦੀਆਂ ਤਰੱਕੀਆਂ ਤੋਂ ਪਹਿਲਾਂ ਸੈਂਟਰ ਹੈੱਡ ਟੀਚਰਜ਼ ਦੀਆਂ ਤਰੱਕੀਆਂ ਕੀਤੀਆਂ ਜਾਣ, ਇਸ ਨਾਲ ਹੈੱਡ ਟੀਚਰਜ਼ ਦੀਆਂ ਖਾਲੀ ਅਸਾਮੀਆਂ ਵੀ ਵੱਧ ਮਿਲਣਗੀਆਂ ਅਤੇ ਵੱਧ ਅਧਿਆਪਕਾਂ ਨੂੰ ਤਰੱਕੀ ਦਾ ਮੌਕਾ ਮਿਲੇਗਾ।