ਮਨੀਪੁਰ ਵਿੱਚ ਫਿਰਕੂ ਫਾਸ਼ੀਵਾਦੀ ਟੋਲਿਆਂ ਵੱਲੋਂ ਘੱਟ ਗਿਣਤੀ ਔਰਤਾਂ ਤੇ ਢਾਹੇ ਘਿਨਾਉਣੇ ਜੁਰਮਾਂ ਲਈ ਮੋਦੀ-ਸ਼ਾਹ ਸਰਕਾਰ ਜ਼ਿੰਮੇਵਾਰ - ਪਾਸਲਾ

 *ਮਨੀਪੁਰ ਵਿੱਚ ਫਿਰਕੂ ਫਾਸ਼ੀਵਾਦੀ ਟੋਲਿਆਂ ਵੱਲੋਂ ਘੱਟ ਗਿਣਤੀ ਔਰਤਾਂ ਤੇ ਢਾਹੇ ਘਿਨਾਉਣੇ ਜੁਰਮਾਂ ਲਈ ਮੋਦੀ-ਸ਼ਾਹ ਸਰਕਾਰ ਜ਼ਿੰਮੇਵਾਰ - ਪਾਸਲਾ*


*ਕਾਰਪੋਰੇਟ ਪੱਖੀ ਫਿਰਕੂ-ਫਾਸ਼ੀਵਾਦ ਨੂੰ ਹਰਾਉਣ ਲਈ ਖੱਬੀਆਂ, ਜਮਹੂਰੀ ਅਤੇ ਧਰਮਨਿਰਪੱਖ ਤਾਕਤਾਂ ਨੂੰ ਇਕੱਠੇ ਹੋਣ ਦਾ ਸੱਦਾ*


*ਆਰ ਐਮ ਪੀ ਆਈ ਫਿਰਕੂ ਫੁੱਟ ਤੇ ਦੇਸੀ-ਵਿਦੇਸ਼ੀ ਲੁੱਟ ਖਿਲਾਫ਼ ਵਿੱਢੇਗੀ ਤਿੱਖੇ ਸੰਘਰਸ਼ - ਦੌੜਕਾ*


ਨਵਾਂ ਸ਼ਹਿਰ 23 ਜੁਲਾਈ ( ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਜ਼ਿਲ੍ਹਾ ਸ਼. ਭ. ਸ. ਨਗਰ ਦੀ ਜਨਰਲ ਬਾਡੀ ਮੀਟਿੰਗ ਕਾਮਰੇਡ ਰੇਵਲ ਸਿੰਘ ਜਾਫ਼ਰਪੁਰ ਦੀ ਪ੍ਰਧਾਨਗੀ ਹੇਠ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂ ਸ਼ਹਿਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਤੌਰ ਤੇ ਪੁੱਜੇ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਫਿਰਕੂ-ਫਾਸ਼ੀਵਾਦੀ ਸ਼ਕਤੀਆਂ ਦੀਆਂ ਵੰਡਵਾਦੀ ਸਾਜ਼ਿਸ਼ਾਂ ਨੂੰ ਸਿਰੇ ਚੜ੍ਹਾਉਣ ਅਤੇ ਬੇਰਹਿਮ ਕਾਰਪੋਰੇਟੀ ਲੁੱਟ ਹੋਰ ਤਿੱਖੀ ਕਰਨ ਲਈ ਯਤਨਸ਼ੀਲ ਮੋਦੀ-ਸ਼ਾਹ ਸਰਕਾਰ ਵਿਰੁੱਧ ਦੇਸ਼ ਪੱਧਰ ’ਤੇ ਪ੍ਰਚੰਡ ਜਨ ਸੰਘਰਸ਼ ਵਿੱਢਣ ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਲੋਕ ਮਾਰੂ ਅਤੇ ਦੇਸ਼ ਵਿਰੋਧੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਖੱਬੀਆਂ, ਜਮਹੂਰੀ ਅਤੇ ਧਰਮਨਿਰਪੱਖ ਤਾਕਤਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਮਨੀਪੁਰ ਵਿੱਚ ਫਿਰਕੂ ਫਾਸ਼ੀਵਾਦੀ ਟੋਲਿਆਂ ਵੱਲੋਂ ਘੱਟ ਗਿਣਤੀ ਔਰਤਾਂ ਨੂੰ ਅਗਵਾ ਕਰਕੇ ਨਿਰਵਸਤਰ ਕਰਨ, ਸਮੂਹਿਕ ਬਲਾਤਕਾਰ ਕਰਕੇ ਕਤਲ ਕਰਨ ਦੇ ਘਿਨਾਉਣੇ ਜੁਰਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਉਨ੍ਹਾਂ ਮੋਦੀ-ਸ਼ਾਹ ਸਰਕਾਰ ਵਲੋਂ ਧਾਰੀ ਚੁੱਪ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮਨੀਪੁਰ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਇਨ੍ਹਾਂ ਘਟਨਾਵਾਂ ਦੇ ਰੋਸ ਵਜੋਂ 24-25 ਜੁਲਾਈ ਨੂੰ ਕਾਲ਼ੇ ਬਿੱਲੇ ਲਗਾਉਣ ਦਾ ਸੱਦਾ ਦਿੱਤਾ।

       


    ਮੀਟਿੰਗ ਦੇ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਕਮੇਟੀ ਮੈਂਬਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਉਪਰੋਕਤ ਸੇਧ ਵਿੱਚ ਵਿਸ਼ਾਲ ਲੋਕ ਲਾਮਬੰਦੀ ਦੇ ਉਦੇਸ਼ ਤਹਿਤ 28 ਜੁਲਾਈ ਨੂੰ ਬਰਨਾਲਾ ਅਤੇ 6 ਅਗਸਤ ਨੂੰ ਜਲੰਧਰ ਵਿਖੇ ਭਰਵੀਆਂ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕਾਈ ਨੂੰ ਕਾਰਪੋਰੇਟ ਪੱਖੀ ਫਿਰਕੂ-ਫਾਸ਼ੀ ਸੱਤਾ ਦੇ ਤਬਾਹਕੁੰਨ ਮਨਸੂਬਿਆਂ ਤੋਂ ਜਾਣੂੰ ਕਰਵਾਉਣ ਲਈ ਪਾਰਟੀ ਦੇ ਦੋ ਜਥੇ ਸਤੰਬਰ ਮਹੀਨੇ ਦੇ ਪਹਿਲੇ ਪੰਦਰਵਾੜੇ ਦੌਰਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸ਼ਾਲ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਉਕਤ ਚੇਤਨਾ ਮਾਰਚਾਂ ਰਾਹੀਂ ਮੋਦੀ ਸਰਕਾਰ ਦੀਆਂ ਦੇਸ਼ ਦੇ ਆਮ ਲੋਕਾਂ, ਖਾਸ ਕਰ ਕੇ ਸ਼ਹਿਰੀ ਤੇ ਪੇਂਡੂ ਮਜਦੂਰਾਂ, ਖੇਤੀ ਕਾਮਿਆਂ ਅਤੇ ਗਰੀਬ ਕਿਸਾਨਾਂ, ਜਿਨ੍ਹਾਂ ਵਿੱਚ ਹਰ ਧਰਮ, ਜਾਤੀ, ਭਾਸ਼ਾ ਅਤੇ ਖਿੱਤੇ ਨਾਲ ਸਬੰਧਤ ਸ਼ਾਮਲ ਹਨ, ਨੂੰ ਕੰਗਾਲ ਕਰਕੇ ਅਡਾਨੀ-ਅੰਬਾਨੀ ਜਿਹੇ ਕਾਰਪੋਰੇਟ ਲੋਟੂਆਂ ਅਤੇ ਇਨ੍ਹਾਂ ਦੇ ਵਿਦੇਸ਼ੀ ਜੋਟੀਦਾਰਾਂ ਦੇ ਹਿੱਤ ਪੂਰੇ ਕਰਨ ਵਾਲੀਆਂ ਨੀਤੀਆਂ ਤੋਂ ਵੀ ਲੋਕਾਈ ਨੂੰ ਚੌਕਸ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬਦਲਵੀਆਂ ਲੋਕ ਪੱਖੀ ਨੀਤੀਆਂ 'ਤੇ ਆਧਾਰਿਤ ਹਕੀਕੀ ਰਾਜਸੀ ਬਦਲ ਦਾ ਖਾਕਾ ਵੀ ਲੋਕਾਂ ਸਾਹਵੇਂ ਰੱਖਿਆ ਜਾਵੇਗਾ। 

