ਡੀ ਸੀ ਆਸ਼ਿਕਾ ਜੈਨ ਨੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸੀਨੀਅਰ ਅਧਿਕਾਰੀਆਂ ਨੂੰ ਸਿਹਤ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਕਿਹਾ
ਪੀਣ ਵਾਲੇ ਪਾਣੀ ਦੀ ਵੱਡੇ ਪੱਧਰ ਤੇ ਸੈਂਪਲਿੰਗ ਦੇ ਆਦੇਸ਼
ਲੋਕਾਂ ਨੂੰ ਪੀਣ ਵਾਲਾ ਪਾਣੀ ਉਬਾਲ ਕੇ ਜਾਂ ਕਲੋਰੀਨ ਨਾਲ ਸੋਧ ਕੇ ਪੀਣ ਦੀ ਅਪੀਲ
ਐਸ.ਏ.ਐਸ.ਨਗਰ, 15 ਜੁਲਾਈ, 2023:
ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ, ਜੋ ਕਿ ਹੜ੍ਹਾਂ ਤੋਂ ਬਾਅਦ ਵੱਧ ਰਹੀਆਂ ਹਨ, ਤੋਂ ਜ਼ਿਲ੍ਹੇ ਦੇ ਲੋਕਾਂ ਨੂੰ ਬਚਾਉਣ ਲਈ, ਡਿਪਟੀ ਕਮਿਸ਼ਨਰ, ਆਸ਼ਿਕਾ ਜੈਨ ਨੇ ਆਪਣੇ-ਆਪਣੇ ਖੇਤਰਾਂ ਵਿੱਚ ਸਿਹਤ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਆਪਣੀ ਪ੍ਰਸ਼ਾਸਕੀ ਟੀਮ ਦੇ ਤਿੰਨ ਪ੍ਰਮੁੱਖ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ।
ਇਨ੍ਹਾਂ ਹੁਕਮਾਂ ਅਨੁਸਾਰ ਏ ਡੀ ਸੀ (ਜਨਰਲ) ਪਰਮਦੀਪ ਸਿੰਘ ਨੂੰ ਮੋਹਾਲੀ ਸਬ ਡਵੀਜ਼ਨ ਦੀ ਨਿਗਰਾਨੀ ਸੌਂਪੀ ਗਈ ਹੈ ਜਦ ਕਿ ਏ ਡੀ ਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੂੰ ਡੇਰਾਬੱਸੀ ਸਬ ਡਵੀਜ਼ਨ ਸਮੇਤ ਖਰੜ ਦੇ ਸ਼ਹਿਰੀ ਖੇਤਰ ਦੀ ਦੇਖ-ਰੇਖ ਸੌਂਪੀ ਗਈ ਹੈ। ਇਸੇ ਤਰ੍ਹਾਂ ਏ.ਡੀ.ਸੀ (ਪੇਂਡੂ ਵਿਕਾਸ) ਅਮਿਤ ਬੈਂਬੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਪੇਂਡੂ ਖੇਤਰ ਦਾ ਧਿਆਨ ਰੱਖਣਗੇ।
ਉਨ੍ਹਾਂ ਨੇ ਦੂਸ਼ਿਤ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡਾਇਰੀਆ (ਉਲਟੀਆਂ ਅਤੇ ਦਸਤ) ਅਤੇ ਹੈਜ਼ੇ ਤੋਂ ਇਲਾਵਾ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ (ਵੈਕਟਰ ਬੋਰਨ) ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦੇ ਫੈਲਣ ਦਾ ਖ਼ਦਸ਼ਾ ਜ਼ਾਹਰ ਕਰਦਿਆਂ ਇੰਚਾਰਜ ਅਧਿਕਾਰੀਆਂ ਨੂੰ ਸਿਹਤ, ਨਗਰ ਨਿਗਮ ਅਤੇ ਜਨ ਸਿਹਤ ਵਿਭਾਗ ਨਾਲ ਤਾਲਮੇਲ ਰੱਖਣ ਲਈ ਆਖਿਆ ਹੈ ਤਾਂ ਜੋ ਬਿਮਾਰੀ ਫੈਲਣ ਦੀ ਸੂਰਤ ਵਿੱਚ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਹੜ੍ਹਾਂ ਤੋਂ ਬਾਅਦ, ਪਾਣੀ ਖੜ੍ਹਨ ਦੀਆਂ ਸਮੱਸਿਆਵਾਂ, ਗੰਦਾ ਤੇ ਅਸ਼ੁੱਧ ਪਾਣੀ ਜਿੱਥੇ ਉਲਟੀਆਂ-ਦਸਤ ਤੇ ਹੈਜ਼ੇ ਜਿਹੀਆਂ ਬਿਮਾਰੀਆਂ ਅਤੇ ਖੜ੍ਹੇ ਪਾਣੀ ਵਿੱਚ ਮੱਛਰਾਂ ਦਾ ਲਾਰਵਾ ਬਣਨ ਕਾਰਨ ਡੇਂਗੂ, ਮਲੇਰੀਆ ਜਿਹੀਆਂ ਬਿਮਾਰੀਆਂ ਲੱਗਣ ਦਾ ਖਤਰਾ ਮੁਕਾਬਲਤਨ ਵਧ ਜਾਂਦਾ ਹੈ, ਇਸ ਲਈ ਸਾਨੂੰ ਸਮੇਂ ਸਿਰ ਰੋਕਥਾਮ ਉਪਾਅ ਕਰਕੇ ਆਪਣੇ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਉਣ ਲਈ ਸਾਵਧਾਨ ਕਰਦੇ ਰਹਿਣਾ ਚਾਹੀਦਾ ਹੈ।
ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪਾਣੀ ਨੂੰ ਸਿੱਧੇ ਤੌਰ 'ਤੇ ਨਾ ਪੀਣ, ਪਹਿਲਾਂ ਇਸ ਨੂੰ ਉਬਾਲਣ ਅਤੇ ਫਿਰ ਬੈਕਟੀਰੀਆ ਨੂੰ ਮਾਰਨ ਲਈ ਖਾਸ ਸਮੇਂ ਤੱਕ ਠੰਡਾ ਕਰਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰੀ ਜਲ ਸਪਲਾਈ ਵੱਲੋਂ ਕਲੋਰੀਨ ਨਾਲ ਪਾਣੀ ਨੂੰ ਸੋਧਿਆ ਜਾਂਦਾ ਹੈ, ਇਸੇ ਤਰ੍ਹਾਂ ਆਮ ਲੋਕ ਵੀ ਕਲੋਰੀਨ ਦੀਆਂ ਗੋਲੀਆਂ ਨਾਲ (ਸਾਵਧਾਨੀ ਵਰਤ ਕੇ) ਪਾਣੀ ਨੂੰ ਸੋਧ ਕੇ ਪੀ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਬਲੌਂਗੀ ਵਿੱਚ ਡਾਇਰੀਆ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਉੱਥੇ ਵਿਸ਼ੇਸ਼ ਮੈਡੀਕਲ ਜਾਂਚ ਕੀਤੀ ਗਈ ਤੇ ਇਹਤਿਆਤ ਵਜੋਂ ਜ਼ਿਲ੍ਹੇ ਵਿੱਚ ਪਾਣੀ ਦੀ ਸੈਂਪਲਿੰਗ ਤੇਜ਼ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਬਿਮਾਰੀਆਂ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ।