ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀਆਂ ਵੱਖ-ਵੱਖ ਮੋਬਾਇਲ ਐਪ ਬਾਰੇ ਈ.ਆਰ.ਓਜ਼, ਏ.ਈ.ਆਰ.ਓਜ਼ ਤੇ ਬੀ.ਐਲ.ਓਜ਼ ਨੂੰ ਦਿੱਤੀ ਸਿਖਲਾਈ
- ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਏ.ਡੀ.ਸੀ. (ਜ) ਹਰਜੋਤ ਕੌਰ ਨੇ ਚੋਣ ਕਮਿਸ਼ਨ ਦੇ ਆਦੇਸ਼ਾਂ ਤੋਂ ਕਰਵਾਇਆ ਜਾਣੂ
- ਬਿਨਾਂ ਕਿਸੇ ਤਰੁੱਟੀ ਤੋਂ ਵੋਟਰ ਸੂਚੀਆਂ ਤਿਆਰ ਕਰਨ ਬਾਰੇ ਸਬੰਧਤਾਂ ਨੂੰ ਦਿੱਤੇ ਆਦੇਸ਼
ਫ਼ਤਹਿਗੜ੍ਹ ਸਾਹਿਬ, 13 ਜੁਲਾਈ ( Pbjobsoftoday)
ਭਾਰਤ ਦੇ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀਆਂ ਵੱਖ-ਵੱਖ ਮੋਬਾਇਲ ਐਪ ਅਤੇ ਹੋਰ ਆਦੇਸ਼ਾਂ ਬਾਰੇ ਜ਼ਿਲ੍ਹੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰਾਂ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰਾਂ, ਬੂਥ ਲੈਵਲ ਅਫਸਰਾਂ, ਸੁਪਰਵਾਈਜ਼ਰਾਂ ਤੇ ਮਾਸਟਰ ਟਰੇਨਰਾਂ ਨੂੰ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਹਰਜੋਤ ਕੌਰ ਨੇ ਬੱਚਤ ਭਵਨ ਵਿਖੇ ਟਰੇਨਿੰਗ ਦਿੱਤੀ। ਉਨ੍ਹਾਂ ਵੱਖ-ਵੱਖ ਮੋਬਾਇਲ ਐਪ ਜਿਵੇਂ ਕਿ ਬੀ.ਐਲ.ਓ.ਐਪ, ਐਰੋਨੈੱਟ ਐਪ, ਗਰੁੜ ਐਪ, ਸੀ ਵਿਜਿਲ ਐਪ, ਸਕਸ਼ਮ ਐਪ, ਵੋਟਰ ਹੈਲਪ ਲਾਇਨ, ਬੂਥ ਐਪ, ਪੀ.ਡਬਲਯੂ.ਡੀ. ਐਪ, ਵੋਟਰ ਟਰਨ ਆਉਟ ਆਦਿ ਬਾਰੇ ਵਿਸਥਾਰ ਸਹਿਤ ਦੱਸਿਆ।
ਇਸ ਮੌਕੇ ਸ਼੍ਰੀਮਤੀ ਹਰਜੋਤ ਕੌਰ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ ਹਲਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਜਿਵੇਂ ਕਿ ਮੈਂਬਰ ਲੋਕ ਸਭਾ, ਵਿਧਾਇਕ ਅਤੇ ਹੋਰ ਵਿਅਕਤੀਆਂ ਦੀਆਂ ਵੋਟਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਵੋਟ ਪਾਉਣ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਵੋਟਰ ਕੱਟਣ ਤੋਂ ਪਹਿਲਾਂ ਸਬੰਧਤ ਵਿਅਕਤੀ ਨੂੰ 07 ਦਿਨ ਦਾ ਨੋਟਿਸ ਦੇਣਾ ਯਕੀਨੀ ਬਣਾਇਆ ਜਾਵੇ।
ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਬਿਨਾਂ ਕਿਸੇ ਤਰੁੱਟੀ ਤੋਂ ਤਿਆਰ ਕਰਨ ਵਾਸਤੇ ਸ਼ੁਰੂ ਕੀਤੇ ਜਾ ਰਹੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਪ੍ਰੋਗਰਾਮ ਵਿੱਚ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ ਜਾਵੇ ਤਾਂ ਜੋ ਵੋਟਰ ਸੂਚੀਆਂ ਬਿਨਾਂ ਕਿਸੇ ਤਰੁੱਟੀ ਤੋਂ ਤਿਆਰ ਹੋ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਤਰੁੱਟੀ ਤੋਂ ਵੋਟਰ ਸੂਚੀਆਂ ਤਿਆਰ ਕਰਨ ਵਾਸਤੇ ਸ਼ੁਰੂ ਕੀਤੇ ਜਾ ਰਹੇ ਡੋਰ ਟੂ ਡੋਰ ਸਰਵੇ ਵਿੱਚ ਨਿੱਜੀ ਧਿਆਨ ਦਿੱਤਾ ਜਾਵੇ ਤਾਂ ਜੋ ਵੋਟਰਾਂ ਦੇ ਨਾਮ, ਰਿਹਾਇਸ਼ੀ ਪਤੇ ਜਾਂ ਕਿਸੇ ਹੋਰ ਤਰ੍ਹਾਂ ਦੀ ਤਰੁੱਟੀ ਨਾ ਰਹੇ।
ਸ਼੍ਰੀਮਤੀ ਹਰਜੋਤ ਕੌਰ ਨੇ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਜਿਹੜੇ ਹਲਕੇ ਜ਼ਾਂ ਪਿੰਡਾਂ ਵਿੱਚ ਵੋਟਾਂ ਪੈਣ ਦੀ ਦਰ ਘੱਟ ਨਜ਼ਰ ਆਵੇ ਉਥੇ ਸਵੀਪ ਪ੍ਰੋਗਰਾਮ ਅਧੀਨ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਵੋਟਾਂ ਪੈਣ ਦੀ ਦਰ ਵਿੱਚ ਸੁਧਾਰ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੌਰਾਨ ਸੁਪਰਵਾਈਜ਼ਰ ਆਪੋ ਆਪਣੇ ਬੂਥ ਲੈਵਲ ਅਫਸਰ ਨਾਲ ਰਾਵਤਾ ਬਣਾ ਕੇ ਰੱਖਣ ਅਤੇ ਜੇਕਰ ਕੋਈ ਪ੍ਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਉਸ ਬਾਰੇ ਤੁਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇ।
ਮੀਟਿੰਗ ਵਿੱਚ ਵਿਧਾਨ ਸਭਾ ਹਲਕਾ 54-ਬਸੀ ਪਠਾਣਾ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਐਸ.ਡੀ.ਐਮ. ਸ਼੍ਰੀ ਅਸ਼ੋਕ ਕੁਮਾਰ, ਵਿਧਾਨ ਸਭਾ ਹਲਕਾ 56-ਅਮਲੋਹ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਐਸ.ਡੀ.ਐਮ. ਸ਼੍ਰੀ ਗੁਰਵਿੰਦਰ ਸਿੰਘ ਜੋਹਲ, ਸਹਾਇਕ ਕਮਿਸ਼ਨਰ (ਜ) ਸ਼੍ਰੀ ਅਭਿਸ਼ੇਕ ਸ਼ਰਮਾ, ਚੋਣ ਤਹਿਸੀਲਦਾਰ ਸ਼੍ਰੀਮਤੀ ਨਿਰਮਲਾ ਦੇਵੀ, ਚੋਣ ਕਾਨੂੰਗੋ ਸ਼੍ਰੀਮਤੀ ਕੁਲਵਿੰਦਰ ਕੌਰ, ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਬਾਦਲਦੀਨ, ਤਹਿਸੀਲਦਾਰ ਅਮਲੋਹ ਅੰਕਿਤਾ ਅਗਰਵਾਲ ਤੋਂ ਇਲਾਵਾ ਹੋਰ ਅਧਿਕੀ ਵੀ ਮੌਜੂਦ ਸਨ।