ਬਦਲਾਅ ਦੇ ਨਾਂ ’ਤੇ ਵੋਟਰਾਂ ਨੂੰ ਧੋਖਾ ਦੇ ਕੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ ਭਗਵੰਤ ਮਾਨ ਸਰਕਾਰ ਦੇ ਨਸ਼ਾ ਤਸਕਰਾਂ ਸਮੇਤ ਹਰ ਕਿਸਮ ਦੇ ਮਾਫੀਆ ਗ੍ਰੋਹਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਲੋਕ ਦੋਖੀ ਕਿਰਦਾਰ, ਲੋਕ ਮਾਰੂ ਨੀਤੀਆਂ, ਅਮਨ ਕਾਨੂੰਨ ਦੀ ਚਿੰਤਾਜਨਕ ਸਥਿਤੀ ਅਤੇ ਰੱਦੀ ਪ੍ਰਸ਼ਾਸਨਿਕ ਕਾਰਗੁਜ਼ਾਰੀ ਨੂੰ ਵੀ ਲੋਕਾਂ ’ਚ ਬੇਪਰਦ ਕੀਤਾ ਜਾਵੇਗਾ। ਕਰਜ਼ੇ ਦੇ ਬੋਝ ਥੱਲੇ ਦੱਬੇ ਸੂਬੇ ਦਾ ਧਨ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ' ਆਪ' ਦੇ ਪਸਾਰੇ ਲਈ ਲੁਟਾਏ ਜਾਣ ਤੋਂ ਵੀ ਪੰਜਾਬੀਆਂ ਨੂੰ ਜਾਣੂੰ ਕਰਵਾਇਆ ਜਾਵੇਗਾ। 

       ਲੁੱਟ ਦਾ ਨਿਜਾਮ ਕਾਇਮ ਰੱਖਣ ਲਈ ਲੋਕ ਦੋਖੀ ਤਾਕਤਾਂ ਵੱਲੋਂ ਉਛਾਲੇ ਜਾ ਰਹੇ ਬੇਲੋੜੇ-ਜਜਬਾਤੀ ਮੁਦਿਆਂ ਤੋਂ ਖਹਿੜਾ ਛੁਡਾ ਕੇ ਲੋਕਾਈ ਨੂੰ ਜਾਨਲੇਵਾ ਮਹਿੰਗਾਈ ਤੇ ਬੇਰੁਜ਼ਗਾਰੀ ਖਤਮ ਕਰਨ, ਸਮੁੱਚੀ ਵਸੋਂ ਨੂੰ ਇਕਸਾਰ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਅਤੇ ਪੀਣ ਵਾਲਾ ਸਵੱਛ ਪਾਣੀ ਮੁਫਤ ਦਿੱਤੇ ਜਾਣ, ਸਮਾਜਿਕ ਸੁਰੱਖਿਆ, ਐਮ ਐਸ ਪੀ ਅਤੇ ਜਨਤਕ ਵੰਡ ਪ੍ਰਣਾਲੀ ਦੀ ਗਰੰਟੀ ਕਰਨ ਆਦਿ ਬੁਨਿਆਦੀ ਮੰਗਾਂ ਪੂਰੀਆਂ ਕਰਾਉਣ ਲਈ ਆਰ-ਪਾਰ ਦੇ ਘੋਲਾਂ ’ਚ ਨਿਤਰਨ ਦੀ ਅਪੀਲ ਕੀਤੀ ਜਾਵੇਗੀ। ਮੀਟਿੰਗ ਵਿੱਚ ਧਰਮ ਨਿਰਪੱਖ ਅਤੇ ਜਮਹੂਰੀ ਭਾਰਤ ਨੂੰ ਮਨੂੰ ਸਿਮਰਤੀ ਦੇ ਚੌਖਟੇ ਵਾਲੇ ਧਰਮ ਆਧਾਰਿਤ ਕੱਟੜ ਹਿੰਦੂ ਰਾਸ਼ਟਰ ’ਚ ਤਬਦੀਲ ਕਰਨ ਦੇ ਆਰ.ਐਸ.ਐਸ. ਦੇ ਕੋਝੇ ਨਿਸ਼ਾਨੇ ਦੀ ਪੂਰਤੀ ਲਈ ਧਰਮਾਂ-ਜਾਤਾਂ ਦੀ ਵੰਡ ਤੇਜ਼ ਕਰਨ ਵਾਸਤੇ ਸੰਘ ਪਰਿਵਾਰ ਦੇ ਖਰੂਦੀ ਗ੍ਰੋਹਾਂ ਵੱਲੋਂ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਤੇ ਈਸਾਈਆਂ ਅਤੇ ਦਲਿਤਾਂ-ਇਸਤਰੀਆਂ ’ਤੇ ਢਾਏ ਜਾ ਰਹੇ ਅਕਹਿ ਜੁਲਮਾਂ ਦਾ ਗੰਭੀਰ ਨੋਟਿਸ ਲੈਂਦਿਆਂ ਇਹ ਗੱਲ ਡੂੰਘੀ ਚਿੰਤਾ ਨਾਲ ਨੋਟ ਕੀਤੀ ਹੈ ਕਿ ਇਨ੍ਹਾਂ ਹਿੰਸਕ ਟੋਲਿਆਂ ਦੇ ਉਕਤ ਕਾਰਿਆਂ ਨਾਲ ਲੱਖਾਂ ਕੁਰਬਾਨੀਆਂ ਸਦਕਾ ਹਾਸਲ ਕੀਤੀ ਦੇਸ਼ ਦੀ ਆਜ਼ਾਦੀ, ਏਕਤਾ ਅਤੇ ਅਖੰਡਤਾ ਲਈ ਵੀ ਗੰਭੀਰ ਖਤਰੇ ਖੜ੍ਹੇ ਹੋ ਰਹੇ ਹਨ। ਮੀਟਿੰਗ ਦੀ ਰਾਇ ਹੈ ਕਿ ਖਾਲਿਸਤਾਨੀ ਅਨਸਰਾਂ ਵੱਲੋਂ ਵਿਦੇਸ਼ਾਂ ਅੰਦਰ ਭਾਰਤੀ ਸਫਾਰਤਖਾਨਿਆਂ ਸਾਹਮਣੇ ਕੀਤੇ ਜਾ ਰਹੇ ਵਿਖਾਵੇ ਅਤੇ ਭੜਕਾਊ ਕਾਰਵਾਈਆਂ ਦੇਸ਼-ਵਿਦੇਸ਼ ’ਚ ਵੱਸਦੇ ਸਿੱਖ ਭਰਾਵਾਂ ਲਈ ਭਾਰੀ ਚਿੰਤਾਵਾਂ ਖੜ੍ਹੀਆਂ ਕਰਨ ਦੇ ਨਾਲ-ਨਾਲ ਭਾਰਤ ਅੰਦਰ ਸਿੱਖਾਂ ਨੂੰ ਬਦਨਾਮ ਕਰਨ ’ਤੇ ਤੁਲੀਆਂ, ਘੱਟ ਗਿਣਤੀਆਂ ਵਿਰੋਧੀ ਫਿਰਕੂ ਤਾਕਤਾਂ ਨੂੰ ਬਲ ਬਖਸ਼ਦੀਆਂ ਹਨ।

          ਮੀਟਿੰਗ ਦੇ ਸ਼ੁਰੂ ਵਿੱਚ ਇਨਕਲਾਬੀ ਲੇਖਕ ਹਰਭਜਨ ਸਿੰਘ ਹੁੰਦਲ, ਉੜੀਸਾ ਰੇਲ ਹਾਦਸੇ, ਮਨੀਪੁਰ ਵਿਚਲੀ ਹਿੰਸਾ ’ਚ ਮਾਰੇ ਗਏ ਨਿਰਦੋਸ਼ ਲੋਕਾਂ, ਉੱਘੇ ਅੰਬੇਦਕਰੀ ਵਿਦਵਾਨ ਤੇ ਮਿਸਾਲੀ ਰਹਿਬਰ ਲਾਹੌਰੀ ਰਾਮ ਬਾਲੀ ਅਤੇ ਡਾ ਅਮਰ ਸਿੰਘ ਆਜ਼ਾਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

        ਮੀਟਿੰਗ ਵਿੱਚ ਕਮਿਊਨਿਸਟ ਆਗੂ ਹੁਸਨ ਸਿੰਘ ਮਾਂਗਟ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ, ਡਾ ਸੁਸ਼ੀਲ ਕੁਮਾਰ, ਸੁਰਿੰਦਰ ਭੱਟੀ, ਹਰਿ ਬਿਲਾਸ, ਕਰਨੈਲ ਸਿੰਘ, ਹਰਨੇਕ ਬੀਕਾ, ਸੋਹਣ ਸਿੰਘ, ਰਸ਼ਪਾਲ, ਕਮਲਜੀਤ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਸੋਢੀ ਰਾਮ ਸਰਪੰਚ, ਬਲਕਾਰ ਸਿੰਘ, ਜੀਵਨ ਸਿੰਘ, ਰੇਸ਼ਮ ਸਿੰਘ, ਪਾਲੀ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends